ਤਰਕਸ਼ੀਲਾਂ ਵਲੋਂ ਜੋਤਸ਼ੀਆਂ ਦੀ ਪੁਲਿਸ ਨੂੰ ਸ਼ਿਕਾਇਤ ਉਪਰੰਤ ਜੋਤਸ਼ੀ ਹੋਏ ਰਫੂ-ਚੱਕਰ
ਮਾਲੇਰਕੋਟਲਾ, 6 ਫਰਵਰੀ (ਡਾ.ਮਜੀਦ ਅਜਾਦ): ਪਿਛਲੇ ਕੁੱਝ ਸਮੇਂ ਤੋਂ ਮਾਲੇਰਕੋਟਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪੰਡਤ ਚੰਦਰਕਾਂਤ ਸ਼ਾਸਤਰੀ ਦੁਆਰਾ ਮਹਾਂਕਾਲੀ ਜੋਤਿਸ਼ ਕੇਂਦਰ ਅਤੇ ਪੰਡਤ ਪ੍ਰਸਾਂਤ ਸ਼ਰਮਾ ਵਲੋਂ ਗਨੇਸ਼ ਜੋਤਿਸ਼ ਦਰਬਾਰ ਦੇ ਨਾਮ ਹੇਠ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਦੇ ਇਸ਼ਤਿਹਾਰ
ਲਗਾਤਾਰ ਅਖਵਾਰਾਂ ਅਤੇ ਪੈਂਫਲਟ ਜਾਰੀ ਕੀਤੇ ਜਾ ਰਹੇ ਸਨ, ਜਿਸ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਜਿਵੇਂ ਸੰਤਾਨ ਦਾ ਨਾ ਹੋਣਾ, ਪ੍ਰੇਮ ਵਿਆਹ, ਵਿਦੇਸ਼ ਯਾਤਰਾ, ਗਰੀਨ ਕਾਰਡ ਵਿੱਚ ਰੁਕਾਵਟ, ਘਰੇਲੂ-ਕਲੇਸ਼, ਗੁਪਤ ਬਿਮਾਰੀ, ਨੌਕਰੀ ਵਿੱਚ ਤਰੱਕੀ ਅਤੇ ਤਬਾਦਲਾ, ਕੀਤਾ ਕਰਾਇਆ, ਫਸਲ ਵਿੱਚ ਨੁਕਸਾਨ, ਸੌਤਨ ਤੋਂ ਛੁਟਕਾਰਾ, ਮੰਗਲੀਕ ਦੋਸ਼, ਆਰਥਿਕ ਮਾਨਸਿਕ ਪਰਿਵਾਰਿਕ ਸਮਸਿਆਵਾਂ ਦਾ ਇਸ਼ਟ ਵਿਧੀ ਰਾਹੀਂ ਹੱਲ ਆਦਿ ਦੇ 101% ਗਾਰੰਟੀ ਨਾਲ ਹੱਲ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ.
ਇਸ ਤਰਾਂ ਗੁਮਰਾਹ-ਕੁੰਨ ਇਸ਼ਤਹਾਰਬਾਜੀ ਕਰਨ ਦਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰਕੋਟਲਾ ਨੇ ਗੰਭੀਰ ਨੋਟਿਸ ਲਿਆ ਅਤੇ ਇਸ ਦੀ ਲਿਖਤੀ ਸ਼ਿਕਾਇਤ ਲੈਕੇ ਸੁਸਾਇਟੀ ਦਾ ਡੈਲੀਗੇਸ਼ਨ ਸਥਾਨਕ ਐਸ.ਪੀ. ਜਸਵਿੰਦਰ ਸਿੰਘ ਨੂੰ ਮਿਲਿਆ ਅਤੇ ਉਹਨਾਂ ਦੇ ਨਾਮ ਉਸ਼ਵਿੰਦਰ ਰੁੜਕਾ ਵਲੋਂ ਜੋਤਸ਼ੀ ਵਿਰੁੱਧ ਅਰਜੀ ਨਰਿੰਦਰ ਭੱਲਾ ਨੂੰ ਸੌਂਪੀ ਗਈ,ਅਰਜੀ ਵਿੱਚ ਉਹਨਾਂ ਕਥਿੱਤ ਜੋਤਸ਼ੀਆਂ ਦੁਆਰਾ ਕੀਤੀ ਜਾ ਰਹੀ ਗੁਮਰਾਕੁੰਨ ਇਸ਼ਤਹਾਰਬਾਜੀ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਸੀ. ਅਜਿਹੇ ਪੈਂਫਲਟ ਛਾਪਣਾ ਅਤੇ ਵੰਡਣਾ ਕਾਨੁੰਨੀ ਦੰਡਯੋਗ ਅਪਰਾਧ ਹੈ. ਜੋਤਸੀ ਅਤੇ ਪੈਂਫਲਟ ਦੇ ਛਾਪਕ ਵਿਰੁੱਧ ਡਰਗਜ ਐਂਡ ਮੈਜਿਕ ਰੈਮੇਡੀਜ ਐਕਟ 1954 ਦੀ ਧਾਰਾ 3, 5, 7-ਆਰ, ਡਬਲਿਊ ਸ਼ਡਿਊਲ ਅਧੀਨ ਪਰਜਾ ਦਰਜ ਕਰਨ ਦੀ ਮੰਗ ਕੀਤੀ. ਐਸ.ਪੀ. ਦਫਤਰ ਵਲੋਂ ਇਹ ਅਰਜੀ ਐਸ.ਐਚ.ੳ. ਸਿਟੀ 2 ਨੂੰ ਭੇਜ ਦਿੱਤੀ ਗਈ ਸੀ.
ਇਸ ਦੀ ਭਿਣਕ ਪੈਂਦਿਆ ਹੀ ਕਥਿੱਤ ਤਾਂਤਰਿਕਾਂ ਨੇ ਆਪਣੇ ਦਫਤਰ ਬੰਦ ਕਰ ਦਿੱਤੇ, ਵਿਕਰਾਂਤ ਪੈਲੇਸ ਵਿੱਚ ਬੈਠਾ ਤਾਂਤਰਿਕ ਰਾਜਸਥਾਨ ਵਾਪਿਸ ਚਲਾ ਗਿਆ ਹੈ, ਅਤੇ ਗਨੇਸ਼ ਜੋਤਿਸ਼ ਦਰਬਾਰ ਦਾ ਫਲੈਕਸ ਬੋਰਡ ਵੀ ਸ਼ਹਿਰ ਚੋਂ ਗਾਇਬ ਹੋ ਗਿਆ ਹੈ. ਇਸ ਤੋਂ ਸਿੱਧ ਹੁੰਦਾ ਹੈ ਕਿ ਦੋਵੇਂ ਤਾਂਤਰਿਕ ਆਪਣੇ ਦਫਤਰ ਛੱਡ ਕੇ ਦੌੜ ਚੁੱਕੇ ਹਨ. ਇਸ ਸਬੰਧ ਵਿੱਚ ਗੱਲ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਜੋਨ ਮੀਡੀਆ ਮੁਖੀ ਡਾ. ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਲੋਕ ਅਜਿਹੀ ਗੁਮਰਾਹਕੁੰਨ ਇਸ਼ਤਿਹਾਰਬਾਜੀ ਤੋਂ ਚੇਤੰਨ ਰਹਿਣ, ਕਿਸੇ ਵੀ ਧਾਗੇ-ਤਬੀਤ ਵਾਲੇ ਜਾਂ ਕਿਸੇ ਤਾਂਤਰਿਕ ਕੋਲ ਕਿਸੇ ਤਰਾਂ ਦੀ ਕੋਈ ਚਮਤਕਾਰੀ ਸ਼ਕਤੀ ਨਹੀਂ ਹੈ. ਜੋਤਸ਼, ਧਾਗਾ-ਤਬੀਤ, ਕੁੰਡਲੀਆਂ ਆਦਿ ਲੋਕਾਂ ਦੀ ਜੇਬ ਚੋਂ ਪੈਸੇ ਕਢਵਾਉਣ ਦੇ ਹੀ ਹੱਥਕੰਡੇ ਹਨ.
ਉਹਨਾਂ ਅੱਗੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਜੋਤਸ਼ੀਆਂ, ਬਾਬਿਆਂ ਲਈ 5 ਲੱਖ ਰੁਪਏ ਦਾ ਇਨਾਮ ਦਾ ਖੁੱਲਾ ਚੈਲੰਜ ਹੈ, ਕੋਈ ਵੀ ਜੋਤਸੀ ਇਹ ਚੈਲੰਜ ਕਬੂਲ ਕਰਕੇ 5 ਲੱਖ ਰੁਪਏ ਦਾ ਸੁਸਾਇਟੀ ਦਾ ਇਨਾਮ ਜਿੱਤ ਸਕਦਾ ਹੈ. ਇਸ ਕਾਰਜ ਨੂੰ ਸਿਰੇ ਚੜਾਉਣ ਵਿੱਚ ਤਰਕਸੀਲ ਸੁਸਾਇਟੀ ਦੇ ਮਾਸਟਰ ਹਰੀ ਸਿੰਘ ਰੋਹੀੜਾ, ਮੁਖੀ ਮਾਨਸਿਕ ਸਿਹਤ ਵਿਭਾਗ, ਸਰਾਜ ਅਨਵਰ, ਪਰੈਸ ਸਰਕੱਤਰ, ਨਰਿੰਦਰ ਕਾਨਗੋ, ਅਸਲਮ ਨਾਜ ਨੇ ਵਿਸੇਸ਼ ਭੂਮਿਕਾ ਨਿਭਾਈ.