ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ
ਉਸਾਰੂ ਸਾਹਿਤ, ਵਿਗਿਆਨਕ ਸੋਚ, ਪੱਤਰਕਾਰੀ ਅਤੇ ਸਿਹਤ ਬਾਰੇ ਸੈਮੀਨਾਰ ਹੋਣਗੇ ਮੇਲੇ ਦਾ ਹਿੱਸਾ
ਬਰਨਾਲਾ, 11 ਅਗਸਤ 2026 (ਸੁਮੀਤ ਅੰਮ੍ਰਿਤਸਰ); ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ. ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ
ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ।
ਇਸ ਸਬੰਧੀ ਹੋਈ ਸੂਬਾ ਕਮੇਟੀ ਦੀ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਸੂਬਾ ਕਮੇਟੀ ਆਗੂਆਂ ਹੇਮ ਰਾਜ ਸਟੈਨੋਂ, ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ 21 ਅਗਸਤ ਨੂੰ ਡਾ. ਦਾਭੋਲਕਰ ਦੀ ਬੇਟੀ ਡਾ. ਮੁਕਤਾ ਦਾਭੋਲਕਰ ਪੁਸਤਕ ਮੇਲੇ ਦਾ ਉਦਘਾਟਨ ਕਰਨ ਉਪਰੰਤ ‘ਮਹਾਂਰਾਸ਼ਟਰ ਦੀ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਕਾਰਜ, ਪ੍ਰਾਪਤੀਆਂ ਅਤੇ ਚੁਣੌਤੀਆਂ’ ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ। ਦੂਜੇ ਸੈਸ਼ਨ ਵਿੱਚ ਪ੍ਰਸਿੱਧ ਸਿਹਤ ਮਾਹਿਰਾਂ ਡਾ. ਅੰਮ੍ਰਿਤਪਾਲ ਸਿੰਘ, ਡਾ. ਜਗਰੂਪ ਸਿੰਘ ਅਤੇ ਡਾ. ਜਸ਼ਨਪ੍ਰੀਤ ਸਿੰਘ ਵੱਲੋਂ ‘ਆਮ ਬਿਮਾਰੀਆਂ ਨਾਲ ਜੁੜੇ ਮਿੱਥ ਅਤੇ ਉਨ੍ਹਾਂ ਦਾ ਵਿਗਿਆਨਕ ਸੱਚ’ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। 22 ਅਗਸਤ ਨੂੰ ਪਹਿਲੇ ਸੈਸ਼ਨ ਵਿੱਚ ‘ਪੰਜਾਬੀ ਸਾਹਿਤ ਅਤੇ ਵਿਗਿਆਨਕ ਚੇਤਨਾ’ ਦੇ ਵਿਸ਼ੇ ਸਬੰਧੀ ਪ੍ਰਸਿੱਧ ਚਿੰਤਕ ਡਾ. ਰਾਜਿੰਦਰਪਾਲ ਸਿੰਘ ਮੁੱਖ ਵਕਤਾ ਵਜੋਂ ਸੰਬੋਧਨ ਕਰਨਗੇ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਸੂਬਾਈ ਜਨਰਲ ਸਕੱਤਰ ਡਾ.ਕੁਲਦੀਪ ਦੀਪ ਵੱਲੋਂ ਕੀਤੀ ਜਾਵੇਗੀ। ਇਸੇ ਹੀ ਦਿਨ ਦੂਜੇ ਸੈਸ਼ਨ ਵਿੱਚ ਪੱਤਰਕਾਰ ਗੌਰੀ ਲੰਕੇਸ਼ ਨੂੰ ਸਮਰਪਿਤ ‘ਮੀਡੀਆ ਅਤੇ ਫਿਰਕਾਪ੍ਰਸਤੀ’ ਵਿਸ਼ੇ ਸਬੰਧੀ ਨਾਮਵਰ ਲੋਕ ਪੱਖੀ ਪੱਤਰਕਾਰਾਂ ਸ਼ਿਵਇੰਦਰ, ਅੰਸ਼ੁਲ ਛਤਰਪਤੀ, ਜਤਿੰਦਰ ਕੌਰ ਤੁੜ ਅਤੇ ਨੇਹਾ ਦੀਕਸ਼ਿਤ ਵੱਲੋਂ ਗੰਭੀਰ ਵਿਚਾਰ ਚਰਚਾ ਕੀਤੀ ਜਾਵੇਗੀ। ਤੀਜੇ ਸੈਸ਼ਨ ਵਿੱਚ ਪ੍ਰਸਿੱਧ ਵਿਦਵਾਨ ਪ੍ਰੋ. ਹਰਵਿੰਦਰ ਸਿੰਘ ਭੱਟੀ ‘ਨੌਜਵਾਨ ਪੀੜ੍ਹੀ ਦਾ ਪਰਵਾਸ ਅਤੇ ਮਾਪਿਆਂ ਦਾ ਸੰਕਟ’ ਵਿਸ਼ੇ ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ। 23 ਅਗਸਤ ਨੂੰ ਆਖਰੀ ਦਿਨ ਪ੍ਰਸਿੱਧ ਚਿੰਤਕ ਅਤੇ ਫ਼ਿਲਮਸਾਜ਼ ਪ੍ਰੋ.ਗੌਹਰ ਰਜ਼ਾ ‘ਮੌਜੂਦਾ ਦੌਰ ਵਿੱਚ ਵਿਗਿਆਨਕ ਸੋਚ ਨੂੰ ਚੁਣੌਤੀਆਂ ਅਤੇ ਸਾਡੇ ਕਾਰਜ’ ਸਬੰਧੀ ਵਿਚਾਰ ਸਾਂਝੇ ਕਰਨਗੇ। ਆਖਰੀ ਸੈਸ਼ਨ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪ੍ਰਸਿੱਧ ਨਾਟਕਕਾਰ ਅਤੇ ਨਿਰਦੇਸ਼ਕ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਸੁਕਰਾਤ’ ਪੇਸ਼ ਕੀਤਾ ਜਾਵੇਗਾ ਜਿਸਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਬਲਦੇਵ ਸੜਕਨਾਮਾ ਵੱਲੋਂ ਕੀਤੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਸਤਕ ਮੇਲੇ ਦੀ ਪ੍ਰਬੰਧਕ ਕਮੇਟੀ ਦੇ ਆਗੂਆਂ ਦੀਪ ਦਿਲਬਰ, ਖੁਸ਼ਵੰਤ ਬਰਗਾੜੀ, ਅਮਿਤ ਮਿੱਤਰ ਅਤੇ ਵਰਿੰਦਰ ਦਿਵਾਨਾ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ, ਪੋਸਟਰ ਮੁਕਾਬਲੇ ਕਰਵਾਉਣ ਸਮੇਤ ਗਾਇਕੀ ਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਹੋਵੇਗੀ ਅਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਤਰਕਸ਼ੀਲ਼ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸੂਬਾ ਕਮੇਟੀ ਆਗੂਆਂ ਸੁਖਵਿੰਦਰ ਬਾਗਪੁਰ, ਗੁਰਪ੍ਰੀਤ ਸ਼ਹਿਣਾ, ਮੋਹਨ ਬਡਲਾ, ਜੂਝਾਰ ਲੌਂਗੋਵਾਲ ਅਤੇ ਕੁਲਜੀਤ ਡੰਗਰਖੇੜਾ ਨੇ ਸਮੂਹ ਵਿਦਿਆਰਥੀਆਂ, ਲੇਖਕਾਂ, ਪਾਠਕਾਂ, ਅਧਿਆਪਕਾਂ, ਰੰਗਕਰਮੀਆਂ, ਨੌਜਵਾਨਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਸਮਾਜਿਕ ਕਾਰਕੁਨਾਂ, ਸਾਹਿਤਕ, ਸਭਿਆਚਾਰਕ, ਸਮਾਜਿਕ ਅਤੇ ਜਨਤਕ ਜਮਹੂਰੀ ਜਥੇਬੰਦੀਆਂ, ਟਰੇਡ ਯੂਨੀਅਨਾਂ ਸਮੇਤ ਸਮਾਜ ਦੇ ਸਮੂਹ ਵਰਗਾਂ ਦੇ ਲੋਕਾਂ ਨੂੰ ਪਰਿਵਾਰਾਂ ਸਮੇਤ ਇਸ ਪੁਸਤਕ ਮੇਲੇ ਵਿੱਚ ਸ਼ਾਮਿਲ ਹੋਣ ਅਤੇ ਲੋਕ ਪੱਖੀ ਸਾਹਿਤ ਅਤੇ ਸਿਹਤਮੰਦ ਸਭਿਆਚਾਰ ਨਾਲ ਜੁੜਨ ਦਾ ਖੁੱਲਾ ਸੱਦਾ ਦਿੱਤਾ ਹੈ।

