ਤਰਕਸ਼ੀਲ ਸੁਸਾਇਟੀ ਨੇ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਐਲਾਨਿਆ
ਹਰ ਜਮਾਤ 'ਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ 16 ਨਵੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਸਨਮਾਨ ਕੀਤਾ ਜਾਵੇਗਾ

ਅੰਮ੍ਰਿਤਸਰ 15 ਅਕਤੂਬਰ (ਸੁਮੀਤ ਸਿੰਘ): ਵਿਦਿਆਰਥੀਆਂ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੇ ਮਕਸਦ ਨੂੰ ਲੈ ਕੇ ਪੰਜਾਬ ਦੇ ਸਕੂਲਾਂ ਵਿਚ 2-3 ਸਤੰਬਰ ਅਤੇ 6 ਅਕਤੂਬਰ ਨੂੰ ਦੋ ਪੜਾਵਾਂ ਵਿੱਚ ਕਰਵਾਈ ਗਈ ਪੰਜਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ

ਪ੍ਰੀਖਿਆ ਦੇ ਨਤੀਜੇ ਦਾ ਐਲਾਨ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੁੱਖ ਦਫਤਰ ਤਰਕਸ਼ੀਲ ਭਵਨ, ਬਰਨਾਲੇ ਤੋਂ ਕਰ ਦਿੱਤਾ ਗਿਆ ਹੈ ਅਤੇ ਇਹ ਨਤੀਜਾ www.tarksheel.co.in ਉਤੇ ਵੇਖਿਆ ਜਾ ਸਕਦਾ ਹੈ.

ਇਸ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ, ਹੇਮ ਰਾਜ ਸਟੈਨੋ, ਬਲਬੀਰ ਲੋਂਗੋਵਾਲ, ਰਾਜਪਾਲ ਸਿੰਘ ਅਤੇ ਸੁਮੀਤ ਸਿੰਘ ਨੇ ਦੱਸਿਆ ਕਿ ਮਿਡਲ ਅਤੇ ਸੈਕੰਡਰੀ ਦੇ ਦੋ ਗਰੁੱਪਾਂ ਵਿਚ ਹੋਈ ਇਸ ਪ੍ਰੀਖਿਆ ਵਿੱਚ ਪੂਰੇ ਪੰਜਾਬ 'ਚੋਂ ਛੇਵੀਂ ਜਮਾਤ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਚ ਮਨਿੰਦਰ ਸਿੰਘ( ਲੁਧਿਆਣਾ), ਸੱਤਵੀਂ ਜਮਾਤ ਚੋਂ ਰਾਜਨਵੀਰ ਕੌਰ (ਮਾਨਸਾ) ਅਤੇ ਮਨਪ੍ਰੀਤ ਕੌਰ( ਸੰਗਰੂਰ), ਅੱਠਵੀਂ ਜਮਾਤ ਚੋਂ ਕਿਰਨਜੋਤ ਕੌਰ (ਲੁਧਿਆਣਾ), ਨੌਵੀਂ ਜਮਾਤ ਦੇ ਕਿਰਨ ਅਤੇ ਰੌਸ਼ਨੀ (ਬਠਿੰਡਾ), ਦਸਵੀਂ ਜਮਾਤ ਦੇ ਅੰਜਲੀ ਅਤੇ ਸਾਜਨ (ਬਠਿੰਡਾ), ਗਿਆਰਵੀਂ ਜਮਾਤ ਦੀ ਮਾਇਆ ਕੌਰ (ਸੰਗਰੂਰ) ਅਤੇ ਬਾਰਵੀਂ ਜਮਾਤ ਦੇ ਗੁਰਿੰਦਰ ਸਿੰਘ ਟਿਵਾਣਾ (ਲੁਧਿਆਣਾ) ਨੇ ਪਹਿਲਾ ਸਥਾਨ ਹਾਸਲ ਕੀਤਾ.

ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਦੁਨੀਆਂ ਦੇ ਮਹਾਨ ਵਿਗਿਆਨੀ ਚਾਰਲਸ ਡਾਰਵਿਨ ਨੂੰ ਸਮਰਪਿਤ ਇਹ ਪਰਖ ਪ੍ਰੀਖਿਆ ਪੰਜਾਬ ਦੇ ਵੱਖ ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਕਰਵਾਈ ਗਈ ਸੀ ਅਤੇ ਇਸ ਪ੍ਰੀਖਿਆ ਵਿਚ ਭਾਗ ਲੈਣ ਲਈ ਕੁੱਲ 36253 ਵਿੱਦਿਆਰਥੀਆਂ ਦੀ ਰਜਿਸਟਰੇਸ਼ਨ ਕੀਤੀ ਗਈ ਸੀ. ਹਰ ਜਮਾਤ 'ਚੋਂ ਮੈਰਿਟ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੂਬਾਈ ਪੱਧਰ ਤੇ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਤਰਕਸ਼ੀਲ਼ ਭਵਨ ਬਰਨਾਲੇ ਵਿਖੇ ਹੋਣ ਵਾਲੇ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਨਕਦ ਇਨਾਮ, ਤਰਕਸ਼ੀਲ ਕਿਤਾਬਾਂ, ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ. ਇਸੇ ਤਰਾਂ ਜੋਨ ਅਤੇ ਇਕਾਈ ਪੱਧਰ ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਤਰਕਸ਼ੀਲ਼ ਕਿਤਾਬਾਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ.ਇਸਤੋਂ ਇਲਾਵਾ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ. ਇਸ ਮੌਕੇ ਸੂਬਾ ਕਮੇਟੀ ਆਗੂ ਰਾਜੇਸ਼ ਅਕਲੀਆ, ਜੋਗਿੰਦਰ ਕੁੱਲੇਵਾਲ,ਅਜੀਤ ਪਰਦੇਸੀ, ਸੰਦੀਪ ਧਾਰੀਵਾਲ ਭੋਜਾ ਅਤੇ ਗੁਰਪ੍ਰੀਤ ਸ਼ਹਿਣਾ ਵੀ ਹਾਜਿਰ ਸਨ.