ਫੁੱਟਬਾਲ ਕੱਪ ਦੀ ਟੀਮ ਦੀ ਚੋਣ ਲਈ ਜੋਤਸ਼ੀ ਦੀਆਂ ਸੇਵਾਵਾਂ ਲੈਣ ਦੀ ਪੁਰਜ਼ੋਰ ਨਿੰਦਾ

ਬਰਨਾਲਾ, 15 ਸਤੰਬਰ (ਸੁਮੀਤ ਸਿੰਘ); ਤਰਕਸ਼ੀਲ ਸੁਸਾਇਟੀ ਪੰਜਾਬ ਨੇ ਭਾਰਤੀ ਫੁੱਟਬਾਲ ਦੀ ਕੌਮੀ ਟੀਮ ਦੇ ਵਿਦੇਸ਼ੀ ਕੋਚ ਵਲੋਂ ਭਾਰਤੀ ਫੁੱਟਬਾਲ ਫੈਡਰੇਸ਼ਨ ਦੇ ਸਕੱਤਰ ਦੇ ਕਹਿਣ 'ਤੇ ਪਿਛਲੇ ਸਾਲ ਏਸ਼ੀਆ ਫੁੱਟਬਾਲ ਕੱਪ ਦੇ ਪ੍ਰੀ ਕੁਆਲੀਫਾਈ ਮੈਚਾਂ ਲਈ ਕੌਮੀ ਟੀਮ ਦੀ ਚੋਣ ਕਰਨ ਮੌਕੇ ਦਿੱਲੀ ਦੇ ਇੱਕ ਜੋਤਸ਼ੀ ਦੀਆਂ ਸੇਵਾਵਾਂ

ਲੈਣ ਅਤੇ ਇਸਦੇ ਬਦਲੇ ਉਸਨੂੰ 15 ਲੱਖ ਰੁਪਏ ਦਾ ਭੁਗਤਾਨ ਕਰਨ ਦੀ ਲੋਕ ਵਿਰੋਧੀ ਅਤੇ ਗੈਰ ਵਿਗਿਆਨਕ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਇਸ ਸਮੁੱਚੇ ਘਟਨਾਕ੍ਰਮ ਦੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਇਸ ਸਚਾਈ ਨੂੰ ਮੀਡੀਏ ਰਾਹੀਂ ਜੱਗ ਜਾਹਰ ਕਰਨ ਵਾਲੇ ਭਾਰਤੀ ਫੁੱਟਬਾਲ ਕੋਚ ਇਗੋਰ ਸਟੀਮਕ ਨੂੰ ਭੇਜਿਆ ਕਾਰਣ ਦਸੋ ਨੋਟਿਸ ਰੱਦ ਕਰਨ ਦੀ ਵੀ ਮੰਗ ਕੀਤੀ ਹੈ.

ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਤਰਕਸ਼ੀਲ਼ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਬਲਬੀਰ ਲੌਂਗੋਵਾਲ, ਹੇਮ ਰਾਜ ਸਟੈਨੋਂ, ਰਾਜਪਾਲ ਸਿੰਘ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਸਿੰਘ ਨੇ ਦੱਸਿਆ ਕਿ ਅੰਗਰੇਜ਼ੀ ਦੀ ਇਕ ਪ੍ਰਮੁੱਖ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ ਦਿੰਦਿਆਂ ਭਾਰਤੀ ਫੁੱਟਬਾਲ ਟੀਮ ਦੇ ਵਿਦੇਸ਼ੀ ਕੋਚ ਇਗੋਰ ਸਟੀਮਕ ਨੇ ਇਹ ਦਾਅਵਾ ਕੀਤਾ ਹੈ ਕਿ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਤਤਕਾਲੀ ਸਕੱਤਰ ਜਨਰਲ ਕੁਸ਼ਲ ਦਾਸ ਨੇ ਹੀ ਉਸਨੂੰ ਦਿੱਲੀ ਦੇ ਜੋਤਸ਼ੀ ਭੂਪੇਸ਼ ਸ਼ਰਮਾ ਦੀਆਂ ਸੇਵਾਵਾਂ ਲੈਣ ਲਈ ਮਜਬੂਰ ਕੀਤਾ ਸੀ, ਜਿਸ ਕਰਕੇ ਮਈ 2022 ਵਿਚ ਭਾਰਤੀ ਫੁੱਟਬਾਲ ਟੀਮ ਵਲੋਂ ਖੇਡੇ ਗਏ ਹਰ ਮੈਚ ਤੋਂ ਪਹਿਲਾਂ ਜੋਤਸ਼ੀ ਭੂਪੇਸ਼ ਸ਼ਰਮਾ ਨੂੰ ਸਾਰੇ 11 ਖਿਡਾਰੀਆਂ ਦਾ ਬਿਊਰਾ ਦਿੱਤਾ ਗਿਆ ਜਿਸ ਵਲੋਂ ਕੱਲੇ ਕੱਲੇ ਖਿਡਾਰੀ ਦੇ ਟੇਵਿਆਂ ਅਨੁਸਾਰ ਤੀਰ ਤੁੱਕੇ ਵਾਂਗ ਭਵਿਖਬਾਣੀ ਕਰਕੇ ਭਾਰਤੀ ਕੌਮੀ ਟੀਮ ਦੀ ਚੋਣ ਕਰਨ ਦੀ ਸਲਾਹ ਦਿੱਤੀ ਗਈ ਅਤੇ ਇਸ ਬਦਲੇ ਉਸਨੂੰ 15 ਲੱਖ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ.

ਤਰਕਸ਼ੀਲ਼ ਆਗੂਆਂ ਨੇ ਮੋਦੀ ਸਰਕਾਰ ਵਲੋਂ ਹਰ ਖੇਤਰ ਵਿਚ ਲਾਗੂ ਕੀਤੇ ਜਾ ਰਹੇ ਫ਼ਿਰਕੂ ਹਿੰਦੂਤਵੀ ਏਜੰਡੇ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਖੇਡਾਂ ਵਿਚ ਖਿਡਾਰੀਆਂ ਦੀ ਸਖ਼ਤ ਮਿਹਨਤ, ਬਿਹਤਰ ਖੇਡ ਸਹੂਲਤਾਂ, ਸਟੈਮਨਾ, ਖੇਡ ਭਾਵਨਾ ਅਤੇ ਵਧੀਆ ਪ੍ਰਦਰਸ਼ਨ ਦੇ ਸਿਰ ਤੇ ਹੀ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ. ਪਰ ਮੋਦੀ ਸਰਕਾਰ ਵਲੋਂ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਦੀ ਸਮਰੱਥਾ ਨੂੰ ਰੱਦ ਕਰਕੇ ਗੈਰ ਵਿਗਿਆਨਕ ਜੋਤਿਸ਼ - ਰਾਸ਼ੀ ਫਲ ਤੇ ਜੰਤਰ ਮੰਤਰ ਦੇ ਤੀਰ ਤੁਕਿਆਂ ਰਾਹੀਂ ਨਾ ਸਿਰਫ ਖਿਡਾਰੀਆਂ, ਕੋਚਾਂ ਅਤੇ ਦੇਸ਼ ਦਾ ਅਪਮਾਨ ਕੀਤਾ ਗਿਆ ਹੈ ਬਲਕਿ ਸਿੱਖਿਆ, ਸਿਹਤ, ਖੇਡ, ਕਲਾ ਅਤੇ ਇਨ੍ਹਾਂ ਨਾਲ ਸੰਬੰਧਿਤ ਸੰਸਥਾਵਾਂ ਦਾ ਭਗਵਾਂਕਰਨ ਅਤੇ ਵਪਾਰੀਕਰਨ ਕਰਕੇ ਦੇਸ਼ ਵਿਚ ਫਿਰਕੂਵਾਦ ਅਤੇ ਅੰਧ ਵਿਸ਼ਵਾਸ ਫੈਲਾਉਣ ਦੇ ਇਲਾਵਾ ਸਾਮਰਾਜ ਪੱਖੀ ਨੀਤੀਆਂ ਹੇਠ ਆਮ ਲੋਕਾਂ ਨੂੰ ਸ਼ਰੇਆਮ ਲੁੱਟਿਆ ਵੀ ਜਾ ਰਿਹਾ ਹੈ.

ਇਸ ਦੇ ਨਾਲ ਹੀ ਆਗੂਆਂ ਨੇ ਸਮੂਹ ਲੋਕ ਪੱਖੀ, ਅਗਾਂਹਵਧੂ ਅਤੇ ਜਮਹੂਰੀ ਤਾਕਤਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਸੰਘ ਵਲੋਂ ਦੇਸ਼ ਵਿਚ ਇਕ ਯੋਜਨਾਬੱਧ ਸਾਜਿਸ਼ ਹੇਠ ਫ਼ਿਰਕੂ ਫਾਸ਼ੀਵਾਦੀ, ਅੰਧ-ਵਿਸ਼ਵਾਸੀ ਅਤੇ ਗ਼ੈਰ-ਸੰਵਿਧਾਨਿਕ ਗਤੀਵਿਧੀਆਂ ਰਾਹੀਂ ਜਨਤਕ ਸਰਮਾਏ ਨੂੰ ਸ਼ਰੇਆਮ ਲੁਟਾਏ ਜਾਣ ਦਾ ਡਟਵਾਂ ਵਿਰੋਧ ਕਰਦੇ ਹੋਏ ਆਮ ਲੋਕਾਂ ਨੂੰ ਜਿੰਦਗੀ ਵਿਚ ਵਿਗਿਆਨਕ ਸੋਚ ਅਤੇ ਜੱਥੇਬੰਦਕ ਸੰਘਰਸ਼ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕਰਨ.