ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਵਿਗਿਆਨਕ ਚੇਤਨਾ ਪੈਦਾ ਕਰਨ ਲਈ ਤਰਕਸ਼ੀਲਾਂ ਨੇ ਪਿੰਡ ਵਿੱਚ ਕੀਤਾ ਪ੍ਰੋਗਰਾਮ

ਮੰਡੀ ਕਾਲਾਂਵਾਲੀ, 2 ਅਗਸਤ (ਮਾ. ਸ਼ਮਸ਼ੇਰ ਚੋਰਮਾਰ): ਪਿੰਡ ਲੰਬੀ ਜ਼ਿਲ੍ਹਾ ਸਿਰਸਾ ਵਿੱਚ ਤਰਕਸ਼ੀਲ ਇਕਾਈ ਕਾਲਾਂਵਾਲੀ ਅਤੇ ਡੱਬਵਾਲੀ ਵੱਲੋਂ ਪਿੰਡ ਵਾਸੀਆਂ ਦੀ ਮੰਗ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿੱਚ ਮਾ. ਸ਼ਮਸ਼ੇਰ ਚੋਰਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਸਮੇਂ-ਸਮੇਂ ਤੇ ਲੋਕਾਂ

ਨੂੰ ਗੁੰਮਰਾਹ ਕਰਨ ਲਈ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਜਾਂ ਕਿਸੇ ਘਟਨਾ ਨੂੰ ਚਮਤਕਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ. ਜਦੋਂ ਕਿ ਦੁਨੀਆਂ ਵਿੱਚ ਕਿਤੇ ਵੀ ਕਿਸੇ ਵੀ ਮਨੁੱਖ ਕੋਲ ਕੋਈ ਗ਼ੈਬੀ ਸ਼ਕਤੀ ਨਹੀਂ ਹੈ, ਜੋ ਕੁਦਰਤ ਜਾਂ ਵਿਗਿਆਨਕ ਦੇ ਨਿਯਮਾਂ ਦੇ ਉਲਟ ਕੋਈ ਘਟਨਾ ਕਰ ਸਕਦਾ ਹੋਵੇ. ਜੇਕਰ ਕੋਈ ਅਜਿਹਾ ਦਾਵਾ ਕਰਦਾ ਹੈ ਤਾਂ ਸੁਸਾਇਟੀ ਉਸਨੂੰ ਲੱਖਾਂ ਰੁ ਦਾ ਇਮਾਮ ਜਿੱਤਣ ਲਈ ਚੁਣੌਤੀ ਦਿੰਦੀ ਹੈ. ਘਰ-ਪਰਿਵਾਰ, ਦੇਸ਼ ਅਤੇ ਸਮਾਜ ਦੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਨੂੰ ਕਿਸੇ ਪੂਜਾ ਜਾਂ ਤੰਤਰ-ਮੰਤਰ ਦੁਆਰਾ ਨਹੀਂ, ਬਲਕਿ ਵਿਗਿਆਨਕ ਤਰੀਕਿਆਂ ਨਾਲ ਚੰਗੀਆਂ ਲੋਕ ਪੱਖੀ ਨੀਤੀਆਂ, ਵਧੀਆ ਸਮਾਜਿਕ ਪ੍ਰਬੰਧ ਦੁਆਰਾ ਹੱਲ ਕੀਤਾ ਜਾਣਾ ਹੁੰਦਾ ਹੈ. ਜਗਤਾਰ ਸਿੰਘੇਵਾਲਾ ਨੇ ਗੁੱਤਾਂ ਕੱਟਣ, ਬਿੱਜੂ ਆਉਣ ਦੀਆਂ ਘਟਨਾਵਾਂ, ਮੂਰਤੀਆਂ ਦੁਆਰਾ ਦੁੱਧ ਪੀਣ, ਤੋਰੀਆਂ ਤੇ ਸੱਪ ਆਦਿ ਘਟਨਾਵਾਂ ਦੀ ਵਿਗਿਆਨਕ ਵਿਆਖਿਆ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ. ਇਸਦੇ ਪਿੱਛੇ ਮਾਸ ਫੋਬੀਆ, ਮਾਸ ਹਿਸਟੀਰੀਆ ਅਤੇ ਅਵਿਗਿਆਨਿਕਤਾ ਮੁੱਖ ਕਾਰਣ ਦੱਸਿਆ.

ਅਜਾਇਬ ਜਲਾਲਆਣਾ ਨੇ ਵਿਗਿਆਨਕ ਪ੍ਰਯੋਗਾਂ, ਜਾਦੂ ਦੀਆਂ ਆਈਟਮਾਂ ਦੁਆਰਾ ਚਮਤਕਾਰਾਂ ਦੇ ਖੁਲਾਸੇ ਕੀਤੇ. ਆਪਣੀਆਂ ਆਈਟਮਾਂ ਰਾਹੀਂ ਅਸਮਾਨ 'ਚੋਂ ਰਾਖ ਪੈਦਾ ਕੀਤੀ, ਬਿਨਾਂ ਤੀਲੀ ਤੋਂ ਅੱਗ ਅਤੇ ਜਾਦੂਗਰਾਂ ਵੱਲੋਂ ਅੱਖਾਂ ਦੀ ਨਜ਼ਰਬੰਦੀ ਬਾਰੇ ਮਨੋਵਿਗਿਆਨਕ ਅਭਿਆਸ ਕਰ ਕੇ ਮਨੋਵਿਗਿਆਨ ਦੀ ਜਾਣਕਾਰੀ ਤੋਂ ਜਾਣੂ ਕਰਵਾਇਆ.  ਉਹਨਾਂ ਦੱਸਿਆ ਕੁੱਝ ਚਲਾਕ ਲੋਕ ਧਾਰਮਿਕ ਚੋਲ਼ਾ ਪਾਕੇ ਮੈਡੀਟੇਸ਼ਨ, ਸੰਮੋਹਨ ਕਿਰਿਆਵਾਂ ਰਾਹੀਂ ਆਮ ਜਨ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ. ਜਦ ਕਿ ਇਹ ਮਨੋਵਿਗਿਆਨ ਦੀ ਸਧਾਰਨ ਵਿਧੀ ਹੈ, ਜਿਸ ਦੁਆਰਾ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਵਿਅਕਤੀ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ.

ਮਾ. ਸੁਰਿੰਦਰਪਾਲ ਸਿੰਘ ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ.  ਉੱਥੇ ਮੌਜੂਦ ਲੋਕਾਂ ਦੁਆਰਾ ਇਸ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਇੱਕ ਹੋਰ ਵੱਡਾ ਤਰਕਸ਼ੀਲ ਨਾਟਕ ਮੇਲ਼ੇ ਦੇ ਕਰਾਉਣ ਦੀ ਮੰਗ ਰੱਖੀ ਗਈ. ਜੋ ਕਿ ਜਲਦੀ ਹੀ ਇਹ ਆਯੋਜਿਤ ਕੀਤਾ ਜਾਵੇਗਾ. ਇਸ ਮੌਕੇ ਪ੍ਰਗਤੀਸ਼ੀਲ ਸਾਹਿਤ ਦੀ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ.  ਹਰਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਰਣਧੀਰ ਸਿੰਘ, ਗੁਰਸੇਵਕ ਸਿੰਘ ਟੀਮ ਦੇ ਨਾਲ ਸਨ. ਇਸ ਤੋਂ ਇਲਾਵਾ ਸਾਬਕਾ ਸਰਪੰਚ ਸਾਹਿਬ ਰਾਮ ਮਾ. ਰਾਮਜੀ ਲਾਲ, ਮਾ. ਹਰਦੀਪ ਸਿੰਘ ਮਟਦਾਦੂ ਅਤੇ ਅਨੇਕਾਂ ਪਿੰਡ ਵਾਸੀ ਅਤੇ ਸਕੂਲ ਦੇ ਵਿਦਿਆਰਥੀ ਇਸ ਪ੍ਰੋਗਰਾਮ ਵਿਚ ਸ਼ਾਮਲ ਸਨ.

powered by social2s