ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਨੇ ਕਰਵਾਏ ਪੇਂਟਿੰਗ ਮੁਕਾਬਲੇ

ਮੁਹਾਲੀ, 22 ਅਪ੍ਰੈਲ (ਡਾ. ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੁਹਾਲੀ ਵੱਲੋਂ ਬਣਾਏ ਗਏ ਵਿਗਿਆਨ ਮੰਚ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੋਹਾਲੀ ਦੇ ਰੋਜ ਗਾਰਡਨ ਵਿਖੇ ਸਾਦਾ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ. ਵਿਦਿਆਰਥੀਆਂ ਨੂੰ

ਸੰਬੋਧਿਤ ਕਰਦਿਆਂ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ, ਜਸਵੰਤ ਸਿੰਘ ਮੁਹਾਲੀ, ਡਾ. ਮਜੀਦ ਆਜਾਦ ਨੇ ਦੱਸਿਆ ਕਿ ਵਿਗਿਆਨ ਮੰਚ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਆਨ ਲਾਈਨ ਪੇਂਟਿੰਗ ਮੁਕਾਬਲੇ ਕਰਵਾਏ ਗਏ ਸਨ ਜਿਸ ਦਾ ਵਿਸ਼ਾ ਵਿਦਿਆਰਥੀਆਂ ਨੂੰ ਕਿਸਾਨੀ ਦੇ ਵਿਕਾਸ ਵਿੱਚ ਵਿਗਿਆਨ ਦੁਆਰਾ ਪਾਏ ਯੋਗਦਾਨ ਸਬੰਧੀ ਜਾਗਰੂਕ ਕਰਨਾ ਸੀ. ਭਾਵੇਂ ਵਿਗਿਆਨ ਅਤੇ ਕਿਸਾਨ ਨੇ ਮਿਲਕੇ ਕੁੱਲ ਜਗਤ ਨੂੰ ਭੁੱਖਮਰੀ ਵਿੱਚੋ ਕੱਢਣ ਲਈ ਆਪਣੀ ਭੂਮਿਕਾ ਨਿਭਾ ਦਿੱਤੀ ਹੈ, ਪਰ ਮਾੜੇ ਰਾਜਨੀਤਕ ਪ੍ਰਬੰਧ ਕਰਕੇ ਕਿਸਾਨ ਸੜਕਾਂ ਤੇ ਰੁਲਣ ਲਈ ਮਜਬੂਰ ਹੋਈ ਪਈ ਹੈ.

ਆਗੂਆਂ ਨੇ ਦੱਸਿਆ ਕਿ ਇਹ ਮੁਕਾਬਲੇ ਸਿਰਫ਼ ਮੁਹਾਲੀ ਜਿਲੇ ਦੇ ਸਕੂਲਾਂ ਵਾਸਤੇ ਹੀ ਸਨ. ਮੁਕਾਬਲੇ ਵਿੱਚ ਜਿਲਾ ਮੋਹਾਲੀ ਦੇ ਵੱਖ ਵੱਖ ਸਕੂਲਾਂ ਦੇ 55 ਵਿਦਿਆਰਥੀਆਂ ਨੇ ਹਿੱਸਾ ਲਿਆ. ਜੂਨੀਅਰ ਵਰਗ ਵਿੱਚ ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ ਦੀ ਵਿਦਿਆਰਥਣ ਹਰਸਿਮਰਤ ਕੌਰ ਨੇ ਪਹਿਲਾ  ਸਰਕਾਰੀ ਹਾਈ ਸਕੂਲ ਛੱਤ ਦੀ ਵਿਦਿਆਰਥਣ ਸ਼ਿਵਾਨੀ ਨੇ ਦੂਜਾ ਅਤੇ ਸਰਕਾਰੀ ਹਾਇ ਸਕੂਲ ਗਾਜੀਪੁਰ ਦੀ ਵਿਦਿਆਰਥਣ ਸ਼ੁਭਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ. ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀ ਵਿਦਿਆਰਥਣ ਅਦਿੱਤੀ ਬਾਂਸਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੀ ਵਿਦਿਆਰਥਣ ਨਵਗੀਤ ਸੋਢੀ ਨੇ ਦੂਜਾ, ਸਰਕਾਰੀ ਸੀਨੀਅਰ ਹਾਈ ਸਕੂਲ ਡੇਰਾ ਬੱਸੀ ਦੀ ਵਿਦਿਆਰਥਣ ਨਿਸ਼ਾ ਦੇਵੀ ਨੇ ਤੀਜਾ ਸਥਾਨ ਹਾਸਿਲ ਕੀਤਾ.

ਜੇਤੂ ਵਿਦਿਆਰਥੀਆਂ ਨੂੰ ਸਨਮਾਨ ਦੇ ਨਾਲ-ਨਾਲ ਪੇਟਿੰਗ ਨਾਲ ਸਬੰਧ ਗਿਫਟ ਪੈਕ, ਕਿਤਾਬਾਂ ਅਤੇ ਵਿਗਿਆਨਿਕ ਰਸਾਲੇ ਤਰਕਸ਼ੀਲ ਦੀ ਇੱਕ ਸਾਲ ਲਈ ਮੁਫਤ ਮੈਂਬਰਸ਼ਿਪ ਵੀ ਦਿੱਤੀ ਗਈ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ. ਆਗੂਆਂ ਨੇ ਸਮੂਹ ਵਿਦਿਆਰਥੀਆਂ ਦੇ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ. ਇਸ ਮੌਕੇ ਵਿਦਿਆਰਥੀਆਂ ਦੇ ਮਾਪੇ, ਅਧਿਆਪਕਾਂ ਸਮੇਤ ਸੰਸਥਾ ਦੇ ਨੁਮਾਇੰਦੇ ਅਤੇ ਤਰਕਸ਼ੀਲ ਕਾਰਕੁਨ ਗੁਰਮੇਲ ਲੁਧਿਆਣਾ, ਲੈਕਚਰਾਰ ਸੁਰਜੀਤ, ਗੋਰਾ ਹੋਸ਼ਿਆਰਪੁਰੀ, ਜਸਵਿੰਦਰ ਸਿੰਘ, ਸਮਸ਼ੇਰ, ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ.