ਛੁੱਟੀਆਂ ਤੋਂ ਬਾਅਦ ਹੋਵੇਗੀ ਵਿਦਿਆਰਥੀ ਚੇਤਨਾ ਪਰਖ-ਪਰੀਖਿਆ

ਖਰੜ, 22 ਮਈ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸ਼ਾਇਟੀ ਪੰਜਾਬ ਦੀ ਇਕਾਈ ਖਰੜ ਦੀ ਵਿਸ਼ੇਸ ਮੀਟਿੰਗ ਇਕਾਈ ਮੁਖੀ ਜਰਨੈਲ ਸਹੌੜਾਂ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ ਜੋਨਲ ਆਗੂ ਪਿੰਸੀਪਲ ਗੁਰਮੀਤ ਖਰੜ੍ਹ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਬਰਨਾਲ਼ਾ

ਵਿਖੇ ੳਸਾਰੇ 'ਤਰਕਸ਼ੀਲ-ਭਵਨ' ਵਿੱਚ ਸੁਸਾਇਟੀ ਦੇ ਸਾਲਾਨਾ ਇਜ਼ਲਾਸ ਵਿੱਚ ਵੱਖ ਇਕਾਈਆਂ ਤੋਂ ਲੱਗਭੱਗ 200 ਡੈਲੀਗੇਟਾਂ ਨੇ ਹਿੱਸਾ ਲਿਆ. ਇਸ ਇਜਲਾਸ ਵਿੱਚ ਇੰਗਲੈਂਡ ਤੋਂ ਵਿਸ਼ੇਸ ਮਹਿਮਾਨ ਦੇ ਤੌਰ ਉੱਤੇ ਸ਼ਾਮਲ ਹੋਏ ਉੱਘੇ ਸਮਾਜਸੇਵੀ ਅਤੇ ਵਾਤਾਵਰਣ ਪ੍ਰੇਮੀ ਨਿਰਮਲ ਸਿੰਘ ਸੰਘਾ ਵੱਲੋਂ ਪੰਜਾਬ ਦੇ ਹਰੇਕ ਪਿੰਡ ਵਿੱਚ ਤਰਕਸ਼ੀਲ ਮੈਗਜ਼ੀਨ ਪੁੱਜਦਾ ਕਰਨ ਵਾਸਤੇ ਵਿੱਤੀ ਸਹਿਯੋਗ ਦੇਣ ਦਾ ਐਲਾਨ ਕੀਤਾ.

ਜ਼ੋਨਲ ਆਗੂ ਨੇ ਜਾਣਕਾਰੀ ਦਿੱਤੀ ਕਿ ਚੰਡੀਗੜ੍ਹ ਜ਼ੋਨ ਦੀਆਂ ਵੱਖ-ਵੱਖ ਇਕਾਈਆਂ ਵੱਲੋਂ ਟੀਮਾਂ ਬਣਾ ਕੇ ਇਹ ਮੈਗਜ਼ੀਨ ਆਪਣੇ ਆਪਣੇ ਏਰੀਆ ਦੇ ਪਿੰਡਾਂ ਵਿੱਚ ਪੁੱਜਦਾ ਕੀਤਾ ਜਾਵੇਗਾ. ਬਰਨਾਲ਼ਾ ਵਿਖੇ ਹੋਈ ਇਸ ਪੰਜਾਬ ਪੱਧਰੀ ਇਕੱਤਰਤਾ ਵਿੱਚ ਡੈਲੀਗੇਟ ਵਜੋਂ ਸ਼ਾਮਲ ਹੋਏ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਪਿਛਲੇ ਸਾਲ ਕਰਵਾਈ ਵਿਦਿਆਰਥੀ ਚੇਤਨਾ ਪਰਖ-ਪ੍ਰੀਖਿਆ ਉੱਤੇ ਸੂਬਾ ਕਾਰਜਕਾਰਨੀ ਵੱਲੋਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਹ ਪ੍ਰੀਖਿਆ ਇਸ ਸਾਲ ਵੀ ਕਰਵਾਉਣ ਦਾ ਫੈਸਲਾ ਕੀਤਾ ਗਿਆ. ਇਸ ਵਾਰ ਪ੍ਰੀਖਿਆ ਨਾਲ ਸਬੰਧਿਤ ਮੈਟਰ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਵੰਡਕੇ, ਛੁੱਟੀਆਂ ਤੋਂ ਬਾਅਦ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਗਿਆ ਹੈ ਤਾਂਕਿ ਵਿਦਿਆਰਥੀਆਂ ਨੂੰ ਅਧਿਐਨ ਕਰਨ ਦਾ ਪੂਰਾ ਮੌਕਾ ਮਿਲ ਸਕੇ. ਇਸ ਮੀਟਿੰਗ ਵਿੱਚ ਖਰੜ ਇਕਾਈ ਦੇ ਆਗੂਆਂ ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਸੁਰਿੰਦਰ ਸਿੰਬਲ਼ ਮਾਜਰਾ, ਸੁਜਾਨ ਬਡਾਲ਼ਾ, ਆਮੀਨ ਤੇਪਲ਼ਾ ਵੱਲੋਂ ਸ੍ਰੀ ਸੰਘਾ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਇਕਾਈ ਪੱਧਰ ਉੱਤੇ ਵੱਧ ਤੋਂ ਵੱਧ ਪਿੰਡਾਂ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ.