ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਤਰਕਸ਼ੀਲਤਾ ਤੇ ਲੋਕ ਚੇਤਨਾ ਨਾਲ ਹੀ ਸਮਾਜ ਤੁਰੇਗਾ ਸੁਖਾਵੇਂ ਰੁਖ: ਰਾਜਿੰਦਰ ਭਦੌੜ

ਤਰਕਸ਼ੀਲ ਸੁਸਾਇਟੀ ਦਾ ਸੂਬਾਈ ਇਜਲਾਸ ਸੰਪੰਨ

ਬਰਨਾਲਾ, 1 ਮਈ (ਭੂਰਾ ਸਿੰਘ): ‘ਤਰਕਸ਼ੀਲ ਲਹਿਰ ਨੇ ਆਪਣੇ ਤਿੰਨ ਦਹਾਕਿਆਂ ਦੇ ਸਫ਼ਰ ਦੌਰਾਨ ਜਿੰਦਗੀ ਤੇ ਸਮਾਜ ਨੂੰ ਭਰਮ ਭੁਲੇਖਿਆਂ ਵਿੱਚ

ਰੱਖਣ ਵਾਲੇ ਅੰਧਵਿਸ਼ਵਾਸ਼ਾਂ, ਕਰਮਕਾਂਡਾਂ ਤੇ ਇਹਨਾਂ ਦੇ ਪ੍ਰਚਾਰਕਾਂ ਖਿਲਾਫ਼ ਲੋਕਾਂ ਨੂੰ ਚੇਤਨ ਕਰਕੇ ਇੱਕ ਇਤਿਹਾਸਕ ਕਾਰਜ ਕੀਤਾ ਹੈ. ਉਨ੍ਹਾਂ ਕਿਹਾ ਕਿ ਅੱਜ ਦੇ ਚੁਣੌਤੀਆਂ ਭਰੇ ਦੌਰ ਵਿੱਚ ਤਰਕਸ਼ੀਲਤਾ ਅਤੇ ਲੋਕ ਚੇਤਨਾ ਨਾਲ ਹੀ ਸਮਾਜ ਨੂੰ ਸੁਖਾਵੇਂ ਰੁਖ ਤੋਰਿਆ ਜਾ ਸਕਦਾ ਹੈ.’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਤਰਕਸ਼ੀਲ ਭਵਨ ਵਿਖੇ ਤਰਕਸ਼ੀਲ ਪੰਜਾਬ (ਰਜਿ.) ਦੇ ਸੂਬਾਈ ਡੈਲੀਗੇਟ ਇਜਲਾਸ ਵਿੱਚ ਜੁੜੇ ਰਾਜ ਭਰ ਦੀਆਂ ਤਰਕਸ਼ੀਲ ਇਕਾਈਆਂ ਦੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਭਦੌੜ ਮੁਖੀ ਜਥੇਬੰਦਕ ਵਿਭਾਗ ਨੇ ਕੀਤਾ. ਉਨ੍ਹਾਂ ਦੇਸ਼ ਭਰ ਵਿੱਚ ਰਾਸ਼ਟਰਵਾਦ ਦੇ ਨਾਂ ਤੇ ਭਗਵੇਂਕਰਨ ਰਾਹੀਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਤੇ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਜੁਟਾਏ ਜਾ ਰਹੇ ਯਤਨਾਂ ਖਿਲਾਫ਼ ਡਟਣ ਦਾ ਸੱਦਾ ਦਿੱਤਾ. ਇਜਲਾਸ ਵਿੱਚ ਸੁਸਾਇਟੀ ਦੀਆਂ 69 ਇਕਾਈਆਂ ਦੇ 180 ਡੈਲੀਗੇਟਾਂ ਤੇ 25 ਦਰਸ਼ਕਾਂ ਨੇ ਸ਼ਮੂਲੀਅਤ ਕੀਤੀ. ਪਹਿਲੇ ਸ਼ੈਸ਼ਨ ਵਿੱਚ ਸੂਬਾ ਕਮੇਟੀ ਵੱਲੋਂ ਰਾਜ ਭਰ ਦੇ ਜ਼ੋਨਾਂ ਤੇ ਇਕਾਈਆਂ ਨੂੰ ਭੇਜੇ ਗਏ ਦਸਤਾਵੇਜ਼ ਤੇ ਕਾਰਜ ਵਿਉਂਤ ਉੱਪਰ ਚਰਚਾ ਕੀਤੀ ਗਈ ਜਿਸ ਵਿੱਚ ਸੁਖਦੇਵ ਫਗਵਾੜਾ, ਅਜੀਤ ਪ੍ਰਦੇਸੀ, ਮਾ. ਕੁਲਜੀਤ, ਜੁਝਾਰ ਲੌਗੋਵਾਲ, ਸੱਤਪਾਲ ਸਲੋਹ ਤੇ ਗੁਰਪ੍ਰੀਤ ਸ਼ਹਿਣਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਤਰਕਸ਼ੀਲ ਲਹਿਰ ਨੂੰ ਸਮਾਜ ਦੇ ਭਖਦੇ ਮਸਲਿਆਂ ਤੇ ਹੱਕਾਂ ਲਈ ਸੰਘਰਸ਼ ਕਰਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਵਿਦਿਆਰਥੀਆਂ ਤੇ ਹੋਰਨਾਂ ਵਰਗਾਂ ਦੇ ਸੰਘਰਸ਼ਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਜਿਹੜੇ ਸਮਾਜਿਕ ਬਰਾਬਰੀ ਤੇ ਇਨਸਾਫ਼ ਦੀ ਲੜਾਈ ਲੜ ਰਹੇ ਹਨ.

ਸੁਸਾਇਟੀ ਦੇ ਸਮੁੱਚੇ 10 ਵਿਭਾਗ ਮੁਖੀਆਂ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਤੇ ਚਰਚਾ ਕਰਦਿਆਂ ਡਾ. ਮਜ਼ੀਦ ਆਜ਼ਾਦ, ਹਰਚੰਦ ਭਿੰਡਰ, ਜਸਵੰਤ ਮੁਹਾਲੀ, ਰਾਮ ਸਿੰਘ ਨਿਰਮਾਣ, ਪਰਵੀਨ ਜੰਡਵਾਲਾ ਤੇ ਰਾਮ ਕੁਮਾਰ ਪਟਿਆਲਾ ਨੇ ਤਰਕਸ਼ੀਲ ਭਵਨ ਦੀ ਉਸਾਰੀ ਤੇ ਸਾਹਿਤ ਵੈਨ ਵੱਲੋਂ ਰਾਜ ਭਰ ਵਿੱਚ ਪੁਸਤਕ ਸਭਿਆਚਾਰ ਦਾ ਮਾਹੌਲ ਬਣਾਉਣ, ਕੌਮਾਂਤਰੀ ਵਿਭਾਗ ਵੱਲੋਂ ਦੇਸ਼ ਵਿਦੇਸ਼ ਵਿੱਚ ਤਰਕਸ਼ੀਲ ਵਿਚਾਰਾਂ ਦੇ ਪ੍ਰਚਾਰ-ਪਾਸਾਰ ਤੇ ਤਰਕਸ਼ੀਲ ਮੈਗਜ਼ੀਨ ਰਾਹੀਂ ਕੀਤੇ ਜਾ ਰਹੇ ਵਿਗਿਆਨਕ ਚੇਤਨਾ ਦੇ ਕਾਰਜ ਦੀ ਸਰਾਹਨਾ ਕਰਦਿਆਂ ਭਵਿੱਖ ਵਿੱਚ ਅਜਿਹੇ ਯਤਨਾਂ ਨੂੰ ਤੇਜ਼ ਕਰਨ ਦਾ ਸੁਝਾਅ ਦਿੱਤਾ ਗਿਆ. ਬੁਲਾਰਿਆਂ ਨੇ ਆਖਿਆ ਕਿ ਪੰਜਾਬ ਵਿੱਚ ਅੰਧਵਿਸ਼ਵਾਸ਼ ਵਿਰੋਧੀ ਕਾਨੂੰਨ ਦੀ ਸਖ਼ਤ ਲੋੜ ਹੈ ਕਿਉਂਕਿ ਵਿਗਿਆਨ ਦੇ ਇਸ ਦੌਰ ਵਿੱਚ ਹੀ ਕੋਟ ਫੱਤਾ ਵਰਗੇ ਦਰਦਨਾਕ ਬਲੀ ਕਾਂਡ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ.

ਸੰਵਿਧਾਨਿਕ ਸੋਧਾਂ ਦੇ ਤੀਸਰੇ ਸੀਮਤ ਸ਼ੈਸ਼ਨ ਉਪਰੰਤ ਨਵੀਂ ਸੂਬਾ ਕਾਰਜਕਾਰਨੀ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਰਾਜਿੰਦਰ ਭਦੌੜ ਨੂੰ ਸੂਬਾਈ ਜਥੇਬੰਦਕ ਮੁਖੀ, ਹੇਮ ਰਾਜ ਸਟੈਨੋ ਨੂੰ ਸੂਬਾਈ ਵਿੱਤ ਸਕੱਤਰ, ਮਾਸਟਰ ਤਰਲੋਚਨ ਸਿੰਘ ਸਮਰਾਲਾ ਨੂੰ ਸਭਿਆਚਾਰਕ ਵਿਭਾਗ ਦਾ ਮੁਖੀ, ਬਲਬੀਰ ਲੌਗੋਵਾਲ ਨੂੰ ਤਰਕਸ਼ੀਲ ਮੈਗਜ਼ੀਨ ਦਾ ਮੁੱਖ ਸੰਪਾਦਕ, ਬਲਵਿੰਦਰ ਬਰਨਾਲਾ ਨੂੰ ਕੌਮੀ ਕੌਮਾਂਤਰੀ ਵਿਭਾਗ ਦਾ ਮੁਖੀ, ਰਾਮ ਸਵਰਨ ਲੱਖੇਵਾਲੀ ਨੂੰ ਸਾਹਿਤ ਵਿਭਾਗ ਦਾ ਮੁਖੀ, ਭੂਰਾ ਸਿੰਘ ਮਹਿਮਾ ਸਰਜਾ ਨੂੰ ਮੀਡੀਆ ਵਿਭਾਗ ਮੁਖੀ, ਐਡਵੋਕੇਟ ਹਰਿੰਦਰ ਲਾਲੀ ਨੂੰ ਕਾਨੂੰਨ ਵਿਭਾਗ ਦਾ ਮੁਖੀ, ਸੁਖਵਿੰਦਰ ਬਾਗਪੁਰ ਨੂੰ ਪ੍ਰਕਾਸ਼ਨ ਵਿਭਾਗ ਦਾ ਮੁਖੀ ਅਤੇ ਬਹੁ ਸੰਮਤੀ ਨਾਲ ਅਜੀਤ ਪ੍ਰਦੇਸੀ ਰੋਪੜ ਨੂੰ ਮਾਨਸਿਕ ਸਿਹਤ ਵਿਭਾਗ ਦਾ ਸੂਬਾਈ ਮੁਖੀ ਚੁਣਿਆ ਗਿਆ. ਇਜਲਾਸ ਦੌਰਾਨ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਵਿੱਚ ਤੇ ਦੇਸ਼ ਭਗਤੀ ਦੇ ਨਾਂ ਹੇਠ ਸਾਹਿਤਕਾਰਾਂ, ਨੌਜਵਾਨਾਂ ਤੇ ਤਰਕਸ਼ੀਲਾਂ ਤੇ ਕੀਤੇ ਜਾ ਰਹੇ ਹਮਲਿਆਂ ਖਿਲਾਫ਼ ਮਤੇ ਪਾਸ ਕੀਤੇ ਗਏ. ਇਜਲਾਸ ਦੌਰਾਨ ਹੋਈ ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਮੁਖਤਿਆਰ ਸਿੰਘ ਅੰਮ੍ਰਿਤਸਰ, ਰਣਜੀਤ ਬਠਿੰਡਾ, ਗਗਨ ਰਾਮਪੁਰਾ, ਮਾ. ਜਗਦੀਸ਼, ਪ੍ਰਿੰ. ਮਨਜੀਤ ਸਿੰਘ ਸ਼ਾਹਕੋਟ, ਦਲਬੀਰ ਕਟਾਣੀ, ਜਸਵੰਤ ਜੀਰਖ, ਰਾਜੇਸ਼ ਅਕਲੀਆ, ਅੰਮ੍ਰਿਤ ਰਿਸ਼ੀ, ਪਰਮਵੇਦ ਸੰਗਰੂਰ, ਸਰਬਜੀਤ ਉਖਲਾ, ਸਤਨਾਮ ਦਾਊਂ ਤੇ ਗੁਰਮੀਤ ਖਰੜ ਨੇ ਵੀ ਭਾਗ ਲਿਆ.

powered by social2s