ਡਾਇਣ ਦੇ ਨਾਮ ਤੇ ਅੰਧ-ਵਿਸ਼ਵਾਸੀ ਕਤਲ ਸਾਡੇ ਦੇਸ ਦੇ ਮੱਥੇ ’ਤੇ ਕਲੰਕ: ਤਰਕਸ਼ੀਲ
ਖਰੜ, 9 ਅਗਸਤ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਮਹੀਨਾਵਾਰੀ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ ਝਾਰਖੰਡ ਸੂਬੇ ਦੇ ਰਾਂਚੀ ਜਿਲੇ ਵਿੱਚ ਪੰਜ ਔਰਤਾਂ ਨੂੰ ਡਾਇਣ ਕਰਾਰ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਨਿੰਦਾ ਕਰਦਿਆਂ
ਤਰਕਸ਼ੀਲਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਗਿਆਨ ਦੇ ਅਜੋਕੇ ਯੁੱਗ ਵਿੱਚ ਸਾਡੇ ਦੇਸ ਦੇ ਮੱਥੇ ਉੱਤੇ ਕਲੰਕ ਦੀ ਤਰਾਂ ਹਨ. ਉਨਾਂ ਕਿਹਾ ਕਿ ਆਪਣੇ ਆਪ ਨੂੰ ਜਗਤ ਗੁਰੂ ਦਾ ਦਰਜਾ ਦੇਣ ਵਾਲੇ ਸਾਡੇ ਦੇਸ ਵਿੱਚ ਜੇਕਰ ਇੱਕੀਵੀਂ ਸਦੀ ਦੌਰਾਨ ਵੀ ਇਹੋ-ਜਿਹੇ ਮੱਧਯੁਗੀ ਵਰਤਾਰੇ ਜਾਰੀ ਹਨ ਤਾਂ ਸਾਨੂੰ ਆਪਣੀਆਂ ਮਾਨਤਾਵਾਂ ਦੀ ਪੜਚੋਲ ਕਰਨੀ ਪਵੇਗੀ. ਤਰਕਸ਼ੀਲਾਂ ਨੇ ਕਿਹਾ ਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਸੰਨ 2012 ਵਿੱਚ ਪੂਰੇ ਭਾਰਤ ਵਿੱਚ ਇਸ ਸੋਚ ਤਹਿਤ ਦੋ ਹਜ਼ਾਰ ਹੱਤਿਆਵਾਂ ਹੋਣਾ ਸਾਡੇ ਦੇਸ ਲਈ ਵਿਸ਼ਵ ਭਾਈਚਾਰੇ ਮੂਹਰੇ ਸ਼ਰਮ ਵਾਲ਼ੀ ਗੱਲ ਹੈ.
ਇਸ ਮੀਟਿੰਗ ਵਿੱਚ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਅਜਿਹਾ ਵੀ ਨਹੀਂ ਹੈ ਕਿ ਇਸ ਤਰਾਂ ਦੀਆਂ ਅੰਧ-ਵਿਸ਼ਵਾਸੀ ਘਟਨਾਵਾਂ ਪਛੜਿਆਂ ਰਾਜਾਂ ਵਿੱਚ ਹੀ ਵਾਪਰਦੀਆਂ ਹੋਣ. ਆਪਣੇ-ਆਪ ਨੂੰ ਅਗਾਂਹਵਧੂ ਹੋਣ ਦਾ ਦਰਜਾ ਦੇਣ ਵਾਲ਼ਾ ਪੰਜਾਬ ਵੀ ਅਜਿਹੀਆਂ ਘਟਨਾਵਾਂ ਤੋਂ ਮੁਕਤ ਨਹੀਂ ਹੈ. ਪੰਜਾਬ ਦੇ ਇਸ ਤਰਾਂ ਦੀਆਂ ਘਟਨਾਵਾਂ ਤੋਂ ਪੀੜਿਤ ਹੋਣ ਦੀਆਂ ਬਹੁਤ ਸਾਰੀਆਂ ਮਿਸਾਲਾਂ ਵਿੱਚੋਂ ਇੱਕ ਮੋਗੇ ਜਿਲੇ ਵਿੱਚ ਪਿਛਲੇ ਦਿਨੀ ਅਖੌਤੀ ਤਾਂਤਰਿਕ ਔਰਤ ਵੱਲੋਂ ਚਿਮਟੇ ਮਾਰ ਕੇ ਇੱਕ ਬੱਚੀ ਦੀ ਹੱਤਿਆ ਕਰਨਾ ਹੈ. ਉਨਾਂ ਕਿ ਮਹਾਂਰਾਸ਼ਟਰ ਦੀ ਤਰਜ ਉੱਤੇ ਦੁਜੇ ਸੂਬਿਆਂ ਵਿੱਚ ਵੀ ਜਾਦੂ-ਟੂਣਾ ਵਿਰੋਧੀ ਕਾਨੂੰਨ ਬਣਾ ਕੇ ਹੀ ਇਸ ਤਰਾਂ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕਦੀ ਹੈ.
ਇਸ ਮੀਟਿੰਗ ਦੌਰਾਨ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਵਿਗਿਆਨਿਕ ਸੋਚ ਦੇ ਪ੍ਰਚਾਰ ਅਤੇ ਪਸਾਰ ਸਦਕਾ ਹੀ ਅੰਧ ਵਿਸ਼ਵਾਸਾਂ ਦੇ ਚੌਰਾਹੇ ਵਿੱਚ ਭਟਕਦੀ ਲੋਕਾਈ ਨੂੰ ਰੌਸ਼ਨੀ ਦੇ ਸਫਰ ਤੇ ਤੋਰਿਆ ਜਾ ਸਕਦਾ ਹੈ. ਵਹਿਮ-ਭਰਮ ਅਤੇ ਅੰਧ ਵਿਸ਼ਵਾਸ਼ ਇਸ ਲਈ ਜਾਰੀ ਹਨ ਕਿ ਇਸ ਨਾਲ ਇੱਕ ਵਿਸੇਸ ਵਰਗ ਦੇ ਆਰਥਿਕ ਹਿਤ ਜੁੜੇ ਹੋਏ ਹਨ. ਅੰਧ-ਵਿਸ਼ਵਾਸਾਂ ਦਾ ਬੁਨਿਆਦੀ ਮਕਸਦ ਲੋਟੂਆਂ ਵੱਲੋਂ ਆਰਾਮ ਨਾਲ਼ ਮਿਹਨਤਕਸ਼ਾਂ ਨੂੰ ਲੁੱਟਣ ਦਾ ਮੌਕਾ ਦੇਣਾ ਹੀ ਹੁੰਦਾ ਹੈ. ਇਸ ਮੀਟਿੰਗ ਵਿੱਚ ਹਾਜ਼ਰ ਕਰਮਜੀਤ ਸਕਰੁੱਲਾਂਪੁਰੀ, ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਸਰਿੰਦਰ ਸਿੰਬਲ਼ਮਾਜਰਾ, ਰਾਜੇਸ਼ ਸਹੌੜਾਂ, ਮਾਸਟਰ ਜਰਨੈਲ ਸਹੌੜਾਂ, ਆਮੀਨ ਤੇਪਲ਼ਾ, ਆਦਿ ਤਰਕਸ਼ੀਲ ਕਾਮਿਆਂ ਨੇ ਅੰਧ-ਵਿਸ਼ਵਾਸਾਂ ਖਿਲਾਫ ਚੱਲਦੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਮਹਿਸੂਸ ਕੀਤੀ.