ਤਰਕਸ਼ੀਲ ਲਹਿਰ ਦਾ ਨਾਇਕ: ਕ੍ਰਿਸ਼ਨ ਬਰਗਾੜੀ                                                                     

  ਰਾਮ ਸਵਰਨ ਲੱਖੇਵਾਲੀ

ਮਨੁੱਖ ਦਾ ਜੀਵਨ ਇੱਕ ਸੰਘਰਸ਼ ਹੈ. ਇਹ ਬੇਸ਼ਕੀਮਤੀ ਹੈ ਤੇ ਥੋੜ੍ਹਚਿਰਾ ਵੀ. ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਲੋਕ ਹਿਤਾਂ ਲਈ ਜੀਣ ਥੀਣ ਵਾਲੇ ਵਿਰਲੇ ਹੀ ਹੁੰਦੇ ਹਨ. ਸਮਾਜ ਦੇ ਭਲੇ ਤੇ ਖੁਸ਼ਹਾਲੀ ਲਈ ਮੂਹਰੇ ਹੋ ਕੇ ਤੁਰਨ ਵਾਲੇ ਜਿੰਦਗੀ ਦੇ ਨਾਇਕ ਬਣਦੇ ਹਨ.  ਘਰ ਤੋਂ ਕੰਮ ਤੇ ਜਾਣਾ ਤੇ ਫਿਰ ਵਾਪਸ ਘਰ ਪਰਤਣਾ...ਘਰ, ਦਫ਼ਤਰ ਦੇ ਕੰਮ ਵਕਤ ਦੇ ਸਫ਼ਿਆਂ ਤੇ ਪੈੜਾਂ ਕਰਨ ਦੇ ਸਮਰੱਥ ਨਹੀਂ ਹੁੰਦੇ  ਨਾ ਹੀ ਆਪਣੇ ਲਈ ਜੀਵੀ ਅਜਿਹੀ ‘ਜਿੰਦਗੀ , ਜਿੰਦਾਬਾਦ’ਤੇ ਸਲਾਮ ਦੀ ਹੱਕਦਾਰ ਹੁੰਦੀ ਹੈ. ਸਗੋਂ ਉਹ ਮਨੁੱਖ਼ ਹੀ ਲੋਕ ਮਨਾਂ ਤੇ ਛਾਪ ਛਡਦੇ ਹਨ ਜਿਹੜ ਨਿਵੇਕਲੇ ਰਾਹਾਂ ਦੇ ਪਾਂਧੀ ਹੁੰਦੇ ਹਨ, ਜੋ ਵਹਿੰਦੇ ਪਾਣੀਆਂ ਵਾਂਗ ਰਸਤੇ ਦੀਆਂ ਮੁਸ਼ਕਲਾਂ ਨੂੰ ਆਪਣੇ ਨਾਲ ਵਹਾਉਂਦੇ ਹੋਏ ਇੱਕ ਦਿਨ, ਮੰਜਿਲ ਦੇ ਸ਼ਹੁ ਸਾਗਰ 'ਚ ਜਾ ਮਿਲਦੇ ਹਨ. ਅਜਿਹੀ ਮੰਜਿਲ ਦੇ ਰਾਹੀ ਹੀ ਸਿਦਕ ਤੇ ਲਗਨ ਨਾਲ ਹਨੇਰਿਆਂ 'ਚ ਜੁਗਨੂੰ ਬਣ ਕੇ ਚਾਨਣ ਦੀ ਲੀਕ ਛਡਦੇ ਹਨ ਜਿਹੜੀ ਉਹਨਾਂ ਦੇ ਵਾਰਸਾਂ ਰਾਹੀਂ ਰੌਸ਼ਨੀ ਬਣਕੇ ਬਿਖ਼ਰਦੀ ਰਹਿੰਦੀ ਹੈ. ਅਜਿਹੀਆਂ ਰਾਹਾਂ ਤੇ ਸਿਦਕ ਦਿਲੀ ਨਾਲ ਤੁਰਨ ਵਾਲਾ ਸੀ ਕ੍ਰਿਸ਼ਨ ਬਰਗਾੜੀ ਜਿਸ ਨੇ ਆਪਣਾ ਜੀਵਨ ਲੋਕ ਹਿਤਾਂ ਲਈ ਲਾਇਆ ਤੇ ਤਰਕਸ਼ੀਲ ਲਹਿਰ ਦੇ ਨਾਇਕ ਦਾ ਦਰਜਾ ਹਾਸਲ ਕੀਤਾ.

ਜਿੰਦਗੀ ਦੇ ਅਜਿਹੇ ਨਾਇਕਾਂ ਦਾ ਦਾਇਰਾ ਪਿੰਡ, ਸ਼ਹਿਰ, ਰਾਜ ਤੇ ਦੇਸ਼ ਤੋਂ ਵੀ ਵਿਸ਼ਾਲ ਹੁੰਦਾ ਹੈ. ਉਹਨਾਂ ਲਈ ਸਮੂਹ ਦੀ ਜਿੱਤ ਤੇ ਖ਼ੁਸ਼ੀ ਪਹਿਲ ਪ੍ਰਿਥਮੇ ਹੁੰਦੀ ਹੈ. ਮਾਨਵਤਾ ਦਾ ਭਲਾ ਉਹਨਾਂ ਦਾ ਆਦਰਸ਼ ਤੇ ਸੁਪਨਾ ਹੁੰਦਾ ਹੈ. ਪੰਜਾਬ ਦੇ ਕਾਲੇ ਦੌਰ ਦੇ ਸ਼ੁਰੂਆਤੀ ਸਮੇਂ 'ਚ ਹੀ ਤਿੰਨ ਦਹਾਕੇ ਪਹਿਲਾਂ ਪੰਜਾਬ ਦੀ ਫਿਜ਼ਾ ’ਚ ਸਮਾਜ ਨੂੰ ਅੰਧਵਿਸ਼ਵਾਸਾਂ ਤੇ ਜਨਮਾਂ-ਕਰਮਾਂ ਦੇ ਭਰਮ ਭੁਲੇਖਿਆਂ ਤੋਂ ਦੂਰ ਕਰਨ ਦੀ ਨਵੀਂ ਸੋਚ ਨੇ ਅੰਗੜਾਈ ਭਰੀ. ਉਸ ਦੌਰ 'ਚ ਜਦ ਆਪਣੀ ਮਰਜ਼ੀ ਨਾਲ ਜਿਉਣ, ਸੋਚਣ ਤੇ ਪਹਿਨਣ ਤੇ ‘‘ਦਹਿਸ਼ਤ’ ਦਾ ਪਹਿਰਾ ਸੀ...ਉਸ ਸਮੇਂ 'ਚ ਸਮਾਜ ਨੂੰ ਵਿਗਿਆਨਕ ਸੋਚ ਦੀ ਜਾਗ ਲਾਉਣ ਲਈ ਤਰਕਸ਼ੀਲਾਂ ਦਾ ਇੱਕ ਕਾਫ਼ਲਾ ਤੁਰਿਆ. ਫਰੀਦਕੋਟ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਬਰਗਾੜੀ ਦਾ ਜਾਇਆ ਕ੍ਰਿਸ਼ਨ ਬਰਗਾੜੀ ਉਸ ਕਾਫ਼ਲੇ ਨਾਲ ਇੱਕ ਮੈਂਬਰ ਬਣ ਕੇ ਤੁਰਿਆ, ਜਿਸ ਨੇ ਬਾਅਦ 'ਚ ਇਸ ਕਾਫ਼ਲੇ ਦੀ ਅਗਵਾਈ ਕੀਤੀ ਤੇ ਆਪਣੇ ਥੋੜ੍ਹ -ਚਿਰੇ ਜੀਵਨ 'ਚ ਅਜਿਹੀਆਂ ਪੈੜਾਂ ਪਾਈਆਂ ਕਿ ਉਹ ਸੱਚੀ-ਸੁੱਚੀ ਜੀਵਨ ਜਾਂਚ ਦਾ ਇੱਕ ਰਾਹ ਬਣ ਗਿਆ. ਉਸ ਦੇ ਮੱਥੇ 'ਚ  ਬਲਦਾ ਗਿਆਨ ਦਾ ਦੀਵਾ... ਲੋਕਾਈ ਦੇ ਭਲੇ ਲਈ ਮਨ 'ਚ ਸੰਜੋਇਆ ਆਦਰਸ਼... ਪ੍ਰੇਰਨਾ ਸ੍ਰੋਤ ਬਣਿਆ. ਉਹ ਆਪਣੇ ਸਮਿਆਂ ਦਾ ਨਾਮਵਰ ਕਬੱਡੀ ਖਿਡਾਰੀ ਸੀ ਤੇ ਬਿਜਲੀ ਕਾਮਿਆਂ ਦੀ ਹਰਮਨ ਪਿਆਰੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਸਿਰੜੀ ਕਾਮਾ.

ਤਰਕਸ਼ੀਲ ਲਹਿਰ 'ਚ ਸਿਦਕ ਦਿਲੀ ਨਾਲ ਕੰਮ ਕਰਕੇ ਉਸ ਨੇ ਪਿੰਡ ਬਰਗਾੜੀ ਨੂੰ ਪੰਜਾਬ ਦੇ ਨਕਸ਼ੇ ਤੇ ਉਭਾਰਿਆ. ਆਪਣਾ ਨਿੱਜ ਤਿਆਗਿਆ, ਸਮੂਹ ਦੇ ਹਿਤਾਂ ਨੂੰ ਪਹਿਲ ਦਿੱਤੀ. ਸਮਾਜ ਨੂੰ ਅੰਧ ਵਿਸ਼ਵਾਸਾਂ ਤੋਂ ਮੁਕਤ ਕਰਨ ਲਈ ਤਰਕ ਦੀਆਂ ਕਿਰਨਾਂ ਬਿਖ਼ੇਰੀਆਂ. ਲੋਕਾਂ ਦੇ ਮਨ ਮਸਤਕ ’ਚ ਕੀ, ਕਿਉਂ ਤੇ ਕਿਵੇਂ ਦੇ ਸੁਆਲ ਪੈਦਾ ਕੀਤੇ. ਤਰਕਸ਼ੀਲ ਕਾਫ਼ਲੇ ਨੂੰ ਬੁਲੰਦੀ ਤੇ ਲਿਜਾਣ ਲਈ ਦਿਨ ਰਾਤ ਇੱਕ ਕੀਤਾ. ਰਸਤੇ 'ਚ ਰੁਕਾਵਟਾਂ ਵੀ ਆਈਆਂ,‘ਕਾਲੇ ਦੌਰ’ ਨੇ ਉਸ ਦੇ ਕਦਮਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ...ਉਹ ਅਡੋਲ ਰਿਹਾ ਤੇ ਬੇਖ਼ੌਫ਼ ਆਪਣੀ ਮੰਜਿਲ ਵੱਲ ਤੁਰਦਾ ਗਿਆ. ਇਹ ਤਰਕਸ਼ੀਲਾਂ ਦੇ ਯਤਨਾਂ ਦਾ ਹੀ ‘‘ਫ਼ਲ’ ਸੀ ਕਿ  ਸਾਧ ਸਿਆਣਿਆਂ, ਤਾਂਤਰਿਕਾਂ, ਮਾਨਸਿਕ ਰੋਗਾਂ ਤੇ ਭਰਮ ਭੁਲੇਖਿਆਂ ਦਾ ਸ਼ਿਕਾਰ ਮਨੋਰੋਗੀ ਤਰਕਸ਼ੀਲਾਂ ਦੇ ਮਨੋਵਿਗਿਆਨਕ ਢੰਗ ਤਰੀਕਿਆਂ ਤੋਂ ਰਾਹਤ ਪਾਉਣ ਲੱਗੇ. ਤਰਕਸ਼ੀਲ ਸਾਹਿਤ ਆਮ ਲੋਕਾਂ ਦੇ ਹੱਥਾਂ ਤੱਕ ਪਹੁੰਚਿਆ. ਲੋਕਾਈ ਨੇ ਸਾਹਿਤ  ’ਚੋਂ ਜਿੰਦਗੀ ਨੂੰ ਤੱਕਿਆ.  ਬਰਗਾੜੀ ਦੇ ਇਸ ਨਾਇਕ ਨੇ ਆਪਣੇ ਕਾਫ਼ਲੇ ਨਾਲ ਮਿਲ ਕੇ ਆਪਣੇ ਘਰ 'ਚ ਹੀ ਮਨੋਰੋਗ ਮਸ਼ਵਰਾ ਕੇਂਦਰ ਖ਼ੋਲ੍ਹਿਆ... ਤੇ ਪਿੱਛੇ ਮੁੜ ਕੇ ਨਹੀਂ ਵੇਖਿਆ...ਫਿਰ ਕੀ ਸੀ, ਰਹੱਸਮਈ ਜਾਪਦੀਆਂ ਘਟਨਾਵਾਂ ਤੇ ਮਾਨਸਿਕ ਰੋਗੀਆਂ ਦੀਆਂ ਮਨੋ-ਗੁੰਝਲਾਂ ਦੀਆਂ ਪਰਤਾਂ ਸਾਹਮਣੇ ਆਉਣ ਲੱਗੀਆਂ ਤੇ ਤਰਕਸ਼ੀਲਾਂ ਦਾ ਕਾਫ਼ਲਾ ਇੱਕ ਲਹਿਰ 'ਚ ਤਬਦੀਲ ਹੋਣ ਲੱਗਾ.

ਉਸ ਨੇ ਆਪਣੇ ਅਮਲਾਂ ਨਾਲ ਦਰਸਾਇਆ ਕਿ ਮਨੁੱਖ਼ ਸਮੂਹ ਤੇ ਲਹਿਰ ਨਾਲ ਜੁੜ ਕੇ ਹੀ ਵੱਡਾ ਹੁੰਦਾ ਹੈ. ਲੋਕਾਂ ਨੂੰ ਤਰਕ ਦਾ ਚਾਨਣ ਵੰਡਦਾ ਉਹ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ. ਜਿਉਂਦੇ ਜੀਅ ਆਪਣਾ ਜੀਵਨ ਲੋਕਾਂ ਲਈ ਲਾਇਆ ਰਿਹਾ ਤੇ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਉਸ ਨੇ ਆਪਣੇ ਪਰਿਵਾਰ ਤੇ ਤਰਕਸ਼ੀਲ ਕਾਫ਼ਲੇ ਦੇ ਸੰਗੀ ਸਾਥੀਆਂ ਕੋਲ ਆਪਣਾ ਸਰੀਰ ਮੈਡੀਕਲ ਖ਼ੋਜ ਕਾਰਜਾਂ ਲਈ ਭੇਂਟ ਕਰਨ ਦੀ ਇੱਛਾ ਜਤਾਈ. ਜਦ ਉਸ ਦੀ ਜਿੰਦਗੀ ਨੇ ਆਖ਼ਰੀ ਕਰਵਟ ਲਈ ਤਾਂ ਉਹ ਉੱਤਰੀ ਭਾਰਤ 'ਚ ਮੈਡੀਕਲ ਖ਼ੋਜ ਕਾਰਜਾਂ ਲਈ ਆਪਣਾ ਮ੍ਰਿਤਕ ਸਰੀਰ ਸੌਂਪਣ ਵਾਲਾ ਪਹਿਲਾ ‘‘ਦਾਨੀ’ ਬਣਿਆ. ਆਪਣੇ ਸੱਚੇ ਸੁੱਚੇ ਕਰਮ ਤੇ ਆਪਾਵਾਰੂ ਭਾਵਨਾ ਸਦਕਾ ਉਸ ਨੂੰ ਤਰਕਸ਼ੀਲ ਲਹਿਰ ਦੇ ਨਾਇਕ ਦਾ ਦਰਜਾ ਪ੍ਰਾਪਤ ਹੋਇਆ. ਭਾਵੇਂ ਉਹ ਸਰੀਰਕ ਰੂਪ 'ਚ ਇਸ ਦੁਨੀਆਂ 'ਚ ਨਹੀਂ ਪਰ ਉਸ ਨਾਇਕ ਦਾ ਸਫ਼ਰ ਅੱਜ ਵੀ ਜਾਰੀ ਹੈ ਜਿਸ ਨੂੰ ਕਾਫ਼ਲੇ ਤੋਂ ਲਹਿਰ 'ਚ ਤਬਦੀਲ ਹੋਏ ਉਸ ਦੇ ਸੰਗੀ ਸਾਥੀ ਅੱਗੇ ਤੋਰ ਰਹੇ ਹਨ. ਉਸ ਦੇ ਘਰ 'ਚ ਚਲਦਾ ਮਸ਼ਵਰਾ ਕੇਂਦਰ ਹੁਣ ਉਸ ਦੀ ਯਾਦ 'ਚ ਬਰਗਾੜੀ ਦੇ ਬਾਹਰਵਾਰ ਬਣੇ ਕੇਂਦਰ 'ਚ ਤਬਦੀਲ ਹੋ ਗਿਐ.... ਅੱਜ ਉਸ ਨਾਇਕ ਦੀ 13ਵੀਂ ਬਰਸੀ ਤੇ ਉਸ ਦੇ ਵਾਰਸ ਉਸ ਤੋਂ ਪ੍ਰੇਰਨਾ ਲੈ ਕੇ ਸਮਾਜ ਨੂੰ ਭਰਮ ਮੁਕਤ ਤੇ ਖੁਸ਼ਹਾਲ ਕਰਨ ਦੇ ਆਦਰਸ਼ ਨਾਲ ਉਸ ਦੇ ਪਿੰਡ ਵਾਸੀ, ਸਨੇਹੀ ਤੇ ਤਰਕਸ਼ੀਲ ਲਹਿਰ ਦੇ ਕਾਮੇ ਬਰਗਾੜੀ ਵਿਖੇ ਜੁੜਨਗੇ. ਉਸ ਨਾਇਕ ਦੀ ਯਾਦ 'ਚ ਸਥਾਪਿਤ ਐਵਾਰਡ ਪ੍ਰਸਿੱਧ ਮਨੋਰੋਗ ਮਾਹਿਰ ਡਾ. ਬਲਵੰਤ ਸਿੰਘ ਸਿੱਧੂ ਨੂੰ ਦਿੱਤਾ ਜਾਏਗਾ. ਕ੍ਰਿਸ਼ਨ ਬਰਗਾੜੀ ਦਾ ਆਦਰਸ਼ ਹੁਣ ਉਸ ਦੇ ਵਾਰਸਾਂ ਦੇ ਹਵਾਲੇ ਹੈ, ਜਿਸ ਤੇ ਉਹ ਸਿਦਕਦਿਲੀ ਨਾਲ ਤੁਰ ਰਹੇ ਹਨ.