ਅੰਧ-ਵਿਸ਼ਵਾਸਾਂ ਪ੍ਰਤੀ ਠੀਕ ਪਹੁੰਚ ਕੀ ਹੈ?

ਇਹ ਅੰਧ-ਵਿਸ਼ਵਾਸੀ ਵਰਤਾਰੇ ਕਿਉਂ ਚਾਲੂ ਰਹਿ ਰਹੇ ਹਨ? ਇਹ ਸਵਾਲ ਗਹਿਰ-ਗੰਭੀਰ ਵਿਚਾਰੇ ਜਾਣ ਦੀ ਮੰਗ ਕਰਦਾ ਹੈ. ਇਸ ਵਰਤਾਰੇ ਪ੍ਰਤੀ ਸਹੀ ਪਹੁੰਚ ਕੀ ਹੋਵੇ, ਇਸ ਨੂੰ ਜਾਣਨ ਅਤੇ ਸਮਝਣ ਲਈ ਆਪਾਂ ਆਪਣੀ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਇਹ ਵਰਤਾਰਾ ਕਿੰਨਾਂ ਹਾਲਤਾਂ ਦੀ ਕੁੱਖ ਚੋਂ ਪੈਦਾ ਹੁੰਦਾ ਹੈ. ਇਸ ਲਈ ਪਹਿਲਾਂ ਸਾਨੂੰ ਸਾਡੇ ਲੋਕਾਂ ਦੀਆਂ ਜੀਵਨ ਹਾਲਤਾਂ ’ਤੇ ਝਾਤ ਪਾਉਣੀ ਪਵੇਗੀ.

ਜੀਵਨ-ਹਾਲਤਾਂ:

ਸਾਡੇ ਦੇਸ਼ ਵਿੱਚ ਆਮ ਲੋਕ ਹਨ. ਜਿਹਨਾਂ ਦੀ ਜਾਂ ਤਾਂ ਬਿਲਕੁਲ ਕੋਈ ਆਮਦਨ ਨਹੀਂ ਭਾਵ ਭਿਖਾਰੀ ਹਨ ਜਾਂ ਫਿਰ 20 ਰੁਪੈ, 30 ਰੁਪੈ ਅਤੇ 50 ਰੁਪੈ ਹੈ ਅਤੇ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਦਾ ਮੋਟਾ ਅੰਦਾਜ਼ਾ 90 ਕਰੋੜ ਬਣ ਜਾਂਦਾ ਹੈ. ਲੂ ਅਤੇ ਠੰਡ ਲੱਗਣ ਨਾਲ ਅਤੇ ਭੁੱਖ ਨਾਲ ਮੌਤਾਂ ਹੋ ਰਹੀਆਂ ਹਨ, ਕੁਪੋਸ਼ਣ ਕਰਕੇ 18 ਲੱਖ ਬੱਚੇ ਮੌਤ ਦੇ ਮੂੰਹ 'ਚ ਜਾ ਰਹੇ ਹਨ, ਅਪਾਹਜ਼ ਜਿੰਦਗੀ ਜਿਉਣ ਵਾਲਿਆਂ ਦੀ ਗਿਣਤੀ ਵੱਖਰੀ ਹੈ, ਊਚ-ਨੀਚ ਕਰਕੇ ਸਮਾਜਕ ਜ਼ਬਰ ਚਾਲੂ ਹੈ, ਬਲਾਤਕਾਰ ਹੋ ਰਹੇ ਹਨ, 65 ਲੱਖ ਦੇ ਕਰੀਬ ਔਰਤਾਂ ਨੂੰ ਆਪਣੀ ਜ਼ਮੀਰ ਦੇ ਉਲਟ ਮਜ਼ਬੂਰੀ-ਵੱਸ ਵੇਸਵਾਗਮਨੀ ’ਚ ਪੈਣਾ ਪੈ ਰਿਹਾ ਹੈ, ਸ਼ੁੱਧ ਪਾਣੀ ਦੀ ਗੱਲ ਤਾਂ ਛੱਡੋ ਆਏ ਦਿਨ ਆਮ ਪੀਣ ਵਾਲੇ ਪਾਣੀ ਲਈ ਆਮ ਲੋਕ ਲੜ-ਭਿੜ ਰਹੇ ਹਨ. ਇੱਕ ਅਖਬਾਰੀ ਰਿਪੋਰਟ ਅਨੁਸਾਰ ਕਿਸੇ ਪਿੰਡ ਦੇ ਨੌਜਵਾਨਾਂ ਨੇ ਆਪਣੀਆਂ ਪਤਨੀਆਂ ਉਹਨਾਂ ਦੇ ਪੇਕੇ ਘਰ ਤੋਰ ਦਿੱਤੀਆਂ ਕਿਉਂਕਿ ਉਹਨਾਂ ਨੂੰ ਨਹਾਉਣ ਲਈ ਦੂਰ ਝਰਨੇ ’ਤੇ ਜਾਣਾ ਪੈਂਦਾ ਸੀ, ਜੋ ਜਵਾਨੀ ਦੀ ਉਮਰ ਵਿੱਚ ਅੱਛਾ ਨਹੀਂ ਸਮਝਿਆ ਜਾਂਦਾ. ਇਸ ਤੋਂ ਇਲਾਵਾ ਹੱਕ ਮੰਗਦੇ ਲੋਕ ਹਕੂਮਤੀ ਜ਼ਬਰ ਦਾ ਸ਼ਿਕਾਰ ਹੋ ਰਹੇ ਹਨ ਵਗੈਰਾ ਵਗੈਰਾ. ਇਸ ਕਾਲੀ ਤਸਵੀਰ ਦੇ ਘੇਰੇ ਨੂੰ ਜਿੰਨਾ ਮਰਜੀ ਵਿਸ਼ਾਲ ਕਰ ਲਵੋ. ਖੈਰ....

ਦੂਸਰੇ ਪਾਸੇ ਸਾਡੇ ਦੇਸ਼ ਵਿੱਚ ਕੁੱਲ 311 ਵੱਡੇ ਸਰਮਾਏਦਾਰ ਹਨ ਜਿਹਨਾਂ ਦੀ ਰੋਜ਼ਾਨਾ ਦੀ ਆਮਦਨ 28 ਲੱਖ ਰੁਪੈ ਹੈ. ਵੱਡੇ ਅਮੀਰਾਂ ਦਾ ਖਰਚਾ 8 ਲੱਖ 20 ਹਜ਼ਾਰ ਰੁਪੈ ਰੋਜ਼ਾਨਾ ਦਾ ਹੈ. ਮੁਕੇਸ਼ ਅੰਬਾਨੀ ਆਪਣੇ ਪੰਜ ਜੀਆਂ ਵਾਲੇ ਪਰਿਵਾਰ ਲਈ ਇੱਕ 27 ਮੰਜ਼ਿਲਾ ਭਵਨ ਬਣਾ ਰਿਹਾ ਹੈ ਜਿਸ ’ਤੇ ਕੁੱਲ ਖਰਚਾ 47000 ਕਰੋੜ ਆਵੇਗਾ. ਸੁਰੇਸ਼ ਕਲਮਾਂਡੀ ਸਾਲ ਭਰ ’ਚ 26 ਲੱਖ ਰੁਪੈ ਹਜ਼ਾਮਤ ’ਤੇ ਖਰਚ ਕਰਦਾ ਹੈ.

ਸਿੱਟਾ, ਅਮੀਰ ਧਿਰ ਨੂੰ ਬੁਨਿਆਦੀ ਲੋੜਾਂ ਦਾ ਤਾਂ ਕੀ ਫਿਕਰ ਹੋਣਾ ਹੈ ਬਲਕਿ ਉਹ ਐਸ਼ੋ-ਇਸ਼ਰਤ ਵਾਲਾ ਜੀਵਨ ਬਤੀਤ ਕਰ ਰਹੀ ਹੈ. ਇਸ ਦੇ ਉਲਟ ਆਮ ਲੋਕ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਭੁੱਖ ਮਰੀ, ਕੁਪੋਸ਼ਣ ਦਾ ਸ਼ਿਕਾਰ ਹਨ, ਬੇਗੈਰਤੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ. ਇਸ ਤਰ੍ਹਾਂ ਲੋਕਾਂ ਅਤੇ ਲੋਕਾਂ ਨੂੰ ਲੁੱਟਣ ਵਾਲੀ ਧਿਰ ਦੀਆਂ ਦੋ ਵਿਰੋਧੀ ਜੀਵਨ-ਹਾਲਤਾਂ ਹਨ.

ਮਾਨਸਿਕਤਾ ਅਤੇ ਜੀਵਨ-ਹਾਲਤਾਂ ਦਾ ਸਬੰਧ:

ਮਨੁੱਖ ਦੀਆਂ ਜੀਵਨ-ਹਾਲਤਾਂ ਕਿਵੇਂ ਉਸ ਦੀ ਮਾਨਸਿਕਤਾ ਨੂੰ ਤੈਅ ਕਰਨ ਵਿੱਚ ਮੁੱਖ ਰੋਲ ਅਦਾ ਕਰਦੀਆਂ ਹਨ, ਇਸ ਲਈ ਹਿਟਲਰ ਨੂੰ ਸੁਣੋ. ਉਸਨੇ ਸ਼ਰਾਬ ਪੀਣ ਵਾਲੇ ਮਜ਼ਦੂਰ ਦੀ ਮਾਨਸਿਕਤਾ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਜਦੋਂ ਮਜ਼ਦੂਰ ਕੰਮ ’ਤੇ ਜਾਣ ਲਈ ਘਰੋਂ ਤੁਰਦਾ ਹੈ ਤਾਂ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਕੰਮ ਮਿਲੇਗਾ ਵੀ ਜਾਂ ਨਹੀਂ, ਜੇਕਰ ਮਿਲੇਗਾ ਤਾਂ ਕਿੰਨੀ ਕੁ ਦਿਹਾੜੀ ਮਿਲੇਗੀ. ਕਈ ਵਾਰ ਉਸਨੂੰ ਲਗਾਤਾਰ ਕੰਮ ਮਿਲਦਾ ਹੈ ਅਤੇ ਕਈ ਵਾਰੀ ਲਗਾਤਾਰ ਕੰਮ ਤੋਂ ਜਵਾਬ ਮਿਲਦਾ ਰਹਿੰਦਾ ਹੈ. ਕਈ ਵਾਰੀ ਦਿਹਾੜੀ ਠੀਕ ਮਿਲਦੀ ਹੈ ਅਤੇ ਕਈ ਵਾਰੀ ਅੱਧ-ਪਚੱਧੀ ਜਾਂ ‘ਦੂਸਰੇ ਦਿਨ ਆਵੀਂ’ ਦਾ ਜਵਾਬ ਮਿਲ ਜਾਂਦਾ ਹੈ ਅਤੇ ਉਸਨੂੰ ਫਾਕਾ ਕੱਟਣਾ ਪੈਂਦਾ ਹੈ. ਅਜਿਹੀਆਂ ਗੈਰ-ਯਕੀਨੀ ਵਾਲੀਆਂ ਹਾਲਤਾਂ ਉਸਦੀ ਮਾਨਸਿਕਤਾ ਵਿੱਚ ਗੈਰ-ਯਕੀਨੀ ਭਰ ਦਿੰਦੀਆਂ ਹਨ. ਗੈਰ-ਯਕੀਨੀ ਹਾਲਤਾਂ ’ਚ ਰਹਿਣਾ ਉਸਦੇ ਸੁਭਾਅ ਦਾ ਅੰਗ ਬਣ ਜਾਂਦਾ ਹੈ. ਫਿਰ ਜਿਸ ਦਿਨ ਉਸਨੂੰ ਦਿਹਾੜੀ ਮਿਲਦੀ ਹੈ ਤਾਂ ਉਹ ਸੋਚਦਾ ਹੈ 'ਅੱਜ ਪਊਆ ਲਾ ਲੋ, ਕੱਲ ਦੀ ਕੱਲ ਨਾਲ ਦੇਖੀ ਜਾਊ.’

ਸਾਡੇ ਤਰਕਸ਼ੀਲ ਖੇਤਰ ਦੀ ਮਿਸ਼ਾਲ ਲਵੋ. ਸਾਡੇ ਕੋਲ ਕਿੰਨੀਆਂ ਹੀ ਰਹੱਸਮਈ ਜਾਪਦੀਆਂ ਘਟਨਾਵਾਂ ਕਰਨ ਦੇ ਅਤੇ ਮਾਨਸਿਕ ਉਲਝਣਾਂ ਵਾਲੇ ਕੇਸ ਆਉਂਦੇ ਹਨ ਜਿਹਨਾਂ ਨੂੰ ਆਮ ਲੋਕ ਕਿਸੇ ਅਖੌਤੀ ਗੈਬੀ-ਸ਼ਕਤੀ ਦਾ ਕਾਰਾ ਮੰਨਦੇ ਹੁੰਦੇ ਹਨ. ਪਰ ਪੜਤਾਲ ਉਪਰੰਤ ਇਹਨਾਂ ਕੇਸਾਂ ਵਿੱਚ ਕੋਈ ਨਾ ਕੋਈ ਆਰਥਕ, ਸਮਾਜਕ, ਸਭਿਆਚਾਰਕ ਅਤੇ ਸਰੀਰਕ ਕਾਰਨ ਹੀ ਪਾਇਆ ਜਾਂਦਾ ਹੈ. ਸਿੱਟਾ ਇਹ ਕਿ ਰਹੱਸਮਈ ਜਾਪਦੀਆਂ ਘਟਨਾਵਾਂ ਕਰਨ ਜਾਂ ਮਾਨਸਿਕ ਉਲਝਣ ਦਾ ਸ਼ਿਕਾਰ ਹੋ ਜਾਣ ਵਿੱਚ ਮੁੱਖ ਰੋਲ ਮਨੁੱਖ ਦੀਆਂ ਜੀਵਨ ਹਾਲਤਾਂ ਦਾ ਹੁੰਦਾ ਹੈ.

ਸੋ ਮਨੁੱਖ ਦੀ ਮਾਨਸਿਕਤਾ (ਠੀਕ ਜਾਂ ਗਲਤ) ਨੂੰ ਮੁੱਖ ਤੌਰ ’ਤੇ ਵੇਲੇ ਦੀਆਂ ਹਾਲਤਾਂ ਤੈਅ ਕਰਦੀਆਂ ਹਨ. ਇਸ ਕਰਕੇ ਸਾਡੇ ਸਮਾਜ ਦੇ ਆਮ ਲੋਕਾਂ ਦੀ ਮਾਨਸਿਕਤਾ ਨੂੰ ਅੰਧ-ਵਿਸ਼ਵਾਸੀ ਬਣਾਉਣ ਲਈ ਵੀ ਉਹਨਾਂ ਦੀਆਂ ਅਜੋਕੀਆਂ ਜੀਵਨ-ਹਾਲਤਾਂ ਦਾ ਹੀ ਮੁੱਖ ਰੋਲ ਹੈ. ਕਿਉਂ? ਕਿਉਂਕਿ ਆਮ ਲੋਕਾਂ ਨੂੰ ਉਹਨਾਂ ਦੇ ਰੋਜ਼ਾਨਾ ਜੀਵਨ ’ਚ ਇਸ ਸੱਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿਰਤ ਕਰਨ ਦੇ ਬਾਵਜੂਦ ਉਹਨਾਂ ਦੀਆਂ ਭੈੜੀਆਂ ਹਾਲਤਾਂ ਹਨ ਜਦੋਂ ਕਿ ਵਿਹਲੜ ਲੋਕ ਐਸ਼-ਪ੍ਰਸਤੀ ਵਾਲਾ ਜੀਵਨ ਬਿਤਾ ਰਹੇ ਹਨ. ਇਹ ਦੋ ਵਿਰੋਧੀ ਜੀਵਨ-ਹਾਲਤਾਂ ਦਾ ਲੋਕਾਂ ਨੂੰ ਕੌੜਾ ਅਨੁਭਵ ਤਾਂ ਹੁੰਦਾ ਹੈ ਪਰ ਉਹ ਇਸਦੇ ਕਾਰਨ ਸਮਝਣ ਤੋਂ ਅਸਮਰਥ ਹਨ. ਉਹ ਉਹਨਾਂ ਦੀਆਂ ਇਹ ਭੈੜੀਆਂ ਜੀਵਨ-ਹਾਲਤਾਂ ਦਾ ਰਹੱਸ ਨਹੀਂ ਸਮਝ ਸਕਦੇ. ਬਸ, ਇਹ ਰਹੱਸ ਉਹਨਾਂ ਦੀ ਮਾਯੂਸੀ ਦਾ ਕਾਰਨ ਬਣ ਜਾਂਦਾ ਹੈ. ਅੱਗੇ ਇਹ ਮਾਯੂਸੀ ਉਹਨਾਂ ਨੂੰ ਹਨੇਰੇ ’ਚ ਤੀਰ ਚਲਾਉਣ ਵਾਂਗ ਅੰਧ-ਵਿਸ਼ਵਾਸੀ ਹੋਣ ਵੱਲ ਧੱਕਦੀ ਹੈ. ਉਹ ਆਪਣੀਆਂ ਹਾਲਤਾਂ ਨੂੰ ਉਹਨਾਂ ਦੀ ਮਾੜੀ ਕਿਸਮਤ, ਪਿਛਲੇ ਜਨਮ ਦੇ ਮਾੜੇ ਕਰਮਾਂ ਦੀ ਸਜ਼ਾ, ਕਿਸੇ ਦੈਵੀ ਸ਼ਕਤੀ ਦੀ ਕਰੋਪੀ, ਕਿਸੇ ਗੁਰੂ-ਪੀਰ ਦਾ ਸਰਾਪ ਜਾਂ ਅਜਿਹੇ ਕਿਸੇ ਹੋਰ ਅੰਧ-ਵਿਸ਼ਵਾਸ ਨਾਲ ਜੋੜਕੇ ਦੇਖਣ ਲੱਗ ਪੈਂਦੇ ਹਨ ਅਤੇ ਜੀਵਨ ਦੀਆਂ ਸਮੱਸਿਆਵਾਂ ਤੇ ਵਰਤਾਰਿਆਂ ਪ੍ਰਤੀ ਅੰਧ-ਵਿਸ਼ਵਾਸੀ ਪਹੁੰਚ ਅਪਣਾਉਣ ਲੱਗਦੇ ਹਨ.

ਇਸ ਲਈ ਜਿੰਨੀ ਦੇਰ ਤੱਕ ਸਮਾਜ ਵਿੱਚ ਉਪਰੋਕਤ ਜ਼ਿਕਰ ਕੀਤੀਆਂ ਦੋ ਵਿਰੋਧੀ ਜੀਵਨ-ਹਾਲਤਾਂ ਰਹਿਣਗੀਆਂ, ਇਹ ਅੰਧ-ਵਿਸ਼ਵਾਸੀ ਵਰਤਾਰੇ ਲਈ ਜੰਮਣ ਭੋਇੰ ਬਣੀਆਂ ਰਹਿਣੀਆਂ ਹਨ ਅਤੇ ਇਹ ਵਰਤਾਰਾ ਚਾਲੂ ਰਹੇਗਾ.

ਜੀਵਨ-ਹਾਲਤਾਂ ਤੇ ਮਾਨਸਿਕਤਾ ਦਾ ਸਬੰਧ:

ਪਹਿਲਾਂ ਕਿਰਤੀਆਂ ਦੀ ਮਿਸਾਲ ਲਵੋ. ਇੱਕ ਕਾਰਖਾਨੇ ਵਿੱਚ ਦੋ ਮਜ਼ਦੂਰ ਕਿਰਤ ਕਰਦੇ ਹਨ, ਇੱਕ ਅੰਧ-ਵਿਸ਼ਵਾਸੀ ਹੈ ਪਰ ਦੂਸਰਾ ਨਹੀਂ. ਫਰਜ਼ ਕਰੋ ਉਹਨਾਂ ਨੂੰ ਇੱਕੋ ਜਿੰਨੀ ਉਜਰਤ ਮਿਲਦੀ ਹੈ. ਕੀ ਇਹਨਾਂ ਦੋਨਾਂ ਮਜ਼ਦੂਰਾਂ ਦੀਆਂ ਹਾਲਤਾਂ ਵਖੋ-ਵੱਖਰੀਆਂ ਹੋ ਸਕਣਗੀਆਂ ? ਨਹੀਂ. ਇਹ ਉਨੀਂ-ਇੱਕੀ ਦੇ ਫਰਕ ਨਾਲ ਭੈੜੀਆਂ ਹੀ ਰਹਿਣੀਆਂ ਹਨ. ਇਹ ਦਰਸਾਉਣ ਦੀ ਲੋੜ ਨਹੀਂ ਕਿ ਕਿਰਤੀਆਂ ਦੀ ਜੀਵਨ-ਹਾਲਤ ਭੈੜੀ ਹੀ ਰਹਿੰਦੀ ਹੈ.

ਹੁਣ ਵਿਹਲੜ ਅਮੀਰਾਂ ਦੀ ਮਿਸਾਲ ਲਵੋ. ਮੰਨ ਲਵੋ ਦੋ ਅਮੀਰਾਂ ਵਿੱਚੋਂ ਇੱਕ ਅੰਧ-ਵਿਸ਼ਵਾਸੀ ਹੈ ਪਰ ਦੂਸਰਾ ਨਹੀਂ. ਪਰ ਇਹਨਾਂ ਦੋਨਾਂ ਦੀ ਆਮਦਨ ਲੱਖਾਂ ਰੁਪੈ ਰੋਜ਼ਾਨਾ ਹੈ. ਇਸ ਲਈ ਉਹਨਾਂ ਦੋਨਾਂ ਦੀਆਂ ਜੀਵਨ-ਹਾਲਤਾਂ ਵੀ ਉਨੀਂ-ਇੱਕੀ ਦੇ ਫਰਕ ਨਾਲ ਚੰਗੇਰੀਆਂ ਹੀ ਹੋਣਗੀਆਂ ਕਿਉਂਕਿ ਉਹਨਾਂ ਦੀ ਆਮਦਨੀ ਦਾ ਪੱਧਰ ਇੱਕੋ-ਜਿਹਾ ਹੈ.

ਮੁਕਦੀ ਗੱਲ ਇਹ ਹੈ ਕਿ ਜੀਵਨ-ਹਾਲਤਾਂ ਅਤੇ ਮਾਨਸਿਕਤਾ ਦਾ ਸਬੰਧ ਇਹ ਹੈ ਕਿ ਜੀਵਨ-ਹਾਲਤਾਂ ਦੇ ਚੰਗੀਆਂ ਅਤੇ ਮਾੜੀਆਂ ਹੋਣ ਨੂੰ ਮਾਨਸਿਕਤਾ ਤੈਅ ਨਹੀਂ ਕਰਦੀ ਬਲਕਿ ਇਸ ਦਾ ਮੁੱਖ ਤੇ ਬੁਨਿਆਦੀ ਕਾਰਨ ਆਰਥਕਤਾ ਵਿੱਚ ਹੈ. ਇਸ ਦੇ ਨਾਲ ਹੀ ਇਹ ਗੱਲ ਕਰਨੀ ਵੀ ਜ਼ਰੂਰੀ ਹੈ ਕਿ ਜਦੋਂ ਅਸੀਂ ਇੱਥੇ ਆਰਥਕਤਾ ਨੂੰ ਮੁੱਖ ਅਤੇ ਬੁਨਿਆਦੀ ਕਾਰਨ ਕਹਿੰਦੇ ਹਾਂ ਤਾਂ ਇਸ ਦਾ ਭਾਵ ਕੀ ਹੈ ? ਮੰਨ ਲਵੋ ਕੋਈ ਅਮੀਰ ਅੰਧ-ਵਿਸ਼ਵਾਸੀ ਹੋਵੇ ਤਾਂ ਵੀ ਉਹ ਅਮੀਰ ਚੰਗੇਰੀ ਹਾਲਤ 'ਚ ਹੀ ਰਹੇਗਾ ਭਾਵੇਂ ਕਿ ਉਹ ਅੰਧ-ਵਿਸ਼ਵਾਸੀ ਬਣਕੇ ਚੜ੍ਹਾਵੇ ਆਦਿ ਰਾਹੀਂ ਆਪਣੀ ਆਮਦਨੀ ਦਾ ਕੁੱਝ ਹਿੱਸਾ ਕੱਢੀ ਵੀ ਜਾਵੇ. ਉਸਦੀ ਹਾਲਤ ’ਚ ਮਿਕਦਾਰੀ ਤਬਦੀਲੀ ਹੀ ਆਵੇਗੀ ਪਰ ਸਿਫਤੀ ਤਬਦੀਲੀ ਨਹੀਂ ਭਾਵ ਇਹ ਅੰਧ-ਵਿਸ਼ਵਾਸੀ ਕਾਰਣ ਉਸਨੂੰ ਲੱਖ-ਪਤੀ ਤੋਂ ਨੰਗ-ਪਤੀ ਨਹੀਂ ਬਣਾ ਸਕਣਗੇ. ਇਵੇਂ ਹੀ ਜੇਕਰ ਕਿਸੇ ਦੀ ਪਹਿਲਾਂ ਹੀ ਮਾੜੀ ਹਾਲਤ ਹੋਵੇ ਅਤੇ ਨਾਲ ਦੀ ਨਾਲ ਉਹ ਅੰਧ-ਵਿਸ਼ਵਾਸੀ ਹੁੰਦਾ-ਹੋਇਆ ਆਪਣੀ ਹੋਰ ਲੁੱਟ ਕਰਾਉਂਦਾ ਰਹੇ ਤਾਂ ਉਸਦੀ ਹਾਲਤ ਹੋਰ ਮਾੜੀ ਹੋ ਜਾਵੇਗੀ. ਇਹ ਗਰੀਬੀ ਦੇ ਪ੍ਰਸੰਗ ਵਿੱਚ ਮਿਕਦਾਰੀ ਤਬਦੀਲੀ ਹੀ ਰਹੇਗੀ.

ਸੋ ਅੰਧ-ਵਿਸ਼ਵਾਸ ਦੀ ਭੂਮਿਕਾ ਮਨੁੱਖ ਦੀਆਂ ਆਰਥਕ ਜੀਵਨ-ਹਾਲਤਾਂ 'ਚ ਮਿਕਦਾਰੀ ਤਬਦੀਲੀ ਤਾਂ ਲਿਆ ਸਕਦੀ ਹੈ ਪਰ ਸਿਫਤੀ ਤਬਦੀਲੀ ਨਹੀਂ. ਮਨੁੱਖ ਦੀਆਂ ਜੀਵਨ-ਹਾਲਤਾਂ ਨੂੰ ਤੈਅ ਕਰਨ ਵਿੱਚ ਮੁੱਖ ਅਤੇ ਬੁਨਿਆਦੀ ਕਾਰਨ ਆਰਥਕਤਾ ਹੀ ਹੈ ਨਾ ਕਿ ਮਨੁੱਖ ਦੀ ਅੰਧ-ਵਿਸ਼ਵਾਸੀ ਮਾਨਸਿਕਤਾ. ਹਾਂ, ਇਹ ਠੀਕ ਹੈ ਕਿ ਮਨੁੱਖ ਦੀਆਂ ਭੈੜੀਆਂ ਜੀਵਨ-ਹਾਲਤਾਂ ਬਣਾਉਣ ਵਾਲੇ ਆਰਥਕ-ਰਾਜਨੀਤਿਕ ਪ੍ਰਬੰਧ ਨੂੰ ਬਦਲਣ ਲਈ ਮਨੁੱਖੀ ਕੋਸ਼ਿਸ਼ਾਂ ਹੀ ਸਫਲ ਬਣਾਉਂਦੀਆਂ ਹਨ.

ਹੁਣ ਅੰਧ-ਵਿਸ਼ਵਾਸਾਂ ਪ੍ਰਤੀ ਦੋ ਇੱਕ-ਪਾਸੜ ਅਤੇ ਗਲਤ ਪਹੁੰਚਾਂ ਕਿਹੜੀਆਂ ਹਨ, ਇਹ ਦੇਖਦੇ ਹਾਂ.

ਦੋ ਇੱਕ-ਪਾਸੜ ਅਤੇ ਗਲਤ ਪਹੁੰਚਾਂ:

ਆਪਾਂ ਉੱਪਰ ਵਿਚਾਰ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਮਨੁੱਖ ਦੀ ਮਾਨਸਿਕਤਾ ਨੂੰ ਉਸ ਸਮੇਂ ਦੀਆਂ ਜੀਵਨ-ਹਾਲਤਾਂ ਤੈਅ ਕਰਦੀਆਂ ਹਨ. ਨਾਲ ਹੀ ਇਹ ਸਿੱਟਾ ਵੀ ਕੱਢਿਆ ਕਿ ਮਨੁੱਖ ਦੀ ਜੀਵਨ-ਹਾਲਤਾਂ ਦੇ ਚੰਗੀਆਂ ਅਤੇ ਭੈੜੀਆਂ ਹੋਣ ਦਾ ਕਾਰਨ ਮਾਨਸਿਕਤਾ ਵਿੱਚ ਨਹੀਂ ਬਲਕਿ ਆਰਥਕਤਾ ਵਿੱਚ ਹੈ. ਹੁਣ ਦੋ ਵੱਖੋ-ਵੱਖਰੀਆਂ ਪਹੁੰਚਾਂ ਦੇ ਇੱਕ-ਪਾਸੜ ਅਤੇ ਗਲਤ ਹੋਣ ਬਾਰੇ ਵਿਚਾਰਦੇ ਹਾਂ.

ਪਹਿਲੀ ਪਹੁੰਚ: ਇਹ ਸਮਝਦੀ ਹੈ ਕਿ ਕੇਵਲ ਤੇ ਕੇਵਲ ਪ੍ਰਚਾਰ ਨਾਲ ਹੀ ਮਨੁੱਖਤਾ ਨੂੰ ਅੰਧ-ਵਿਸ਼ਵਾਸਾਂ ਤੋਂ ਪੂਰਨ ਤੌਰ ’ਤੇ ਮੁੱਕਤ ਕੀਤਾ ਜਾ ਸਕਦਾ ਹੈ, ਉਹ ਇਸ ਲਈ ਇੱਕ-ਪਾਸੜ ਹੋ ਕੇ ਗਲਤ ਹੋ ਨਿੱਬੜਦੀ ਹੈ ਕਿ ਉਹ ਜੀਵਨ ਹਾਲਤਾਂ, ਜਿਸ ਵਿੱਚੋਂ ਇਹ ਅੰਧ-ਵਿਸ਼ਵਾਸੀ ਵਰਤਾਰਾ ਜੰਮਦਾ ਹੈ, ਦੇ ਰੋਲ ਨੂੰ ਨਕਾਰ ਦਿੰਦੀ ਹੈ. ਇਸਨੂੰ ਸਮਝਣ ਲਈ ਪਹਿਲਾਂ ਆਪਾਂ ਦੁਨੀਆਂ ਦੇ ਸਭ ਤੋਂ ਮਹਾਨ ਦਾਰਸ਼ਨਿਕ ਮਾਰਕਸ ਦਾ ਮਿਥਿਹਾਸ ਸਬੰਧੀ ਕਥਨ ਦਾ ਹਵਾਲਾ ਲੈਂਦੇ ਹਾਂ, ਜੋ ਇਉਂ ਹੈ:

ਸਮੁੱਚਾ ਮਿਥਿਹਾਸ ਕੁਦਰਤੀ ਸ਼ਕਤੀਆਂ ਨੂੰ ਕਲਪਨਾ ਦੀ ਪੱਧਰ ’ਤੇ ਕਲਪਨਾ ਰਾਹੀਂ ਆਪਣੇ ਅਧੀਨ ਅਤੇ ਕਾਬੂ ਕਰਕੇ ਇਹਨਾਂ ਨੂੰ ਰਸਮਾਂ-ਰਿਵਾਜਾਂ ਵਿੱਚ ਢਾਲ ਦਿੰਦਾ ਹੈ ਅਤੇ ਜਦੋਂ ਹਕੀਕਤ ਵਿੱਚ ਇਹਨਾਂ ਕੁਦਰਤੀ ਸ਼ਕਤੀਆਂ ਤੇ ਕਾਬੂ ਪਾ ਲਿਆ ਜਾਂਦਾ ਹੈ ਤਾਂ ਸਮੁੱਚਾ ਮਿਥਿਹਾਸ ਲੋਪ ਹੋ ਜਾਂਦਾ ਹੈ.

ਹੁਣ ਇਸ ਦੀ ਵਿਆਖਿਆ ਲਈ ਚੇਚਕ ਦੀ ਮਿਸਾਲ ਲਵੋ. ਮਨੁੱਖ ਨੇ ਆਪਣੀ ਕਲਪਨਾ ਰਾਹੀਂ ਇਸ ਨੂੰ ਸ਼ੀਤਲਾ ਮਾਤਾ ਦੀ ਕਰੋਪੀ ਸਮਝ ਲਿਆ, ਇਹ ਅੰਧ-ਵਿਸ਼ਵਾਸ ਪ੍ਰਚੱਲਿਤ ਹੋ ਗਿਆ. ਫਿਰ ਕਲਪਨਾ ਦੀ ਪੱਧਰ ’ਤੇ ਹੀ ਮਨੁੱਖ ਨੇ ਘਰ ਅੱਗੇ ਲੀਰਾਂ ਬੰਨਣੀਆਂ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਓਹੜ-ਪੋਹੜ ਕਰਕੇ ਸ਼ੀਤਲਾ ਮਾਤਾ ਨੂੰ ਆਪਣੇ ਵਸ ਕਰਨ ਜਿਹੇ ਰਸਮੋ-ਰਿਵਾਜ ਪ੍ਰਚੱਲਤ ਕਰ ਦਿੱਤੇ ਅਤੇ ਇਸਨੂੰ ਕਾਬੂ ਕਰਨ ਦਾ ਭਰਮ ਪਾਲ ਲਿਆ. ਇਹ ਸਭ ਕੁੱਝ ਜਾਰੀ ਰਿਹਾ. ਪਰ ਹਕੀਕਤ ਵਿੱਚ ਜਦੋਂ ‘ਲੋਦਾ’ ਈਜਾਦ ਕਰਕੇ ਚੇਚਕ ਦੀ ਬਿਮਾਰੀ ਨੂੰ ਕਾਬੂ ਕਰ ਲਿਆ ਗਿਆ ਤਾਂ ਕੀ ਹੋਇਆ? ਹੋਇਆ ਇਹੀ ਕਿ ਸ਼ੀਤਲਾ ਮਾਤਾ ਦਾ ਮਿਥਿਹਾਸਕ ਅਤੇ ਅੰਧ-ਵਿਸ਼ਵਾਸੀ ਵਿਚਾਰ ਖਤਮ ਹੋ ਗਿਆ ਅਤੇ ਲੋਕਾਂ ਦੀ ਮਾਨਸਿਕਤਾ ਇਸ ਤੋਂ ਮੁਕਤ ਹੋ ਗਈ ਅਤੇ ਜੇ ਕਿਤੇ ਅਜੇ ਵੀ ਰਹਿੰਦ-ਖੂੰਹਦ ਹੈ ਤਾਂ ਉਹ ਖਤਮ ਹੋ ਰਹੀ ਹੈ.

ਸੋ ਅੰਧ-ਵਿਸ਼ਵਾਸੀ ਵਰਤਾਰੇ ’ਤੇ ਵੀ ਇਹੋ ਨਿਯਮ ਲਾਗੂ ਹੁੰਦਾ ਹੈ. ਜਿੰਨਾ ਚਿਰ ਇਸ ਵਰਤਾਰੇ ਦੀ ਜੰਮਣ-ਭੋਇੰ ਮਨੁੱਖੀ ਸਮਾਜ ਵਿੱਚ ਦੋ ਵਿਰੋਧੀ ਜੀਵਨ-ਹਾਲਤਾਂ ਖਤਮ ਨਹੀਂ ਕਰ ਦਿੱਤੀਆਂ ਜਾਂਦੀਆਂ ਉਨੀਂ ਦੇਰ ਸਿਰਫ ਪ੍ਰਚਾਰ ਰਾਹੀਂ ਇਹ ਅੰਧ-ਵਿਸ਼ਵਾਸੀ ਵਰਤਾਰੇ ਦਾ ਮੁਕੰਮਲ ਖਾਤਮਾ ਦੇਖਣ ਵਾਲੀ ਪਹੁੰਚ ਗਲਤ ਹੋ ਨਿੱਬੜਦੀ ਹੈ ਭਾਵੇਂ ਕਿ ਇਹ ਪ੍ਰਚਾਰ ਕਰਨਾ ਅਤਿ-ਜ਼ਰੂਰੀ ਹੈ. ਇਹ ਜ਼ਰੂਰੀ ਕਿਉਂ ਹੈ, ਇਸ ਬਾਰੇ ਗੱਲ ਅੱਗੇ ਆ ਜਾਵੇਗੀ.

ਦੂਸਰੀ ਪਹੁੰਚ: ਉਹ ਇਉਂ ਹੈ ਕਿ ਅੱਜ ਦੀਆਂ ਦੋ ਵਿਰੋਧੀ ਜੀਵਨ-ਹਾਲਤਾਂ ਬਦਲ ਗਈਆਂ ਤਾਂ ਇਹ ਅੰਧ-ਵਿਸ਼ਵਾਸੀ ਵਰਤਾਰੇ ਦਾ ਆਪਣੇ ਆਪ ਖਾਤਮਾ ਹੋ ਜਾਵੇਗਾ. ਕੀ ਇਹ ਸੰਭਵ ਹੈ ? ਇਸ ਨੂੰ ਦੋ ਪੱਖਾਂ ਤੋਂ ਦੇਖਦੇ ਹਾਂ.

ਪਹਿਲਾ: ਇਹ ਕਿ ਜੇਕਰ ਕੋਈ ਵਿਅਕਤੀ ਅੰਧ-ਵਿਸ਼ਵਾਸੀ ਹੈ ਅਤੇ ਉਹ ਸੋਚਦਾ ਹੈ ਕਿ ਉਸ ਦੀਆਂ ਭੈੜੀਆਂ ਜੀਵਨ-ਹਾਲਤਾਂ ਕਿਸੇ ‘ਉਪਰਲੇ’ ਜਾਂ ਕਿਸੇ ਵਿਉ-ਮਾਤਾ ਦੀ ਦੇਣ ਹਨ ਜਾਂ ਉਸਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹਨ ਜਾਂ ਕਿਸੇ ਸਰਾਪ ਕਰਕੇ ਹਨ ਤਾਂ ਉਹ ਕੀ ਕਰੇਗਾ ? ਇਹੀ ਕਿ ਜਾਂ ਤਾਂ ਅਖੌਤੀ ਗੈਬੀ ਸ਼ਕਤੀਆਂ ਨੂੰ ਖੁਸ਼ ਕਰਨ ਦੀ ਧੁਨ ’ਚ ਲੀਨ ਰਹੇਗਾ ਜਾਂ ਫਿਰ ਅਖੌਤੀ ਪਿਛਲੇ ਜਨਮ ਦੇ ਕਰਮਾਂ ਨੂੰ ਰੋਂਦਾ ਰਹੇਗਾ ਜਾਂ ਅਖੌਤੀ ਸਰਾਪ ਨੂੰ ਵਰ ’ਚ ਬਦਲਣ ਦੀ ਅਸਫਲ ਕੋਸ਼ਿਸ਼ ਕਰਦਾ ਰਹੇਗਾ. ਇਸ ਤਰ੍ਹਾਂ ਉਹ ਜੀਵਨ-ਹਾਲਤਾਂ, ਜਿਸ ਦੀ ਜੜ੍ਹ ਆਰਥਕ-ਰਾਜਨੀਤਿਕ ਢਾਂਚੇ ਵਿੱਚ ਹੈ, ਨੂੰ ਬਦਲਣ ਲਈ ਯਤਨਸ਼ੀਲ ਨਹੀਂ ਹੋਵੇਗਾ. ਇਸ ਤਰ੍ਹਾਂ ਉਸ ਦੀਆਂ ਭੈੜੀਆਂ ਜੀਵਨ-ਹਾਲਤਾਂ ਬਣੀਆਂ ਹੀ ਰਹਿਣਗੀਆਂ. ਉਹ ਇਹਨਾਂ ਦੇ ਕਾਰਨ ਵੱਲ ਸੋਚੇਗਾ ਹੀ ਨਹੀਂ ਤਾਂ ਫਿਰ ਇਹ ਜੀਵਨ-ਹਾਲਤਾਂ ਨੂੰ ਬਦਲਗੇ ਕੌਣ ? ਕੋਈ ਨਹੀਂ.

ਦੂਸਰਾ: ਮੰਨ ਲਵੋ ਜੀਵਨ ਹਾਲਤਾਂ ਬਦਲ ਵੀ ਜਾਂਦੀਆਂ ਹਨ ਤਾਂ ਜਿਹੜੇ ਮਨੁੱਖੀ ਸੰਸਕਾਰ ਹਨ ਉਹ ਉਦੋਂ ਹੀ ਨਹੀਂ ਬਦਲ ਜਾਂਦੇ. ਜਿਵੇਂ ਚੇਚਕ ਦੀ ਬਿਮਾਰੀ ਦੀ ਗੱਲ ਕੀਤੀ ਜਾ ਚੁੱਕੀ ਹੈ, ਇਹ ਅਜੇ ਵੀ ਪ੍ਰਚੱਲਤ ਹੈ, ਭਾਵੇਂ ਥੋੜੇ ਘੇਰੇ ਵਿੱਚ ਹੀ ਹੋਵੇ. ਚੀਨ ਦੀ ਮਿਸਾਲ ਲਵੋ. ਉੱਥੇ ਕਮਿਊਨਿਸਟਾਂ ਦਾ ਰਾਜ ਰਿਹਾ. ਅੱਜ ਉੱਥੇ ਸਮੱਸਿਆ ਇਹ ਆਈ ਹੋਈ ਹੈ ਕਿ ਅਖੌਤੀ ਕਮਿਊਨਿਸਟ ਪਾਰਟੀ ਨੂੰ ਆਪਣਾ ਕਮਿਊਨਿਸਟ ਮਖੌਟਾ ਕਾਇਮ ਰੱਖਣ ਲਈ ਆਪਣੇ ਮੈਂਬਰਾਂ ’ਤੇ ਪਾਬੰਦੀ ਲਾਉਣੀ ਪੈ ਰਹੀ ਹੈ ਕਿ ਉਹ ਕਿਸੇ ਵੀ ਧਰਮ ਨੂੰ ਨਹੀਂ ਮੰਨ ਸਕਦੇ. ਪਾਬੰਦੀ ਲਾਉਣਾ ਆਪਣੇ ਆਪ ਹੀ ਇਹ ਦਰਸਾਉਂਦਾ ਹੈ ਕਿ ਉੱਥੋਂ ਦੇ ਹੁਣ ਵਾਲੇ ਅਖੌਤੀ ਕਮਿਊਨਿਸਟਾਂ ਵਿੱਚ ਧਰਮ ਵੱਲ ਜਾਣ ਦੀ ਧੱਕ ਕਿੱਡੇ ਵੱਡੇ ਪੱਧਰ ’ਤੇ ਹੋਵੇਗੀ.

ਸੋ ਉਪਰੋਕਤ ਦੋਨਾਂ ਮਿਸਾਲਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਜੇਕਰ ਹਾਲਤਾਂ ਬਦਲ ਵੀ ਜਾਣ ਤਾਂ ਵੀ ਮਨੁੱਖ ਅੰਦਰ ਪਹਿਲੇ ਸੰਸਕਾਰ ਬੜਾ ਲੰਮਾਂ ਸਮਾਂ ਭਾਰੂ ਰਹਿੰਦੇ ਹਨ.

ਸੋ ਜਿਹੜੀ ਇਹ ਪਹੁੰਚ ਹੈ ਕਿ ਜੀਵਨ-ਹਾਲਤਾਂ ਬਦਲ ਜਾਣ ਨਾਲ ਹੀ ਪਿਛਾਂਹ-ਖਿੱਚੂ ਸੰਸਕਾਰਾਂ ਦਾ ਸਫਾਇਆ ਹੋ ਜਾਵੇਗਾ, ਉਹ ਵੀ ਇੱਕ-ਪਾਸੜ ਹੁੰਦਿਆਂ ਗਲਤ ਹੋ ਨਿੱਬੜਦੀ ਹੈ. ਇਹੀ ਵਜ੍ਹਾ ਹੈ ਕਿ ਜਿਹੜੇ ਲੋਕ ਇਸ ਸਮਾਜ ਨੂੰ ਲੁੱਟ-ਮੁੱਕਤ, ਸਹੀ ਮਾਅਨਿਆਂ ਵਿੱਚ ਮਨੁੱਖੀ ਸਮਾਜ, ਬਣਾਉਣ ਲਈ ਸੰਘਰਸ਼ ਕਰ ਰਹੇ ਹਨ, ਉਹਨਾਂ ਨੂੰ ਇਹ ਗਲਤ ਪਹੁੰਚ ਹੀ ਇਸ ਅੰਧ-ਵਿਸ਼ਵਾਸੀ ਵਰਤਾਰੇ ਅਤੇ ਧਰਮ ਬਾਰੇ ਬੋਲਣ ਤੋਂ ਟਾਲਾ ਵਟਾਈ ਰੱਖਦੀ ਹੈ ਜਾਂ ਫਿਰ ਉਹ ਇਸ ਵਰਤਾਰੇ ਵਿਰੁੱਧ ਲੜਾਈ ਨੂੰ ਕੋਈ ਖਾਸ ਮਹੱਤਵ ਨਹੀਂ ਦਿੰਦੇ.

ਸੋ ਸਿਰਫ ਪ੍ਰਚਾਰ ਨਾਲ ਅੰਧ-ਵਿਸ਼ਵਾਸੀ ਵਰਤਾਰੇ ਨੂੰ ਖਤਮ ਕਰਨ ਵਾਲੀ ਅਤੇ ਨਾਲ ਦੀ ਨਾਲ ਸਮਾਜ ਦੇ ਬਦਲ ਜਾਣ ਨਾਲ ਅੰਧ-ਵਿਸ਼ਵਾਸੀ ਵਰਤਾਰੇ ਦੇ ਆਪਣੇ ਆਪ ਹੀ ਖਤਮ ਹੋ ਜਾਣ ਦੀ ਝਾਕ ਰੱਖਣ ਵਾਲੀ, ਇਹ ਦੋਨੋਂ ਵਿਚਾਰੀਆਂ ਗਈਆਂ ਪਹੁੰਚਾਂ ਹੀ ਗਲਤ ਹਨ.

ਠੀਕ ਪਹੁੰਚ ਕੀ ਹੈ

ਇਹੀ ਕਿ ਜੀਵਨ-ਹਾਲਤਾਂ ਅਤੇ ਅੰਧ-ਵਿਸ਼ਵਾਸੀ ਵਰਤਾਰੇ ਦੇ ਅੰਤਰ-ਸਬੰਧਾਂ ਨੂੰ ਠੀਕ ਤਰ੍ਹਾਂ ਸਮਝਿਆ ਅਤੇ ਨਜਿੱਠਿਆ ਜਾਵੇ. ਇਸ ਅਨੁਸਾਰ ਲੋਕਾਂ ਦੇ ਜੀਵਨ ਦੇ ਹਰ ਖੇਤਰ ਦੇ ਮਸਲਿਆਂ ’ਤੇ ਉਹਨਾਂ ਦੀ ਵਿਗਿਆਨਕ ਪਹੁੰਚ ਬਣਾਈ ਜਾਵੇ ਤਾਂ ਕਿ ਉਹ ਆਪਣੀਆਂ ਭੈੜੀਆਂ ਜੀਵਨ-ਹਾਲਤਾਂ ਦੇ ਜਿੰਮੇਵਾਰ ਰਾਜਨੀਤਿਕ-ਆਰਥਕ ਪ੍ਰਬੰਧ ਨੂੰ ਸਮਝਦਿਆਂ ਅੰਧ-ਵਿਸ਼ਵਾਸੀ ਵਰਤਾਰੇ ਵੱਲ ਨਾ ਝੁਕਣ. ਇਸ ਖਾਮ-ਖਿਆਲੀ ਤੋਂ ਖਹਿੜਾ ਛੁਡਾਇਆ ਜਾਵੇ ਕਿ ਹਾਲਤਾਂ ਬਦਲੇ ਵਗੈਰ ਇਹਨਾਂ ਅੰਧ-ਵਿਸ਼ਵਾਸਾਂ ਦੀ ਜੜ੍ਹ ਪੁੱਟੀ ਜਾ ਸਕਦੀ ਹੈ. ਦੂਸਰਾ ਸਮਾਜ ਨੂੰ ਲੁੱਟ-ਮੁਕਤ ਕਰਨ ਲਈ ਜੱਦੋ-ਜਹਿਦ ਲਈ ਵੀ ਇਹ ਜ਼ਰੂਰੀ ਹੈ ਕਿ ਹਰ ਕਿਸਮ ਦੇ ਪਿਛਾਂਹਖਿੱਚੂ ਸੰਸਕਾਰਾਂ ਤੋਂ ਖਹਿੜਾ ਛੁਡਾਇਆ ਜਾਵੇ ਅਤੇ ਨਾਲ ਦੀ ਨਾਲ ਹੀ ਇਹ ਵੀ ਚੇਤੇ ਰੱਖਿਆ ਜਾਵੇ ਕਿ ਪਿਛਲੇ ਸੰਸਕਾਰ ਇੱਕੋ-ਦਮ ਤਬਦੀਲ ਨਹੀਂ ਹੁੰਦੇ. ਇਸ ਲਈ ਲੰਮੀ ਜੱਦੋ-ਜਹਿਦ ਦੀ ਲੋੜ ਬਣੀ ਰਹਿੰਦੀ ਹੈ. ਇਹ ਲੋੜ ਅੱਜ ਦੇ ਸਮਾਜ ਬਦਲਣ ਤੋਂ ਬਾਅਦ ਨਹੀਂ ਬਲਕਿ ਇਸੇ ਸਮਾਜ ਅੰਦਰ ਵੀ ਮਹੱਤਵਪੂਰਨ ਹੈ. ਲੁੱਟ-ਮੁਕਤ ਸਮਾਜ ਸਿਰਜਣ ਵਾਲਿਆਂ ਨੂੰ ਇਸ ਸਭਿਆਚਾਰਕ ਖੇਤਰ ਵਿੱਚ ਵੀ ਲੜਾਈ ਦਾ ਮਹੱਤਵ ਸਮਝਣਾ ਚਾਹੀਦਾ ਹੈ. ਹਾਲਤਾਂ ਅਤੇ ਮਨੁੱਖੀ ਵਿਚਾਰਾਂ ਦਾ ਠੀਕ ਰਿਸ਼ਤਾ ਹੀ ਇਹ ਹੈ ਕਿ ਮਨੁੱਖ ’ਤੇ ਵੇਲੇ ਦੀਆਂ ਹਾਲਤਾਂ ਪ੍ਰਭਾਵ ਪਾਉਂਦੀਆਂ ਹਨ, ਪਰ ਇਹਨਾਂ ਹਾਲਤਾਂ ਨੂੰ ਤਬਦੀਲ ਵੀ ਮਨੁੱਖ ਹੀ ਕਰਦਾ ਹੈ. ਇਹ ਹੈ ਠੀਕ ਪਹੁੰਚ ਜੋ ਅਪਣਾਈ ਜਾਣੀ ਚਾਹੀਦੀ ਹੈ.

ਜਿਹੜੇ ਲੋਕ ਸਮਾਜ ਨੂੰ ਅੰਧ-ਵਿਸ਼ਵਾਸੀ ਵਰਤਾਰਿਆਂ ਤੋਂ ਮੁਕਤ ਦੇਖਣਾ ਚਾਹੁੰਦੇ ਹਨ, ਉਹਨਾਂ ਨੂੰ ਇਸ ਪਿਛਾਂਹਖਿੱਚੂ ਸਭਿਆਚਾਰਕ ਵਰਤਾਰੇ ਵਿਰੁੱਧ ਲੜਾਈ ਲਈ ਇਹ ਠੀਕ ਪਹੁੰਚ ਅਪਣਾਉਣੀ ਚਾਹੀਦੀ ਹੈ.

ਹੇਮ ਰਾਜ ਸਟੈਨੋ