ਭਗਤ ਸਿੰਘ ਦਾ ਮਿਸ਼ਨ ਲੁੱਟ ਰਹਿਤ ਪੂਰਨ-ਬਰਾਬਰੀ ਦੇ ਸਮਾਜ ਦੀ ਸਿਰਜਣਾ: ਤਰਕਸ਼ੀਲ

ਖਰੜ, 27 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਵੱਲੋਂ ਸਹੀਦੇ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਵਿਦਿਆਰਥੀਆਂ ਤੱਕ ਪਹੁਚਾਣ ਲਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਐੱਨ. ਐੱਸ. ਐੱਸ. ਕੈਂਪ ਵਿੱਚ ਵਲੰਟੀਅਰਾਂ ਨਾਲ ਵਿਚਾਰ-ਚਰਚਾ ਪ੍ਰੋਗਰਾਮ ਕੀਤਾ. ਵਿਚਾਰ-ਚਰਚਾ

ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਜਿਨਾਂ ਦੀ ਸ਼ਹੀਦੀ ਨੇ ਇਤਿਹਾਸ ਨੂੰ ਇਨਕਲਾਬੀ ਮੋੜ ਦਿੱਤਾ ਹੋਵੇ ਉਂਗਲਾਂ ਉਤੇ ਗਿਣੀਆਂ ਜਾ ਸਕਣ ਵਾਲ਼ੀਆਂ ਉਹਨਾਂ ਕ੍ਰਾਂਤੀਕਾਰੀ ਸ਼ਖਸੀਅਤਾਂ ਵਿੱਚ ਸਹੀਦੇ-ਆਜ਼ਮ ਭਗਤ ਸਿੰਘ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਸ਼ੁਮਾਰ ਹੈ. ਸਿਰਫ 23 ਸਾਲ, 5 ਮਹੀਨੇ ਅਤੇ 26 ਦਿਨ ਦੀ ਬਹੁਤ ਹੀ ਛੋਟੀ ਜਿੰਦਗੀ ਵਿੱਚ ਭਗਤ ਸਿੰਘ ਨੇ ਉਸ ਅੰਗਰੇਜੀ ਸ਼ਾਮਰਾਜ ਦੀਆਂ ਜੜ੍ਹਾਂ ਹਿਲਾ  ਦਿੱਤੀਆਂ ਸਨ, ਜਿਸ ਦੀ ਸਲਤਨਤ ਵਿੱਚ ਸੂਰਜ ਕਦੇ ਵੀ ਨਹੀਂ ਸੀ ਡੁੱਬਦਾ ਵਾਲ਼ੀ ਕਹਾਵਤ ਮਸ਼ਹੂਰ ਸੀ. ਸੁਰਿੰਦਰ ਸਿੰਬਲ਼ਮਾਜਰਾ ਨੇ ਕਿਹਾ ਕਿ ਭਗਤ ਸਿੰਘ ਲਈ ਆਜ਼ਾਦੀ ਦਾ ਮਤਲਬ ਸਿਰਫ ਅੰਗਰੇਜਾਂ ਤੋਂ ਦੇਸ ਨੂੰ ਮੁਕਤ ਕਰਾਉਣ ਤੱਕ ਸੀਮਿਤ ਨਹੀਂ ਸੀ ਬਲਕਿ ਉਸ ਦਾ ਮਿਸ਼ਨ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਪੂਰਨ-ਬਰਾਬਰੀ ਦੇ ਸਮਾਜ ਦੀ ਸਿਰਜਣਾ' ਸੀ. ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਜਿਸ ਸੋਹਣੇ ਸਮਾਜ ਦੇ ਨਿਰਮਾਣ ਵਾਸਤੇ ਭਗਤ ਸਿੰਘ ਨੇ ਬਲਿਦਾਨ ਦਿੱਤਾ ਸੀ ਅੱਜ ਉਸਦੀ ਕੁਰਬਾਨੀ ਦੇ 84 ਸਾਲ ਬਾਅਦ ਵੀ ਅਸੀਂ ਨਾ ਸਿਰਫ ਉਹ ਸਮਾਜ ਸਿਰਜਣ ਤੋਂ ਕੋਹਾ ਦੂਰ ਹਾਂ ਬਲਕਿ ਭਗਤ ਸਿੰਘ ਦੁਆਰਾ ਦੇਖਿਆ ਬਰਾਬਰੀ ਦੇ ਸਮਾਜ ਵਾਲ਼ਾ ਸੁਫਨਾ ਵੀ ਵਿਸਾਰ ਦਿੱਤਾ ਹੈ.

ਇਸ ਮੌਕੇ ਕਰਮਜੀਤ ਸਕਰੁੱਲਾਂਪੁਰੀ ਨੇ ਤਰਕਸ਼ੀਲ ਸੁਸਾਇਟੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਤੀਹ ਸਾਲਾਂ ਤੋਂ ਤਰਕਸ਼ੀਲ ਕਾਫਲਾ ਸਮਾਜ ਵਿੱਚ ਫੈਲੇ ਅੰਧ-ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਦੇ ਖਿਲਾਫ ਲੜਾਈ ਲੜ ਰਿਹਾ ਹੈ ਜਿਸ ਵਿੱਚ ਨੌਜਵਾਨਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ. ਉਨਾਂ ਕਿਹਾ ਕਿ ਅੰਧ-ਵਿਸ਼ਵਾਸਾਂ ਵਿੱਚ ਫਸੇ ਲੋਕ ਬਾਬਿਆਂ ਦੇ ਡੇਰਿਆਂ ਵੱਲ ਭੱਜੇ ਤੁਰੀ ਜਾਂਦੇ ਹਨ. ਇਹ ਵਰਤਾਰਾ ਸਿਰਫ ਅਨਪੜਾਂ ਵਿੱਚ ਹੀ ਨਹੀਂ ਬਲਕਿ ਪੜ੍ਹਿਆ-ਲਿਖਿਆ ਤਬਕਾ ਇਸ ਮਾਮਲੇ ਵਿੱਚ ਅਨਪੜਾ ਤੋਂ ਵੀ ਅੱਗੇ ਨਿਕਲ਼ ਗਿਆ ਹੈ. ਅੱਜ ਲੋਕਾਂ ਦੀ ਸੋਚ ਨੂੰ ਵਿਗਿਆਨਿਕ ਬਣਾਉਣ ਦੀ ਲੋੜ ਹੈ ਤਾਂਕਿ ਉਹ ਜਿੰਦਗੀ ਦੇ ਸੱਚ ਨੂੰ ਨੰਗੀ ਅੱਖ ਨਾਲ਼ ਦੇਖ ਸਕਣ.

ਕੁਲਵਿੰਦਰ ਨਗਾਰੀ ਨੇ ਜਾਦੂ ਦੀਆਂ ਕਿਸਮਾਂ ਅਤੇ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਦੂ ਕਿਸੇ ਕਿਸਮ ਦਾ ਚਮਤਕਾਰ ਨਹੀਂ ਹੁੰਦਾ ਬਲਕਿ ਇਸ ਦੇ ਪਿੱਛੇ ਸਾਇੰਸ ਦੇ ਕੁਛ ਨਿਯਮ ਕੰਮ ਕਰ ਰਹੇ ਹੁੰਦੇ ਹਨ ਜਿਨ੍ਹਾਂ ਨੂੰ ਸਮਝਕੇ ਕੋਈ ਵੀ ਸਧਾਰਨ ਮਨੁੱਖ ਜਾਦੂ ਦੇ ਟਰਿੱਕ ਤਿਆਰ ਕਰ ਸਕਦਾ ਹੈ. ਇਸ ਵਿਚਾਰ-ਚਰਚਾ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਦਿਖਾਇਆ. ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਾਸਤੇ ਲੈਕਚਰਾਰ ਸੁਖਵਿੰਦਰਜੀਤ ਸਿੰਘ ਨਵਦੀਪ ਚੌਧਰੀ ਤਰਕਸ਼ੀਲ ਸਾਥੀਆਂ ਬਿਕਰਮਜੀਤ ਸੋਨੀ, ਜਗਵਿੰਦਰ ਸਿੰਬਲ਼ਮਾਜਰਾ, ਭੁਪਿੰਦਰ ਮਦਨਹੇੜੀ ਨੇ ਭਰਪੂਰ ਸਹਿਯੋਗ ਦਿੱਤਾ.