ਮਨੁੱਖਤਾ ਦੀ ਤਰੱਕੀ ਵਿਗਿਆਨਿਕ-ਸੋਚ ਅਪਣਾ ਕੇ ਕੀਤੀ ਜੱਦੋ-ਜਹਿਦ ਦਾ ਨਤੀਜਾ: ਤਰਕਸ਼ੀਲ
ਖਰੜ, 11 ਫਰਵਰੀ (ਕੁਲਵਿੰਦਰ ਨਗਾਰੀ): ਗੁਫਾਵਾਂ ਵਿੱਚੋਂ ਨਿਕਲ਼ ਕੇ ਮਨੁੱਖ ਜੇਕਰ ਅੱਜ ਕੰਪਿਊਟਰ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ ਤਾਂ ਇਹ ਸਭ ਉਸਦੀ ਸੋਚ-ਵਿਚਾਰ ਦਾ ਹੀ ਸਿੱਟਾ ਹੈ. ਮਨੁੱਖੀ ਵਿਕਾਸ ਕਿਸੇ ਗੈੱਬੀ ਸਕਤੀ ਦੀ ਮਿਹਰ ਸਦਕਾ ਨਹੀਂ ਬਲਕਿ ਮਨੁੱਖ ਦੁਆਰਾ ਕੁਦਰਤ ਨਾਲ਼ ਕੀਤੀ ਜੱਦੋਜਹਿਦ ਦੇ ਸਿੱਟੇ ਵਜੋਂ ਸੰਭਵ ਹੋਇਆ.
ਇਸ ਲਈ ਸਾਨੂੰ ਵਿਗਿਆਨ ਦੇ ਅਜੋਕੇ ਦੌਰ ਵਿੱਚ ਵੇਲ਼ਾ ਵਿਹਾ ਚੁੱਕੇ ਅੰਧ-ਵਿਸ਼ਵਾਸੀ ਫਲਸਫੇ ਨੂੰ ਪਾਸੇ ਰੱਖ ਕੇ ਨਵੇਂ ਸਿਰਿਓਂ ਸੋਚਣ ਦੀ ਲੋੜ ਹੈ. ਇਹ ਗੱਲ ਤਰਕਸ਼ੀਲ ਸੁਸਾਇਟੀ ਇਕਾਈ ਖਰੜ ਦੀ ਮਹੀਨਾਵਾਰ ਮੀਟਿੰਗ ਦੌਰਾਨ ਤਰਕਸ਼ੀਲ ਆਗੂਆਂ ਨੇ ਗੱਲਬਾਤ ਕਰਦਿਆਂ ਕਹੀ.
ਉਹਨਾਂ ਕਿਹਾ ਕਿ ਕੁਛ ਲੋਕ ਆਪਣੇ ਨਿੱਜੀ ਹਿੱਤਾਂ ਦੀ ਖਾਤਿਰ ਨਹੀਂ ਚਾਹੁੰਦੇ ਕਿ ਜਨਤਾ ਆਪਣੇ ਦੁੱਖਾਂ ਦੇ ਅਸਲ ਕਾਰਨਾਂ ਬਾਰੇ ਸੁਚੇਤ ਹੋਵੇ. ਉਹ ਚਾਹੁੰਦੇ ਹਨ ਕਿ ਲੋਕ ਅੰਧ-ਵਿਸ਼ਵਾਸੀ ਕਰਮ-ਕਾਢਾਂ ਅਤੇ ਨਰਕ-ਸਵਰਗ ਦੇ ਚੱਕਰਾਂ ਵਿੱਚ ਫਸ ਕੇ ਆਪਣੀ ਲੁੱਟ ਕਰਵਾਂਦੇ ਰਹਿਣ. ਪਰ ਅਸਲੀਅਤ ਇਹ ਹੈ ਕਿ ਨਰਕ ਅਤੇ ਸਵਰਗ ਦੀ ਕਿਤੇ ਕੋਈ ਹੋਂਦ ਨਹੀਂ ਹੁੰਦੀ ਇਹ ਸਿਰਫ ਅਗਿਆਨ ਅਤੇ ਮਨੁੱਖੀ ਮਨ ਦੇ ਡਰ ਅਤੇ ਲਾਲਚ ਦੀ ਪੈਦਾਵਾਰ ਹਨ. ਅੱਜ ਸਮਾਜ ਵਿੱਚ ਗਿਆਨ-ਵਿਗਿਆਨ ਦਾ ਪ੍ਰਚਾਰ ਕਰਨ ਦੀ ਬਹੁਤ ਜਿਆਦਾ ਲੋੜ ਹੈ. ਵਿਗਿਆਨ-ਸੱਚ ਨੂੰ ਵਿਗਿਆਨਿਕ-ਸੋਚ ਵਿੱਚ ਤਬਦੀਲ ਕਰਕੇ ਹੀ ਭੋਲ਼ੇ-ਭਾਲੇ ਲੋਕਾਂ ਦੀ ਹੋ ਰਹੀ ਲੁੱਟ ਬੰਦ ਕਰਵਾਈ ਜਾ ਸਕਦੀ ਹੈ.
ਇਸ ਮੌਕੇ ਲੋਕਾਂ ਨੂੰ ਤਰਕਸ਼ੀਲ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਤਰਕ ਦਾ ਮਤਲਬ ਕਿਸੇ ਦਾ ਨਿਰੋਲ ਵਿਰੋਧ ਕਰਨਾ ਨਹੀਂ ਹੁੰਦਾ ਬਲਕਿ ਦਲੀਲ ਦੁਆਰਾ ਸਹੀ ਅਤੇ ਗਲਤ ਦੀ ਪਛਾਣ ਕਰਨਾ ਹੁੰਦਾ ਹੈ. ਕੀ? ਕਿੱਥੇ? ਕਦੋਂ? ਕਿਵੇਂ? ਤੇ ਕਿਉਂ? ਉਹ ਟੂਲਜ਼ ਹਨ ਜਿਨਾਂ ਦੀ ਵਰਤੋਂ ਕਰਨ ਨਾਲ਼ ਕੋਈ ਵੀ ਸਧਾਰਨ ਮਨੁੱਖ ਤਰਕਸ਼ੀਲ ਬਣ ਸਕਦਾ ਹੈ. ਇਸ ਮੀਟਿੰਗ ਦੌਰਾਨ ਜ਼ੋਨਲ ਆਗੂ ਲੈਕਚਰਾਰ ਗੁਰਮੀਤ ਖਰੜ, ਕਰਮਜੀਤ ਸਕਰੁਲਾਂਪੁਰੀ, ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਸੁਜਾਨ ਬਡਾਲ਼ਾ, ਜਗਵਿੰਦਰ ਸਿੰਬਲ਼ ਮਾਜਰਾ, ਰਾਜੇਸ਼ ਸਹੌੜਾਂ, ਚਰਨਜੀਤ, ਕਾਮਰੇਡ ਹਰਭਜਨ ਸਿੰਘ ਹਾਜਰ ਸਨ.