ਮਾਘੀ ਮੇਲੇ 'ਚ ਤਰਕਸ਼ੀਲ ਨਾਟਕ ਬਣੇ ਮੇਲੀਆਂ ਦੀ ਪਹਿਲੀ ਪਸੰਦ

ਮੁਕਤਸਰ,18 ਜਨਵਰੀ (ਬੂਟਾ ਸਿੰਘ ਵਾਕਫ਼): ਮਾਘੀ ਮੇਲੇ ਵਿੱਚ ਚੇਤਨਾ ਦਾ ਚਾਨਣ ਬਿਖੇਰਨ, ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਤੇ ਉਸਰੂ ਸਭਿਆਚਰਕ ਕਦਰਾਂ ਕੀਮਤਾਂ ਨੂੰ ਲੋਕ ਮਨਾਂ ਵਿੱਚ ਵਸਾਉਣ ਲਈ ਤਰਕਸ਼ੀਲਾਂ ਦਾ ਉੱਦਮ ਹੁਣ ਸਾਬਤ ਕਦਮੀਂ ਹੋ ਗਿਆ ਹੈ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਫਾਜਿਲਕਾ ਜੋਨ ਦੀ

ਪਹਿਲ ਕਦਮੀ ਤੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਆਦਰਸ਼ਾਂ ਤੇ ਸੁਪਨਿਆਂ ਨੂੰ ਸਮਰਪਿਤ ਤਿੰਨ ਰੋਜ਼ਾ ਤਰਕਸ਼ੀਲ ਨਾਟਕ ਮੇਲਾ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ ਜਿਸ ਵਿੱਚ ਦਰਸ਼ਕਾਂ ਦੀ ਭੀੜ ਜੁਟੀ ਰਹੀ. ਮੇਲੇ ਵਿੱਚ ਸਿਆਸੀ ਕਾਨਫਰੰਸਾਂ ਦੇ ਚਲਦਿਆਂ ਤਰਕਸ਼ੀਲਾਂ ਦੇ ਮੰਚ ਤੋਂ ਪੇਸ਼ ਕੀਤੇ ਗਏ ਨਾਟਕਾਂ, ਕੋਰੀਓਗ੍ਰਾਫੀਆਂ, ਲੋਕ ਪੱਖੀ ਗੀਤ ਸੰਗੀਤ ਤੇ ਜਾਦੂ ਦੇ ਖੇਲਾਂ ਨੇ ਦਰਸ਼ਕਾਂ ਦਾ ਮਨ ਮੋਹਿਆ. ਚੇਤਨਾ ਕਲਾ ਕੇਂਦਰ ਬਰਨਾਲਾ, ਲੋਕ ਕਲਾ ਮੰਚ ਮਲੂਕਪੁਰ ਤੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀਆਂ ਨਾਟਕ ਟੀਮਾਂ ਵੱਲੋਂ ਖੇਡੇ ਗਏ ਨਾਟਕਾਂ ‘ਇਹ ਲਹੂ ਕਿਸ ਦਾ ਹੈ, ਲਾਰੇ ਤੇ ਅਵੇਸਲੇ ਯੁੱਧਾਂ ਦੀ ਨਾਇਕਾ’ਵਰਗੇ ਨਾਟਕ ਦਰਸ਼ਕਾਂ ਨੂੰ ਝੰਜੋੜ ਗਏ. ਲੋਕ ਸੰਗੀਤ ਮੰਡਲੀ ਭਦੌੜ ਦੇ ਕਲਾਕਾਰਾਂ ਨੇ ਮਾਸਟਰ ਰਾਮ ਕੁਮਾਰ ਦੀ ਨਿਰਦੇਸ਼ਨਾਂ ਹੇਠ ਲੋਕ ਪੱਖੀ ਗੀਤਾਂ ਦਾ ਰੰਗ ਬਿਖੇਰਿਆ. ਉਹਨਾਂ ਦੁੱਲੇ ਭੱਟੀ, ਸ਼ਹੀਦ ਭਗਤ ਸਿੰਘ ਤੇ ਗਦਰੀ ਸੂਰਬੀਰਾਂ ਦੇ ਗੀਤ ਗਾ ਕੇ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ. ਬਾਲ ਰੰਗ ਮੰਚ ਖੁੰਡੇ ਹਲਾਲ ਦੇ ਬਾਲ ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ ਲੋਕ ਮਨਾਂ 'ਚ ਉੱਤਰ ਗਈਆਂ. ਚੇਤਨਾ ਕਲਾ ਕੇਂਦਰ ਵੱਲੋਂ ਅਮੋਲਕ ਸਿੰਘ ਦੇ ਲਿਖੇ ਗੀਤ ‘ਮੇਲਾ ਮੁਕਸਰ ਦਾ ਆਓ ਸੋਚੀਏ ਵਿਚਾਰੀਏ’ਉੱਪਰ ਪੇਸ਼ ਕੀਤੀ ਕੋਰੀਓਗ੍ਰਾਫੀ ਦਰਸ਼ਕਾਂ ਨੂੰ ਇੱਕ ਸੁਨੇਹਾ ਦੇ ਗਈ. ਮੇਲੇ 'ਚ ਆਏ ਮੇਲੀਆਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਰਾਜਿੰਦਰ ਭਦੌੜ ਨੇ ਚੰਗੇਰੀ ਜਿੰਦਗੀ ਤੇ ਲੋਕ ਹਿਤੂ ਸਮਾਜ ਦੀ ਸਿਰਜਣਾ ਲਈ ਤਰਕਸ਼ੀਲਤਾ ਨੂੰ ਅਪਣਾਉਣ ਦੀ ਲੋੜਤੇ ਜੋਰ ਦਿੱਤਾ. ਉਹਨਾਂ ਆਖਿਆ ਕਿ ਅੱਜ ਦੇ ਵਿਗਿਆਨਕ ਦੌਰ ਵਿੱਚ ਵੀ ਮੀਡੀਆ ਦਾ ਵੱਡਾ ਹਿੱਸਾ ਅੰਧਵਿਸ਼ਵਾਸ਼ਾਂ ਦਾ ਕੂੜ ਪ੍ਰਚਾਰ ਕਰ ਰਿਹਾ ਹੈ ਜਿਸ ਨੂੰ ਤਰਕਸ਼ੀਲਤਾ ਦੇ ਚਾਨਣ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ. ਮੇਲੇ 'ਚ ਜਾਦੂ ਕਲਾ ਦੇ ਭੇਦ ਸਮਝਾਉਣ ਲਈ ਸੁਖਦੇਵ ਮਲੂਕਪੁਰੀ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ. ਮੇਲੇ ਦੇ ਪ੍ਰਬੰਧਕਾਂ ਰਾਮ ਸਵਰਨ ਲੱਖੇਵਾਲੀ, ਪ੍ਰਵੀਨ ਜੰਡਵਾਲਾ, ਰਣਜੀਤ ਮੋਠਾਂਵਾਲੀ ਤੇ ਬੂਟਾ ਸਿੰਘ ਵਾਕਫ਼ ਨੇ ਦੱਸਿਆ ਕਿ ਨਾਟ ਮੇਲੇ 'ਚ ਵਿਗਿਆਨਕ ਚੇਤਨਾ ਦੇ ਪਾਸਾਰ ਲਈ ਸੁਸਾਇਟੀ ਲਗਾਤਾਰ ਯਤਨਸ਼ੀਲ ਹੈ ਜਿਸ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ. ਨਾਟ ਮੇਲੇ 'ਚ ਮੇਲੀਆਂ ਨੇ ਤਰਕਸ਼ੀਲ ਸਾਹਿਤ ਖਰੀਦਣ ਵਿੱਚ ਵੀ ਭਰਵੀਂ ਰੁਚੀ ਵਿਖਾਈ. ਮੇਲੇ ਦੀ ਸਫ਼ਲਤਾ ਲਈ ਹੋਰਨਾਂ ਤੋਂ ਇਲਾਵਾ ਸ਼ਿਵਰਾਜ ਖੁੰਡੇ ਹਲਾਲ, ਪਰਮਿੰਦਰ ਖੋਖਰ, ਸਰਪੰਚ ਗੁਰਮੀਤ ਸਿੰਘ, ਚੂਹੜ ਭਲਵਾਨ, ਪਰਮਿੰਦਰ ਖੋਖਰ, ਡਾ. ਮਨਦੀਪ ਸੈਦੋਕੇ, ਗੁਰਭੇਜ ਰੋਹੀਵਾਲਾ, ਭਗਤ ਸਿੰਘ ਚਿਮਨੇਵਾਲਾ ਦਾ ਵਿਸ਼ੇਸ ਯੋਗਦਾਨ ਰਿਹਾ. ਮੰਚ ਸੰਚਾਲਨ ਦੀ ਜਿੰਮੇਵਾਰੀ ਕੁਲਜੀਤ ਡੰਗਰ ਖੇੜਾ ਨੇ ਬਾਖੂਬੀ ਨਿਭਾਈ. ਮਾਘੀ ਮੇਲੇ 'ਚ ਲਗਾਤਾਰ ਤਿੰਨ ਦਿਨ ਨਾਟਕਾਂ ਤੇ ਹੋਰ ਪੇਸ਼ਕਾਰੀਆਂ ਰਾਹੀਂ ਮੇਲੀਆਂ ਨੂੰ ਜਿੰਦਗੀ, ਸਮਾਜਕ ਸਰੋਕਾਰਾਂ ਤੇ ਪੁਸਤਕਾਂ ਨਾਲ ਜੋੜਨ ਦਾ ਇਹ ਉੱਦਮ ਸਫਲ ਰਿਹਾ. ਇਸ ਸਮੇਂ ਪੁਸਤਕ ਪ੍ਰਦਰਸ਼ਨੀ ਤੋਂ ਲੋਕਾਂ ਨੇ ਤਰਕਸ਼ੀਲ ਲਹਿਰ, ਗਿਆਨ ਵਿਗਿਆਨ, ਮਨੋਵਿਗਿਆਨ ਤੇ ਅਮਰ ਸ਼ਹੀਦਾਂ ਦੀਆਂ ਯਾਦਾਂ ਤੇ ਆਦਰਸ਼ਾਂ ਨਾਲ ਜੁੜੀਆਂ ਪੁਸਤਕਾਂ ਖਰੀਦਣ 'ਚ ਭਰਵੀਂ ਰੁਚੀ ਵਿਖਾਈ. ਖਾਸ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੈਲੰਡਰ ਹੱਥੋ-ਹੱਥ ਵਿਕਿਆ.