ਮਾਘੀ ਮੇਲੇ ਮੌਕੇ ਦਾਊਂ ਵਿਖੇ ਤਰਕਸ਼ੀਲ ਪੁਸਤਕ ਪ੍ਰਦਰਸਨੀ ਲਗਾੳਣ ਦਾ ਫੈਸਲਾ
ਖਰੜ, 5 ਜਨਵਰੀ (ਕੁਲਵਿੰਦਰ ਨਗਾਰੀ): ਮਨੁੱਖਤਾ ਦੀ ਸਾਰੀ ਤਰੱਕੀ ਦਾ ਸੇਹਰਾ ਵਿਗਿਆਨਿਕ-ਸੋਚ ਨੂੰ ਜਾਂਦਾ ਹੈ ਜਿਸ ਦੇਸ ਨੇ ਵੀ ਤਰੱਕੀ ਕੀਤੀ ਹੈ ਵਿਗਿਆਨਿਕ ਖੋਜਾਂ ਦੇ ਸਿਰ ਉੱਤੇ ਕੀਤੀ ਹੈ. ਇਸ ਲਈ ਲੋਕਾਂ ਦੀ ਜੀਵਨ-ਤਰਜ ਨੂੰ ਵਿਗਿਆਨ-ਮੁਖੀ ਬਣਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਲੱਗਭਗ ਪਿਛਲੇ ਤੀਹ ਸਾਲਾਂ ਤੋਂ
ਲਗਾਤਾਰ ਲੋਕ-ਲਹਿਰ ਛੇੜੀ ਹੋਈ ਹੈ. ਇਸੇ ਮਿਸ਼ਨ ਤਹਿਤ ਇਕਾਈ ਖਰੜ ਵੱਲੋਂ ਮਾਘੀ ਮੇਲੇ ਮੌਕੇ ਪਿੰਡ ਦਾਊਂ ਵਿਖੇ ‘ਤਰਕਸ਼ੀਲ ਸਾਹਿਤ ਦੀ ਪੁਸਤਕ ਪ੍ਰਦਰਸਨੀ’ਲਗਾਈ ਜਾਵੇਗੀ. ਇਹ ਗੱਲ ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਆਗੂਆਂ ਨੇ ਮਹੀਨਾ-ਵਾਰ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਹੀ.
ਉਹਨਾਂ ਕਿਹਾ ਕਿ ਜੇਕਰ ਸਾਡੇ ਦੇਸ ਭਗਤ ਸਹੀਦੀਆਂ ਦੇ ਕੇ ਦੇਸ ਨੂੰ ਆਜਾਦ ਕਰਾਉਣ ਦੀ ਬਜਾਇ ਗੁਲਾਮੀ ਨੂੰ ਕਿਸਮਤ ਦੀ ਦੇਣ ਸਮਝਕੇ ਆਜਾਦੀ-ਸੰਗਰਾਮ ਤੋਂ ਮੂੰਹ ਮੋੜ ਲੈਂਦੇ ਤਾਂ ਅੱਜ ਵੀ ਅਸੀਂ ਅੰਗਰੇਜਾਂ ਦੀ ਗੁਲਾਮੀ ਭੋਗਦੇ ਹੋਣਾ ਸੀ. ਇਸ ਤੋਂ ਇਹ ਗੱਲ ਸੌਖੇ ਹੀ ਸਮਝੀ ਜਾ ਸਕਦੀ ਹੈ ਕਿ ਸਾਡੇ ਸਮਾਜ ਨੂੰ ਜਿੰਨਾਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਉਨਾਂ ਦਾ ਹੱਲ ਕਿਸਮਤ ਵਾਦੀ ਫਲਸਫੇ ਨੂੰ ਰੱਦ ਕਰਕੇ ਲੋਕ-ਸੰਘਰਸ ਦੁਆਰਾ ਹੀ ਕੀਤਾ ਜਾ ਸਕਦਾ ਹੈ. ਤਰਕਸ਼ੀਲਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋ ਮੁੱਕਤ ਸਮਾਜ ਦੀ ਸਿਰਜਣਾ ਲਈ ਵਿਗਿਆਨਿਕ-ਚਿੰਤਨ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਨਾਉਣਾ ਪਵੇਗਾ. ਇਸ ਵਾਸਤੇ ਮਾਂਵਾਂ ਨੂੰ ਖਾਸ ਤੌਰ ਤੇ ਜਾਗ੍ਰਿਤ ਕਰਨ ਦੀ ਲੋੜ ਹੈ ਕਿਉਂਕਿ ਬੱਚੇ ਦਾ ਪਹਿਲਾ ਅਧਿਆਪਕ ਮਾਂ ਹੁੰਦੀ ਹੈ ਜੇਕਰ ਮਾਂਵਾਂ ਵਿਗਿਆਨਿਕ ਵਿਚਾਰਾਂ ਦੀ ਧਾਰਨੀ ਹੋਣਗੀਆਂ ਤਾਂ ਬੱਚਿਆਂ ਵਿੱਚੋਂ ਅੰਧ-ਵਿਸ਼ਵਾਸ ਅਪਣੇ-ਆਪ ਹੀ ਮਿਟ ਜਾਣਗੇ.
ਇਸ ਮੌਕੇ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ, ਕਰਮਜੀਤ ਸਕਰੁੱਲਾਂਪੁਰੀ, ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਜਗਵਿੰਦਰ ਸਿੰਬਲ਼ਮਾਜਰਾ ਆਦਿ ਮੈਂਬਰ ਹਾਜਰ ਸਨ.