ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਈ ਮੁਹਾਲੀ ਵੱਲੋਂ ਪੁਸਤਕ ਰਿਲੀਜ

ਫਲਸਫਾ, ਧਰਮ, ਸਾਇੰਸ, ਤਕਨੀਕ ਤੇ ਸੱਭਿਆਚਾਰ ਦੇ ਇਤਿਹਾਸਿਕ-ਮਿਥਿਹਾਸਿਕ ਪੱਖਾਂ 'ਤੇ ਹੋਈ ਵਿਚਾਰ-ਚਰਚਾ

ਐਸ. ਏ. ਐਸ. ਨਗਰ, 14 ਦਸੰਬਰ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੀ ਮਹੀਨਾਵਾਰ ਮੀਟਿੰਗ ਵਿੱਚ ਅੱਜ ਸੁਸਾਇਟੀ ਵੱਲੋਂ ਪ੍ਰਕਾਸ਼ਿਤ ‘ਪੁਸਤਕ ‘ਸੱਭਿਆਚਾਰ ਕੀ ਹੋਵੇ?’ ਰਿਲੀਜ ਕੀਤੀ ਗਈ. ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ. ਪਹਿਲੇ ਭਾਗ ਵਿੱਚ ਸੱਭਿਆਚਾਰ ਦੇ ਸਾਰੇ ਪੱਖਾਂ ਜਿਵੇਂ

ਫਲਸਫਾ, ਧਰਮ, ਸਾਇੰਸ, ਤਕਨੀਕ, ਸੱਭਿਆਚਾਰ ਦੇ ਇਤਿਹਾਸਿਕ ਤੇ ਮਿਥਿਹਾਸਿਕ ਪੱਖਾਂ ਨੂੰ ਵਿਸਥਾਰ ਪੂਰਵਕ ਵਿਚਾਰਿਆ ਗਿਆ ਹੈ. ਦੂਜੇ ਭਾਗ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੱਭਿਆਚਾਰ ਬਾਰੇ ਨੀਤੀ ਦੀ ਵਿਆਖਿਆ ਕੀਤੀ ਗਈ ਹੈ. ਮੀਟਿੰਗ ਵਿੱਚ ਇਕਾਈ ਮੈਂਬਰਾਂ ਵੱਲੋਂ ਕਿਤਾਬ 'ਤੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ.

ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਸੁਸਾਇਟੀ ਦੇ ਚੰਡੀਗੜ੍ਹ ਜੋਨ ਦੇ ਜਥੇਬੰਦਕ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਕਿਹਾ ਕਿ ਅਸੀਂ ਪਦਾਰਥਵਾਦੀ ਵਿਚਾਰਧਾਰਾ ਦੇ ਵਿਰੋਧ 'ਚ ਜਾਂਦੀਆਂ ਸਾਰੀਆਂ ਵਿਚਾਰਧਾਰਾਵਾਂ ਦਾ ਵਿਰੋਧ ਕਰਾਂਗੇ. ਉਹਨਾਂ ਧਰਮ ਬਾਰੇ ਬੋਲਦਿਆਂ ਕਿਹਾ ਕਿ ਸੁਸਾਇਟੀ ਧਰਮ ਦਾ ਰਾਜ ਅੰਦਰ ਤੇ ਰਾਜ ਦਾ ਧਰਮ ਵਿੱਚ ਦਖਲ ਦਾ ਵਿਰੋਧ ਕਰਦੀ ਹੈ ਤੇ ਧਰਮ ਨਿਰਪੇਖ ਰਾਜ ਦੀ ਮੰਗ ਉਠਾਉਂਦੀ ਹੈ. ਉਹਨਾਂ ਕਿਹਾ ਕਿ ਸੁਸਾਇਟੀ ਜਾਤੀਪ੍ਰਥਾ ਦਾ ਵਿਰੋਧ ਕਰਦੀ ਹੈ ਤੇ ਸੁਸਾਇਟੀ ਮੈਂਬਰ ਅੰਤਰਜਾਤੀ ਵਿਆਹ ਕਰਵਾਉਣ ਵੱਲ ਉਚੇਚੇ ਕਦਮ ਚੁੱਕਣਗੇ.

ਵਿਚਾਰ ਚਰਚਾ ਦੌਰਾਨ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਸੁਸਾਇਟੀ ਸਾਇੰਸ ਤੇ ਤਕਨਾਲੋਜੀ ਦੀ ਤਰੱਕੀ ਨੂੰ ਸਲਾਮ ਕਰਦੀ ਹੈ ਪਰ ਇਸ ਦੀ ਦੁਰਵਰਤੋਂ ਦਾ ਵਿਰੋਧ ਕਰਦੀ ਹੈ. ਉਹਨਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਹਕੂਮਤਾਂ ਦੀ ਹੈਸੀਅਤ ਪ੍ਰਤੀਕਵਾਦ ਵਾਲੀ ਸੱਭਿਆਚਾਰਕ ਨੀਤੀ ਦਾ ਵਿਰੋਧ ਕਰਦੀ ਹੈ ਤੇ ਆਪਣੇ ਆਪ ਨੂੰ ਇਸ ਦਾ ਸ਼ਿਕਾਰ ਨਹੀਂ ਹੋਣ ਦੇਵੇਗੀ.

ਤਰਕਸ਼ੀਲ ਮੈਗਜੀਨ ਦੇ ਸਹਿ ਸੰਪਾਦਕ ਜਸਵੰਤ ਮੋਹਾਲੀ ਨੇ ਔਰਤਾਂ ਦੇ ਹੱਕਾਂ ਸੰਬੰਧੀ ਸੁਸਾਇਟੀ ਦੀ ਨੀਤੀ ਦੀ ਵਿਆਖਿਆ ਕੀਤੀ. ਉਹਨਾਂ ਕਿਹਾ ਕਿ ਸੁਸਾਇਟੀ, ਔਰਤਾਂ ਦੇ ਜਾਇਦਾਦ ਵਿੱਚ ਬਰਾਬਰ ਅਧਿਕਾਰਾਂ, ਵੇਸਵਾਗਮਨੀ 'ਤੇ ਰੋਕ ਤੇ ਇਸ ਧੰਦੇ ਵਿੱਚ ਧੱਕੀਆਂ ਔਰਤਾਂ ਦੇ ਸਮਾਜਿਕ ਸਨਮਾਨ ਤਹਿਤ ਮੁੜ ਵਸੇਬੇ ਦੇ ਹੱਕ ਵਿੱਚ ਹੈ. ਉਹਨਾਂ ਕਿਹਾ ਕਿ ਸੁਸਾਇਟੀ ਇਹ ਸਮਝਦੀ ਹੈ ਕਿ ਮੀਡੀਆ ਦੇ ਸਾਧਨਾਂ ਵਿੱਚ ਔਰਤਾਂ ਦੇ ਜਿਣਸੀਕਰਨ ਦਾ ਖਾਤਮਾ ਹੋਣਾ ਚਾਹੀਦਾ ਹੈ ਤੇ ਖਾਪ ਪੰਚਾਇਤਾਂ ਦੇ ਪਿਛਾਖੜੀ ਤੇ ਬਰਬਰਤਾ ਵਾਲੇ ਫੈਸਲਿਆਂ ਦਾ ਵਿਰੋਧ ਕਰਦੀ ਹੈ. ਉਹਨਾਂ ਬੋਲਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਔਰਤਾਂ ਨਾਲ ਜਾਤੀ ਅਤੇ ਧਰਮ ਦੇ ਨਾਂ 'ਤੇ ਹੋਣ ਵਾਲੇ ਭੇਦਭਾਵਾਂ ਦਾ ਵੀ ਵਿਰੋਧ ਕਰਦੀ ਹੈ. ਕਿਰਤ ਸੱਭਿਆਚਾਰ ਬਾਰੇ ਬੋਲਦਿਆਂ ਇਕਾਈ ਮੁਖੀ ਮਾਸਟਰ ਸੁਰਜੀਤ ਨੇ ਕਿਹਾ ਕਿ ਲੋਕਾਂ ਨੂੰ ਕੰਮ ਕਰਨ ਦੇ ਨਾਲ-ਨਾਲ ਕੀਤੇ ਕੰਮ ਦਾ ਪੂਰਾ ਫਲ ਹਾਸਲ ਕਰਨ ਲਈ ਜੱਦੋ-ਜਹਿਦ ਦੇ ਰਾਹ ਵੀ ਪੈਣਾ ਚਾਹੀਦਾ ਹੈ. ਇਕਾਈ ਮੋਹਾਲੀ ਦੇ ਸੱਭਿਆਚਾਰ ਵਿਭਾਗ ਦੇ ਮੁਖੀ ਗੋਰਾ ਹੁਸ਼ਿਆਰਪੁਰੀ ਨੇ ਕਿਹਾ ਕਿ ਸੁਸਾਇਟੀ ਦੀ ਸਮਝ ਮੁਤਾਬਕ ਤਰਕਸ਼ੀਲ ਕਾਮੇ ਰਸਮੋਂ-ਰਿਵਾਜਾਂ ਚੋਂ ਜੋ ਵੀ ਛੱਡ ਸਕਦੇ ਹੋਣ ਛੱਡਣਗੇ. ਜੋ ਹੁਣ ਦੀਆਂ ਹਾਲਤਾਂ ਮੁਤਾਬਕ ਛੱਡਣੇ ਸੰਭਵ ਨਹੀਂ ਉਹ ਨਿਭਾਉਣਗੇ. ਨਾ ਬਾਗੀ ਬਣਨਗੇ ਤੇ ਨਾ ਸਮਾਜਿਕ ਦਬਾਅ ਦੇ ਜੂਲੇ ਹੇਠ ਕੁਰਾਹੁੰਦੇ ਰਹਾਂਗੇ.

powered by social2s