ਅਖੌਤੀ ਸੰਤ ਦਾ ਤਾਨਾਸ਼ਾਹੀ ਕਿਰਦਾਰ ਲੋਕਾਂ ਸਾਹਮਣੇ ਹੋਇਆ ਬੇਨਕਾਬ: ਤਰਕਸ਼ੀਲ ਸੁਸਾਇਟੀ

ਖਰੜ, 28 ਨਵੰਬਰ (ਜਰਨੈਲ ਕ੍ਰਾਂਤੀ): ਅਹਿੰਸਾ ਨੂੰ ਪਰਮੋ-ਧਰਮ ਕਹਿਕੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਅਖੌਤੀ ਸੰਤ-ਮਹਾਤਮਾ ਲੋੜ ਪੈਣ ਉੱਤੇ ਆਪ ਕਿਸ ਤਰਾਂ ਹਿੰਸਾ ਦੀ ਖੇਡ ਖੇਡਦੇ ਹਨ, ਇਸ ਦੀ ਤਾਜਾ ਮਿਸ਼ਾਲ ਹਰਿਆਣਾ ਦੇ ਹਿਸਾਰ ਨਜਦੀਕ ਬਰਵਾਲਾ ਵਿੱਚ ਮਹਿਲ ਅਤੇ ਕਿਲੇ ਵਰਗੇ ਡੇਰੇ ‘ਸਤਲੋਕ ਆਸ਼ਰਮ’ ਦੇ ਮੁਖੀ ਰਾਮਪਾਲ

ਨੇ ਪੇਸ਼ ਕੀਤੀ. ਅੰਧ-ਸ਼ਰਧਾ ਵਿੱਚ ਅੰਨੇ ਬਣੇ ਆਪਣੇ ਸ਼ਰਧਾਲੂਆਂ ਦੀ ਮੋਰਚਾ-ਬੰਦੀ ਕਰਕੇ ਸਰਕਾਰੀ ਤੰਤਰ ਨੂੰ ਵੰਗਾਰਨਾ ਵੈਸੇ ਤਾਂ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ. ਪਰ ਜਿਸ ਦੇਸ ਵਿੱਚ ਦਿਨ ਚੜਦੇ ਸਾਰ ਟੀ. ਵੀ. ਚੈਨਲਾਂ ਉੱਤੇ ਬਾਬਿਆਂ ਦਾ ਕੂੜ ਪ੍ਰਚਾਰ ਸ਼ੁਰੂ ਹੋ ਜਾਂਦਾ ਹੋਵੇ, ਉਸ ਦੇਸ ਦੇ ਬਾਬਿਆਂ ਦਾ ਸ਼ਰਧਾਲੂਆਂ ਦੀ ਤਾਕਤ ਦੇ ਨਸ਼ੇ ਵਿੱਚ ਬਾਗੀ ਹੋ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ. ਇਹ ਗੱਲ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੇ ਹੰਗਾਮੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕਹੀ.

ਤਰਕਸ਼ੀਲਾਂ ਨੇ ਸ਼ੁਰੂ ਵਿੱਚ ਪ੍ਰਸ਼ਾਸਨ ਵੱਲੋਂ ਇਸ ਸਮੁੱਚੇ ਵਰਤਾਰੇ ਪ੍ਰਤੀ ਗੈਰ-ਸੰਜੀਦਾ ਪਹੁੰਚ ਅਪਣਾਏ ਜਾਣ ਉਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਆਸ਼ਰਮ ਵਿੱਚੋਂ ਗੈਰ-ਕਾਨੂੰਨੀ ਹਥਿਆਰਾਂ ਦਾ ਜ਼ਖੀਰਾ ਮਿਲਣ ਤੋਂ ਬਾਅਦ ਬਾਬੇ ਦਾ ਡੇਰਾ ਆਸ਼ਰਮ ਘੱਟ ਅਤੇ ਦਹਿਸਤਗਰਦੀ ਦਾ ਅੱਡਾ ਵੱਧ ਸਾਬਤ ਹੋਇਆ. ਉਹਨਾਂ ਦੱਸਿਆ ਕਿ ਅਖੌਤੀ ਬਾਬਿਆਂ ਦੇ ਡੇਰਿਆਂ ਅੰਦਰ ਗੈਰਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਧਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਡੇਰਿਆਂ ਦੀਆਂ ਗਲਤ ਕਾਰਵਾਈਆਂ ਦੀ ਪੋਲ ਖੋਲ੍ਹਣ ਵਾਲਿਆਂ ਉੱਤੇ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀ ਆੜ ਹੇਠ ਧਾਰਾ 295 ਅਧੀਨ ਪਰਚਾ ਦਰਜ ਕਰਵਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ.

ਤਰਕਸ਼ੀਲ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਆਸ਼ਰਮ ਵਿੱਚ ਇਸ ਘਟਨਾ ਮੌਕੇ ਮਾਰੇ ਗਏ ਲੋਕਾਂ ਦੀ ਮੌਤ ਲਈ ਅਖੌਤੀ ਬਾਬੇ ਰਾਮਪਾਲ ਨੂੰ ਦੋਸ਼ੀ ਮੰਨਦੇ ਹੋਏ ਧਾਰਾ 302 ਅਧੀਨ ਮੁਕੱਦਮਾ ਦਰਜ ਕਰਕੇ ਕੇਸ ਚਲਾਇਆ ਜਾਵੇ. ਉਹਨਾਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਅਖੌਤੀ ਸੰਤਾਂ ਦੇ ਆਲੀਸ਼ਾਨ ਡੇਰਿਆਂ ਦੀ ਅਰਬਾਂ-ਖਰਬਾਂ ਰੁਪਿਆਂ ਦੀ ਜਾਇਦਾਦ ਅਤੇ ਆਮਦਨ ਦਾ ਲੇਖਾ-ਜੋਖਾ ਕਰਕੇ ਬਣਦਾ ਇਨਕਮ ਟੈਕਸ ਵਸੂਲਿਆ ਜਾਵੇ. ਤਰਕਸ਼ੀਲ ਆਗੂਆਂ ਨੇ ਸੁਝਾਅ ਵੀ ਦਿੱਤਾ ਕਿ ਅੰਧ-ਵਿਸ਼ਵਾਸੀ ਲੋਕਾਂ ਵੱਲੋਂ ਦਾਨ-ਦਕਸਣਾਂ ਦੇ ਰੂਪ ਵਿੱਚ ਦਿੱਤੇ ਹੋਏ ਪੈਸੇ ਨਾਲ ਇਸ ਤਰਾਂ ਦੇ ਡੇਰਿਆਂ ਦਾ ਬਹੁਤ ਬੜਾ ਜਾਲ਼ ਪੂਰੇ ਦੇਸ ਅੰਦਰ ਬੜੀ ਤੇਜੀ ਨਾਲ ਵਿਛਦਾ ਜਾ ਰਿਹਾ ਹੈ, ਜਿਨਾਂ ਦੀ ਜਲਦੀ ਜਾਂਚ-ਪੜਤਾਲ਼ ਦੀ ਲੋੜ ਹੈ ਤਾਂਕਿ ਸਤਲੋਕ ਆਸ਼ਰਮ ਵਰਗਾ ਦੁਖਾਂਤ ਦੁਬਾਰਾ ਨਾ ਭੋਗਣਾ ਪਵੇ. ਇਸ ਮੌਕੇ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ, ਜੋਨ ਮੀਡੀਆ ਮੁਖੀ ਜਰਨੈਲ ਕਰਾਂਤੀ, ਵਿੱਤ ਮੁਖੀ ਅਜੀਤ ਪ੍ਰਦੇਸੀ, ਕਰਮਜੀਤ ਸਕਰੁੱਲਾਂਪੁਰੀ, ਕੁਲਵਿੰਦਰ ਨਗਾਰੀ, ਅਸ਼ੋਕ ਰੋਪੜ ਆਦਿ ਮੈਂਬਰ ਹਾਜ਼ਰ ਸਨ.