ਕਿਸੇ ਇਕ ਅਪਰਾਧੀ ਦੀ ਸਜ਼ਾ ਸਮੁੱਚੇ ਭਾਈਚਾਰੇ ਨੂੰ ਦੇਣੀ ਗ਼ਲਤ : ਤਰਕਸ਼ੀਲ ਸੁਸਾਇਟੀ
ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ
ਬਰਨਾਲਾ, 18 ਸਤੰਬਰ (ਸੁਮੀਤ ਅੰਮ੍ਰਿਤਸਰ); ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਇਕ ਪ੍ਰਵਾਸੀ ਵੱਲੋਂ ਪੰਜ ਸਾਲ ਦੇ ਬੱਚੇ ਦੇ ਵਹਿਸ਼ੀ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਉਸ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਕੁੱਝ ਜ਼ਿਲਿਆਂ ਵਿੱਚ ਕੁੱਝ ਸਮੂਹਾਂ ਅਤੇ ਪੰਚਾਇਤਾਂ
ਵੱਲੋਂ ਪਾਸ ਕੀਤੇ ਗੈਰ ਜਮਹੂਰੀ ਮਤਿਆਂ ਰਾਹੀਂ ਪ੍ਰਵਾਸੀ ਲੋਕਾਂ ਵਿਰੁੱਧ ਫਿਰਕੂ ਨਫ਼ਰਤ ਫੈਲਾਉਣ ਅਤੇ ਪੰਜਾਬ ਛੱਡ ਕੇ ਜਾਣ ਦੀਆਂ ਧਮਕੀਆਂ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਵੀ ਕੀਤੀ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਦਫਤਰ ਸਕੱਤਰ ਹੇਮ ਰਾਜ ਸਟੈਨੋਂ, ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਮੁੱਖ ਦਫਤਰ ਤਰਕਸ਼ੀਲ ਭਵਨ ਬਰਨਾਲਾ ਤੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਪ੍ਰਵਾਸੀ ਵੱਲੋਂ ਹੁਸ਼ਿਆਰਪੁਰ ਵਿਖੇ ਪੰਜ ਸਾਲਾਂ ਦੇ ਬੱਚੇ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਦੁੱਖਦਾਈ ਘਟਨਾ ਨੇ ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਨੂੰ ਵਲੂੰਧਰਿਆ ਹੈ ਪਰ ਕੁਝ ਪੰਚਾਇਤਾਂ ਅਤੇ ਗਰੁੱਪਾਂ ਵੱਲੋਂ ਕਿਸੇ ਇਕ ਵਿਅਕਤੀ ਵੱਲੋਂ ਕੀਤੇ ਅਪਰਾਧ ਲਈ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਦੀ ਕਾਰਵਾਈ ਪੰਜਾਬ ਵਿਚਲੀ ਭਾਈਚਾਰਕ ਏਕਤਾ ਅਤੇ ਅਮਨ ਸ਼ਾਂਤੀ ਲਈ ਸਰਾਸਰ ਖ਼ਤਰਨਾਕ, ਗੈਰ ਜਮਹੂਰੀ ਅਤੇ ਲੋਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕੁਝ ਫ਼ਿਰਕੂ ਸੰਗਠਨ ਅਜਿਹੀ ਫਿਰਕੂ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਨੂੰ ਉਭਾਰ ਕੇ ਜਿੱਥੇ ਪੰਜਾਬ ਵਿੱਚ ਪਰਵਾਸੀਆਂ ਅਤੇ ਬਿਹਾਰ ਚੋਣਾਂ ਵਿੱਚ ਆਪਣਾ ਵੋਟ ਬੈਂਕ ਮਜ਼ਬੂਤ ਕਰਨਾ ਚਾਹੁੰਦੇ ਹਨ ਉਥੇ ਹੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪੰਜਾਬੀਆਂ ਅਤੇ ਸਿੱਖਾਂ ਵਿਰੁੱਧ ਫਿਰਕੂ ਦੰਗੇ ਫਸਾਦਾਂ ਦਾ ਮਾਹੌਲ ਸਿਰਜ ਕੇ ਉਨ੍ਹਾਂ ਨੂੰ ਉਜਾੜਨ ਤੇ ਬਰਬਾਦ ਕਰਨ ਦੀ ਸਾਜ਼ਿਸ਼ ਵੀ ਕਰ ਰਹੇ ਹਨ ਜਿਸਦੇ ਵਿਰੁੱਧ ਲੋਕ ਪੱਖੀ ਅਤੇ ਅਗਾਂਹਵਧੂ ਜਨਤਕ ਜਮਹੂਰੀ ਜੱਥੇਬੰਦੀਆਂ ਨੂੰ ਇਕਜੁੱਟ ਹੋ ਕੇ ਕਿਰਤੀਆਂ ਕਾਮਿਆਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਫਿਰਕੂ ਸਾਜਿਸ਼ਾਂ ਦਾ ਮੁਕਾਬਲਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਵੀ ਲੋਕਾਂ ਦਾ ਧਿਆਨ ਹੜ੍ਹਾਂ ਰਾਹੀਂ ਹੋਈ ਬਰਬਾਦੀ, ਮੁੜ ਵਸੇਬੇ, ਮੁਆਵਜ਼ੇ, ਕਿਸਾਨ-ਮਜ਼ਦੂਰ ਮੁੱਦਿਆਂ, ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਕਾਰਪੋਰੇਟ ਲੁੱਟ, ਭ੍ਰਿਸ਼ਟਾਚਾਰ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਦੇ ਅਸਲ ਮੁੱਦਿਆਂ ਤੋਂ ਪਾਸੇ ਹਟਾਉਣ ਲਈ ਅਜਿਹੇ ਫਿਰਕੂ ਮੁੱਦਿਆਂ ਉਤੇ ਸਾਜਿਸ਼ੀ ਚੁੱਪ ਧਾਰੀ ਬੈਠੀਆਂ ਹਨ। ਤਰਕਸ਼ੀਲ ਆਗੂਆਂ ਨੇ ਪੰਜਾਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਦੇ ਪਿਛੋਕੜ ਦੀ ਤਹਿਕੀਕਾਤ ਕਰਨ ਦੀ ਮੰਗ ਕਰਦਿਆਂ ਪਰਵਾਸੀਆਂ ਦੇ ਵਿਰੁੱਧ ਮਤੇ ਪਾਸ ਕਰਨ ਵਾਲੀਆਂ ਪੰਚਾਇਤਾਂ ਨੂੰ ਭਾਈਚਾਰਕ ਸਾਂਝ, ਦੂਰ ਅੰਦੇਸ਼ੀ ਅਤੇ ਸਹਿਣਸ਼ੀਲਤਾ ਰੱਖਣ ਅਤੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਸਖ਼ਤ ਸਜ਼ਾਵਾਂ ਦਿਵਾਉਣ ਲਈ ਸਾਂਝੇ ਮੰਚ ਤੋਂ ਉਪਰਾਲੇ ਕਰਨ ਦੀ ਅਪੀਲ ਕੀਤੀ।