ਤਰਕਸ਼ੀਲਾਂ ਵੱਲੋਂ ਔਰਤ ਦੀ ਬਲੀ ਦੇਣ ਲਈ ਉਕਸਾਉਣ ਵਾਲੇ ਤਾਂਤ੍ਰਿਕ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਮੰਗ

ਲੁਧਿਆਣਾ, 21 ਅਪ੍ਰੈਲ (ਹਰਚੰਦ ਭਿੰਡਰ): ਬੀਤੇ ਦਿਨੀ ਇੱਕ ਅਖੌਤੀ ਤਾਂਤਰਿਕ ਵੱਲੋਂ ਪਿੰਡ ਫ਼ਿਰੋਜ਼ਪੁਰ (ਫਤਿਹਗੜ੍ਹ ਸਾਹਿਬ) ਦੇ ਵਾਸੀ ਕੁਲਦੀਪ ਸਿੰਘ ਉਰਫ ਕੀਪਾ ਅਤੇ ਜਸਵੀਰ ਸਿੰਘ ਉਰਫ ਜੱਸੀ ਨੂੰ ਅਮੀਰ ਬਣਨ ਲਈ ਜਾਦੂ ਟੂਣੇ ਵਜੋਂ ਕਿਸੇ ਔਰਤ ਦੀ ‘ਮਨੁੱਖੀ ਬਲੀਦਾਨ’ ਦੇਣ ਲਈ ਉਕਸਾਇਆ ਗਿਆ ਸੀ. ਇਸ ਬਲੀ ਦੇ ਕੰਮ ਨੂੰ ਪੂਰਾ ਕਰਨ ਲਈ ਉਹਨਾਂ

ਵੱਲੋਂ ਆਪਣੇ ਦੋਸਤ ਧਰਮਪ੍ਰੀਤ ਦੀ ਮਾਤਾ ਬਲਵੀਰ ਕੌਰ ਨੂੰ ਤਾਂਤ੍ਰਿਕ ਕੋਲ ਮੱਥਾ ਟੇਕਣ ਦੇ ਬਹਾਨੇ ਬੁਲਾਇਆ ਅਤੇ ਉਸ ਦਾ ਕਤਲ ਕਰਨ ਲਈ ਪਿੰਡ ਦੀ ਇੱਕ ਸੁੰਨਸਾਨ ਜਗ੍ਹਾ ਲਿਜਾਕੇ ਦਾਤਰੀ ਨਾਲ ਹਮਲਾ ਕਰ ਦਿੱਤਾ. ਇਸ ਨਾਲ ਬਲਵੀਰ ਕੌਰ ਦੀ ਗਰਦਨ ਅਤੇ ਸਰੀਰ ਦੇ ਹੋਰ ਅੰਗਾਂ ਤੇ ਗੰਭੀਰ ਸੱਟਾਂ ਲੱਗੀਆਂ. ਪੁਲੀਸ ਨੇ ਭਾਵੇਂ ਦੋਵੇਂ ਕੀਪਾ ਤੇ ਜੱਸਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ ਪਰ ਤਾਂਤਰਿਕ ਕਿੱਥੇ ਹੈ ਬਾਰੇ ਕੋਈ ਜਾਣਕਾਰੀ ਨਹੀਂ ਹੈ. ਪਰ ਬਲਵੀਰ ਕੌਰ ਪੀ ਜੀ ਆਈ ਚੰਡੀਗੜ੍ਹ ਇਲਾਜ ਅਧੀਨ ਹੈ.

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਲੁਧਿਆਣਾ ਨੇ ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ ਤੇ (ਜ਼ੋਨ ਲੁਧਿਆਣਾ) ਦੇ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ੋਨ ਅਗਜੈਕਟਿਵ ਕਮੇਟੀ ਵੱਲੋ  ਜੱਥੇਬੰਦਕ ਮੁੱਖੀ ਜਸਵੰਤ ਜੀਰਖ, ਵਿੱਤ ਮੁੱਖੀ ਆਤਮਾ ਸਿੰਘ, ਸੱਭਿਆਚਾਰਿਕ ਮੁੱਖੀ ਸ਼ਮਸ਼ੇਰ ਨੂਰਪੁਰੀ, ਮਾਨਸਿਕ ਸਿਹਤ ਸਲਾਹ ਵਿਭਾਗ ਮੁੱਖੀ ਰਾਜਿੰਦਰ ਜੰਡਿਆਲੀ ਵੱਲੋਂ ਉਪਰੋਕਤ ਘਟਨਾ ਦੇ ਮੁੱਖ ਦੋਸ਼ੀ ਤਾਂਤ੍ਰਿਕ ਸਮੇਤ ਦੋਵੇਂ ਦੋਸ਼ੀਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਅਤੇ ਪੂਰੇ ਪੰਜਾਬ ਵਿੱਚੋਂ ਅਜਿਹੇ ਤਾਂਤਰਿਕਾਂ ਆਦਿ ਦੇ ਅੱਡੇ, ਤਰਕਸ਼ੀਲ ਸੁਸਾਇਟੀ ਵੱਲੋਂ  ਦਿੱਤੇ ਗਏ ਮੰਗ ਪੱਤਰਾਂ ਦੇ ਅਧਾਰ ਤੇ ਬੰਦ ਕਰਵਾਏ ਜਾਣ ਦੀ ਮੰਗ ਦੁਹਰਾਈ ਹੈ. ਉਹਨਾਂ ਦਾਅਵਾ ਕੀਤਾ ਕਿ ਅਜਿਹੇ ਤਾਂਤ੍ਰਿਕ ਜਿੱਥੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਪਾਸੋਂ ਮੋਟੀਆਂ ਰਕਮਾਂ ਵਸੂਲਕੇ ਲੁੱਟ ਕਰ ਰਹੇ ਹਨ, ਉੱਥੇ ਕਈ ਘਰਾਂ ਦੀ ਬਰਬਾਦੀ ਦਾ ਕਾਰਣ ਵੀ ਬਣਦੇ ਹਨ.

 ਯਾਦ ਰਹੇ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਭੋਲੇ ਭਾਲੇ ਲੋਕਾਂ ਨੂੰ ਅਜਿਹੇ ਤਾਂਤ੍ਰਿਕਾਂ / ਜੋਤਸ਼ੀਆਂ ਆਦਿ ਦੀ ਚੁੰਗਲ ‘ਚੋਂ ਬਚਾਉਣ ਲਈ ਲਗਾਤਾਰ ਯਤਨਸੀਲ ਹੈ, ਪਰ ਫਿਰ ਵੀ ਲੋਕ ਇਹਨਾਂ ਦੀ ਚੁੰਗਲ ਵਿੱਚ ਫਸਕੇ ਆਪਣੇ ਘਰ ਬਰਬਾਦ ਕਰ ਰਹੇ ਹਨ. ਅਜੇ ਮਹੀਨਾ ਕੁ ਪਹਿਲਾਂ ਹੀ ਤਰਕਸ਼ੀਲ ਸੁਸਾਇਟੀ ਵੱਲੋਂ ਹਰ ਤਰ੍ਹਾਂ ਦੀਆਂ ਗ਼ੈਬੀ ਸ਼ਕਤੀਆਂ ਦੇ ਦਾਅਵੇਦਾਰ ਕਹਾਉਣ ਵਾਲੇ ਤਾਂਤਰਿਕਾਂ, ਜੋਤਿਸ਼ੀਆਂ ਅਤੇ ਬਾਬਿਆਂ ਆਦਿ ਵੱਲੋਂ ਚਲਾਏ ਜਾ ਰਹੇ ਅੰਧਵਿਸ਼ਵਾਸ ਫੈਲਾਉਣ ਦੇ ਅੱਡੇ/ ਡੇਰੇ ਬੰਦ ਕਰਵਾਉਣ ਲਈ ਪੰਜਾਬ ਪੱਧਰ ਤੇ ਐਮ ਐਲ ਏਜ ਨੂੰ ਮੰਗ ਪੱਤਰ ਦਿੱਤੇ ਸਨ. ਪਰ ਅਫ਼ਸੋਸ ਕਿ ਕਿਸੇ ਵੀ ਐਮ ਐਲ ਏ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ. ਉਹਨਾਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਜਾਣਕਾਰੀ ਹਿੱਤ ਦੱਸਿਆ ਕਿ ਉਹਨਾਂ ਨੇ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਹੁਣ ਤੱਕ ਲੱਖਾਂ ਰੁਪਏ ਅਜਿਹੇ ਤਾਂਤਰਿਕਾਂ ਪਾਸੋਂ ਪੀੜਤ ਲੋਕਾਂ ਦੇ ਲੁੱਟੇ ਵਾਪਸ ਕਰਵਾਏ ਹਨ. ਤਰਕਸ਼ੀਲ ਆਗੂਆਂ ਨੇ ਸੁਸਾਇਟੀ ਦੀਆਂ ਰੱਖੀਆਂ ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਨ ਤੇ 5 ਲੱਖ ਰੁ ਦਾ ਨਗਦ ਇਨਾਮ ਜਿੱਤਣ ਲਈ ਵੀ ਅਜਿਹੇ ਹਰ ਤਾਂਤ੍ਰਿਕ, ਜੋਤਿਸ਼ੀ ਅਤੇ ਕਰਾਮਾਤੀ ਕਹਾਉਣ ਵਾਲੇ ਬਾਬਿਆਂ ਨੂੰ ਚਣੌਤੀ ਦਿੱਤੀ.