ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਵਿਗਿਆਨਕ ਜਾਗਰੂਕਤਾ ਵਕਤ ਦੀ ਮੁਖ ਲੋੜ

ਸੰਗਰੂਰ, 9 ਜਨਵਰੀ (ਮਾਸਟਰ ਪਰਮ ਵੇਦ): ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ-ਬਰਨਾਲਾ ਦੀ ਮੀਟਿੰਗ ਸੂਬਾ ਜਥੇਬੰਦਕ ਮੁਖੀ ਹੇਮ ਰਾਜ ਸਟੈਨੋ ਤੇ ਜ਼ੋਨ ਮੁਖੀ ਮਾਸਟਰ ਪਰਮ ਵੇਦ ਦੀ ਅਗਵਾਈ ਵਿੱਚ ਹੋਈ. ਜਿਸਦਾ ਚੇਤਨਾ ਪਰਖ ਪ੍ਰੀਖਿਆ ਦੀ ਸਰਗਰਮੀਆਂ  ਦੀ ਸਮੀਖਿਆ ਮੁਖ ਅਜੰਡਾ ਸੀ. ਇਸ ਵਿੱਚ

ਭਦੌੜ, ਦਿੜ੍ਹਬਾ, ਬਰਨਾਲਾ, ਸੰਗਰੂਰ ਇਕਾਈਆਂ ਵੱਲੋਂ ਕੀਤੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ ਗਈ. ਹੁਣ ਤਕ ਰਜਿਸਟਰੇਸ਼ਨ ਨਾ ਕਰਨ ਵਾਲੀਆਂ ਇਕਾਈਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ.  ਮਾਸਟਰ ਪਰਮ ਵੇਦ ਨੇ ਦੱਸਿਆ ਕਿ ਮੀਟਿੰਗ ਵਿੱਚ ਨਵੇਂ ਸਾਲ ਦੇ  ਪਹਿਲੇ ਮਹੀਨੇ ਤਰਕਸ਼ੀਲ ਮੈਗਜੀਨ ਦੀ ਜ਼ਿਕਰਯੋਗ ਗਿਣਤੀ ਵਧਾਉਣ ਦਾ ਫੈਸਲਾ  ਵੀ ਕੀਤਾ ਗਿਆ. ਤਰਕਸ਼ੀਲ ਮੀਟਿੰਗਾਂ ਤੇ ਕੰਮ  ਵਿਸ਼ੇ ਤੇ  ਅਗਲੇ ਮਹੀਨੇ ਵਰਕਸ਼ਾਪ ਕਰਵਾਉਣ ਬਾਰੇ ਵੀ ਸਹਿਮਤੀ ਬਣੀ. ਉਨਾਂ ਕਿਹਾ ਕਿ ਵਿਗਿਆਨਕ ਜਾਗਰੂਕਤਾ ਦੀ ਰੋਸ਼ਨੀ ਹਰ ਪਾਸੇ ਬਿਖੇਰਨਾ ਸਮੇਂ ਦੀ ਮੁਖ ਲੋੜ ਹੈ, ਇਸ ਨਾਲ ਹੀ ਸਮਾਜ ਵਿਚੋਂ ਅੰਧਵਿਸ਼ਵਾਸ ਦਾ ਹਨੇਰਾ ਮਿਟਾਇਆ ਜਾ ਸਕਦਾ ਹੈ.

ਮੀਟਿੰਗ ਵਿੱਚ ਕਰੋਨਾ ਦੇ ਨਾਂ ਤੇ ਸਰਕਾਰੀ ਦਹਿਸ਼ਤ ਫੈਲਾਉਣ  ਤੇ ਲਾਈਆਂ ਪਾਬੰਦੀਆਂ ਦਾ ਕਰੜੇ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ. ਉਨਾਂ ਕਿਹਾ ਕਿ ਸਰਕਾਰ ਨੂੰ ਵਿਗਿਆਨਕ ਜਾਣਕਾਰੀ ਦੇ ਆਧਾਰ ਤੇ ਵਾਇਰਸ ਦੀ ਲਾਗ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਪ੍ਰਚਾਰ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ. ਫਾਸ਼ੀਵਾਦੀ ਸ਼ਕਤੀਆਂ ਦੁਆਰਾ ਸਮਾਜ ਵਿੱਚ ਫਿਰਕੂ ਜ਼ਹਿਰ  ਫੈਲਾਉਣ ਦੀ ਵੀ ਨਿਖੇਧੀ ਕੀਤੀ ਗਈ. ਉਨ੍ਹਾਂ ਆਖਿਆ ਕਿ ਤਰਕਸ਼ੀਲਤਾ  ਲਈ ਕੰਮ ਕਰਨ ਦਾ ਆਪਣਾ ਮਹੱਤਵ ਹੈ, ਜਿਹੜਾ ਗਿਆਨ, ਵਿਗਿਆਨ ਦੇ ਪਾਸਾਰ ਤੇ ਚੇਤੰਨ ਸਮਾਜ ਲਈ ਅਤਿਅੰਤ ਲੋੜੀਂਦਾ ਹੈ. ਉਨ੍ਹਾਂ ਸਪੱਸ਼ਟ ਕੀਤਾ ਕਿ ਚੁਣੌਤੀਆਂ ਭਰੇ ਇਸ ਦੌਰ ਵਿੱਚ ਤਰਕਸ਼ੀਲ ਚੇਤਨਾ ਨਾਲ ਹੀ ਫਾਸ਼ੀਵਾਦੀ ਹਕੂਮਤ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਫਿਰਕਾਪ੍ਰਸਤੀ ਜਿਹੇ ਗ਼ੈਰ ਵਿਗਿਆਨਕ ਕੂੜ੍ਹ ਪ੍ਰਚਾਰ ਨੂੰ ਮਾਤ ਦਿੱਤੀ ਜਾ ਸਕਦੀ ਹੈ. ਮੀਟਿੰਗ ਵਿੱਚ  ਸਾਮਾਜ ਵਿੱਚ ਤਰਕਸ਼ੀਲਤਾ  ਲਹਿਰ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਹੋਰ ਪੱਕਾ ਕਰਨ ਲਈ ਯਤਨ ਜੁਟਾਉਣ ਤੇ ਵੀ ਜ਼ੋਰ ਦਿੱਤਾ ਗਿਆ. ਇਸ ਸਮੇਂ ਤਰਕਸ਼ੀਲ ਕੈਲੰਡਰ 2022 ਵੀ ਰਲੀਜ਼ ਕੀਤਾ ਗਿਆ. ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸ਼ਹਿਣਾ, ਸੋਹਣ ਸਿੰਘ ਮਾਝੀ, ਅਵਤਾਰ ਸਿੰਘ, ਜ਼ੋਰਾ ਸਿੰਘ ਖਿਆਲੀ, ਨਾਇਬ ਸਿੰਘ ਰਟੋਲਾਂ, ਸਹਿਦੇਵ ਸਿੰਘ, ਕੁਲਦੀਪ ਸਿੰਘ ਨੈਣੇਵਾਲ, ਸੁਰਿੰਦਰ ਪਾਲ ਸੰਗਰੂਰ, ਚਰਨ ਕਮਲ ਸਿੰਘ, ਬਿੰਦਰ ਧਨੋਲਾ ਹਾਜ਼ਰ ਸਨ.