ਤਰਕਸ਼ੀਲਾਂ ਦੇ ਕੰਮ ਦੀ ਮਹੱਤਤਾ ਵਿਸ਼ੇ ਉੱਤੇ ਕੀਤੀ ਵਿਚਾਰ-ਚਰਚਾ
ਖਰੜ, 16 ਦਸੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਇਕਾਈ ਖਰੜ੍ਹ ਦੀ ਮਹੀਨਾਵਾਰ ਮੀਟਿੰਗ ਵਿੱਚ 'ਤਰਕਸ਼ੀਲਾਂ ਦੇ ਕੰਮ ਦੀ ਮਹੱਤਤਾ' ਵਿਸ਼ੇ ਉੱਤੇ ਚਰਚਾ ਹੋਈ. ਮੀਟਿੰਗ ਵਿੱਚ ਹਾਜ਼ਰ ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਖਰੜ ਗੁਰਮੀਤ ਨੇ ਕਿਹਾ ਕਿ ਅੱਜ ਫਿਰਕੂ ਤਾਕਤਾਂ ਵੱਲੋਂ ਲੁਕਵੇਂ ਅਜੰਡੇ ਤਹਿਤ ਫਿਰਕੇ
ਅਧਾਰਿਤ ਵੰਡੀਆਂ ਪਾਈਆਂ ਜਾ ਰਹੀਆਂ ਹਨ. ਫਿਰਕਿਆਂ ਵਿੱਚ ਵੰਡੇ ਹੋਏ ਲੋਕ ਸਮੂਹਿਕ ਹਿੱਤਾਂ ਵਾਸਤੇ ਇਕੱਠੇ ਹੋਕੇ ਲੜਨ ਦੇ ਕਾਬਲ ਨਹੀਂ ਹੁੰਦੇ. ਇਸ ਦੇ ਉਲਟ ਵਿਗਿਆਨਿਕ ਵਿਚਾਰਧਾਰਾ ਲੋਕਾਈ ਨੂੰ ਇੱਕਜੁੱਟ ਕਰਕੇ ਸੰਘਰਸ਼ਾ ਦੇ ਰਾਹ ਤੋਰਦੀ ਹੈ. ਇਸ ਵਿਚਾਰ ਚਰਚਾ ਵਿੱਚ ਬੋਲਦਿਆਂ ਇਕਾਈ ਜਥੇਬੰਦਕ ਮੁਖੀ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਅੰਧਵਿਸ਼ਵਾਸੀ ਲੋਕ ਆਪਣੇ ਦੁੱਖਾਂ ਤਕਲੀਫਾਂ ਵਾਸਤੇ ਹਕੂਮਤਾਂ ਤੋਂ ਜਵਾਬ ਮੰਗਣ ਦੀ ਬਜਾਏ ਕਿਸਮਤ ਨੂੰ ਕੋਸ ਕੇ ਚੁੱਪ ਕਰ ਜਾਂਦੇ ਹਨ. ਇਸ ਤਰਾਂ ਕਿਸਮਤਵਾਦੀ ਫਲਸਫਾ ਹਾਕਮ ਜਮਾਤਾਂ ਦੀ ਉਮਰ ਲੰਮੀ ਕਰਨ ਦਾ ਜਰੀਆ ਬਣਦੀ ਹੈ. ਜਦੋਂ ਅੰਧਵਿਸਵਾਸਾਂ ਨੂੰ ਸ਼ਰਧਾ ਦੀ ਬਜਾਇ ਇੱਕ ਸੋਚੀ ਸਮਝੀ ਨੀਤੀ ਤਹਿਤ ਫੈਲਾਇਆ ਜਾਵੇ ਉਦੋਂ ਤਰਕਸ਼ਲਿਾਂ ਦੇ ਕੰਮ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ.
ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਸੁਰਿੰਦਰ ਸਿੰਬਲ਼ਮਾਜਰਾ ਅਤੇ ਜਰਨੈਲ ਸਹੌੜਾਂ ਨੇ ਕਿਹਾ ਕਿ ਅੰਧਵਿਸ਼ਵਾਸੀ ਲੋਕ ਬਿਮਾਰੀਆਂ ਦਾ ਇਲਾਜ ਡਾਕਟਰਾਂ ਤੋਂ ਕਰਵਾਉਣ ਵਾਸਤੇ ਹਸਪਤਾਲ ਜਾਣ ਦੀ ਬਜਾਏ ਬਾਬਿਆਂ ਦੀਆਂ ਚੌਕੀਆਂ ਭਰਨ ਦੇ ਰਾਹ ਤੁਰ ਪੈਂਦੇ ਹਨ. ਜਿੱਥੇ ਭੂਤ ਭਜਾਉਣ ਦੇ ਡਰਾਮੇ ਤਹਿਤ ਮਨੋਰੋਗ ਤੋਂ ਪੀੜਿਤ ਮਰੀਜਾਂ ਨਾਲ਼ ਬੁਰੀ ਤਰਾਂ ਕੁੱਟਮਾਰ ਕੀਤੀ ਜਾਂਦੀ ਹੈ.ਜਿਸ ਦੇ ਸਿੱਟੇ ਵਜੋਂ ਸਧਾਰਨ ਸਮੱਸਿਆ ਵੀ ਲਾਇਲਾਜ ਬਿਮਾਰੀ ਬਣ ਸਕਦੀ ਹੈ. ਇਸ ਤਰਾਂ ਦੇ ਅੰਧਵਿਸ਼ਵਾਸੀ ਸਮਾਜ ਵਿੱਚ ਤਰਕਸ਼ੀਲਾਂ ਦੀ ਜੁਮੇਵਾਰੀ ਹੋਰ ਵੀ ਵਧ ਜਾਂਦੀ ਹੈ. ਇਸ ਮੌਕੇ ਹਾਜਰ ਤਰਕਸ਼ੀਲ ਆਗੂਆਂ ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਰਾਮ ਕ੍ਰਿਸ਼ਨ ਧੁਨਕੀਆਂ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਮਨੁੱਖ ਦੇ ਜਨਮ ਲੈਣ ਸਾਰ ਹੀ ਉਸਦਾ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਨਾਲ ਵਾਹ ਪੈਣਾ ਸ਼ੁਰੂ ਹੋ ਜਾਂਦਾ ਹੈ. ਉਸ ਤੋਂ ਮਗਰੋਂ ਵਿਆਹ ਵੇਲੇ ਵੀ ਮੰਗਲੀਕ ਆਦਿ ਦਾ ਅੰਧਵਿਸ਼ਵਾਸ ਬਹੁਤ ਸਾਰੇ ਲੋਕਾਂ ਦੇ ਵਿਆਹ ਵਿੱਚ ਬੇਲੋੜੇ ਅੜਿੱਕੇ ਪੈਦਾ ਕਰਦਾ ਹੈ.ਤਰਕਸ਼ੀਲ ਹਮੇਸ਼ਾ ਤੋਂ ਇਨਾਂ ਵਹਿਮਾਂ-ਭਰਮਾਂ ਖਿਲਾਫ ਵੀ ਲੋਕਾਂ ਨੂੰ ਜਾਗਰੂਕ ਕਰਕੇ ਹਰੇਕ ਗੱਲ ਦੀ ਤਹਿ ਵਿੱਚ ਛੁਪੇ ਬੁਨਿਆਦੀ ਕਾਰਨਾਂ ਨੂੰ ਲੱਭਣ ਵਾਸਤੇ ਪ੍ਰੇਰਦੇ ਆ ਰਹੇ ਹਨ.
ਇਸ ਮੀਟਿੰਗ ਵਿੱਚ ਸੁਸਾਇਟੀ ਵੱਲੋਂ ਹਰ ਸਾਲ ਕਰਵਾਈ ਜਾਂਦੀ ਵਿਦਿਆਰਥੀ ਚੇਤਨਾ ਪਰਖ-ਪ੍ਰੀਖਿਆ ਦੀਆਂ ਤਿਆਰੀਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ. ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮਜੀਤ ਸੋਨੀ, ਗੁਰਮੀਤ ਸਹੌੜਾਂ ਅਤੇ ਪੀ ਪੀ ਸਿੰਘ ਨੇ ਦੱਸਿਆ ਕਿ ਇਸ ਵਾਰ ਦੀ ਪ੍ਰੀਖਿਆ 9 ਅਤੇ 10 ਜਨਵਰੀ 2022 ਨੂੰ ਲਈ ਜਾਵੇਗੀ. ਇਸ ਸਬੰਧੀ ਤਿਆਰੀਆਂ ਚਲ ਰਹੀਆਂ ਹਨ. ਇਕਾਈ ਖਰੜ ਵੱਲੋਂ ਵੀ ਇਸ ਪ੍ਰੀਖਿਆ ਵਿੱਚ ਲੱਗਭੱਗ 200 ਵਿਦਿਆਰਥੀ ਹਿੱਸਾ ਲੈਣਗੇ. ਤਰਕਸ਼ੀਲਾਂ ਨੇ ਸਕੂਲਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਹ ਪ੍ਰੀਖਿਆ ਦੇਣ ਵਾਸਤੇ ਪ੍ਰੇਰਿਤ ਕੀਤਾ ਜਾਵੇ.