ਦੀਵਾਲ਼ੀ ਮੌਕੇ ਲਗਾਈ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ

ਖਰੜ, 4 ਨਵੰਬਰ (ਕੁਲਵਿੰਦਰ ਨਗਾਰੀ) : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਨੇ ਹਰੇਕ ਸਾਲ ਵਾਂਗ ਇਸ ਵਾਰ  ਵੀ ਦੀਵਾਲੀ ਮੌਕੇ ਤਰਕਸ਼ੀਲ ਪੁਸਤਕ ਪ੍ਰਦਰਸਨੀ ਗੁਰਦੁਆਰਾ ਸਿੰਘ ਸਹੀਦਾਂ ਦੇ ਗੇਟ ਮੂਹਰੇ ਲਗਾਈ. ਤਰਕਸ਼ੀਲਾਂ ਨੇ ਦੀਵਾਲੀ ਮੌਕੇ ''ਕਿਤਾਬਾਂ ਖਰੀਦੋ, ਪਟਾਕੇ ਨਹੀਂ" ਦਾ

ਸੁਨੇਹਾ ਦਿੰਦੀ ਇਹ ਪੁਸਤਕ ਪ੍ਰਦਰਸ਼ਨੀ ਕਿਸਾਨ ਮੋਰਚੇ ਨੂੰ ਸਮਰਪਿਤ ਕੀਤੀ .ਪੁਸਤਕ ਪ੍ਰਦਰਸ਼ਨੀ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਪਿੰਡ ਸੋਹਾਣਾ ਗੁ: ਸਿੰਘ ਸ਼ਹੀਦਾਂ ਵਿਖੇ ਪੁਆਧ ਇਲਾਕੇ ਦੇ ਸਹਿਯੋਗ ਨਾਲ ਚਲ ਰਹੀ ਲੜੀਵਾਰ ਭੁੱਖ ਹੜਤਾਲ਼ ਵਿੱਚ ਇਕਾਈ ਖਰੜ ਦੇ 12 ਮੈਂਬਰ ਸ਼ਾਮਲ ਹੋਏ. ਪਿਛਲੇ ਲੱਗਭੱਗ 5 ਮਹੀਨਿਆਂ ਤੋਂ ਲਗਾਤਾਰ ਜਾਰੀ ਇਸ ਭੁੱਖ ਹੜਤਾਲ ਦਾ ਦੀਵਾਲੀ ਨੂੰ 151ਵਾਂ ਦਿਨ ਸੀ.

ਪ੍ਰਦਰਸਨੀ ਮੌਕੇ ਚੰਡੀਗੜ੍ਹ ਜੋਨ ਦੇ ਜਥੇਬੰਦਕ ਮੁਖੀ ਪ੍ਰਿੰ. ਗੁਰਮੀਤ ਖਰੜ ਨੇ ਕਿਹਾ ਦੀਵਾਲੀ ਭਾਰਤੀਆਂ ਲਈ ਸਭ ਤੋਂ ਵੱਡਾ ਤਿਓਹਾਰ ਹੈ. ਇਸ ਲਈ ਹਰ ਕੋਈ ਦੀਵਾਲੀ ਆਪਣੇ ਘਰ ਮਨਾਉਣੀ ਚਾਹੁੰਦਾ ਹੈ. ਪਰ ਸੰਘਰਸ਼ਾਂ ਨੂੰ ਸਮਰਪਿਤ ਸੰਸਥਾ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੀ ਇਕਾਈ ਖਰੜ ਦੇ ਕਾਮਿਆਂ ਨੇ ਅੱਜ ਦੀਵਾਲੀ ਦੀਆਂ ਖੁਸ਼ੀਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਨ ਵਾਸਤੇ ਦੀਵਾਲੀ ਦਾ ਦਿਨ ਬੜੀ ਖੁਸ਼ੀ ਨਾਲ ਪ੍ਰਬੰਧਕਾਂ ਤੋਂ ਮੰਗ ਕੇ ਲਿਆ ਸੀ. ਉਨ੍ਹਾਂ ਨੇ ਦੱਸਿਆ ਕਿ ਤਰਕਸ਼ੀਲਾਂ ਦਾ ਅਸਲ ਮਕਸਦ ਲੋਕਾਂ ਨੂੰ ਕਿਸਮਤਵਾਦੀ ਧਾਰਨਾਵਾਂ ਵਿਚੋਂ ਕੱਢ ਕੇ ਸੰਘਰਸ਼ਾਂ ਨਾਲ ਜੋੜਨਾ ਹੈ. ਉਨ੍ਹਾਂ ਕਿਹਾ ਕਿ ਸੰਘਰਸ਼ ਹੀ ਸਫਲਤਾ ਦਾ ਮਾਰਗ ਹੈ. ਲੋਕਾਂ ਦਾ ਏਕਾਮਈ ਸੰਘਰਸ਼ ਹੀ ਹਕੂਮਤਾਂ ਨੂੰ ਕਾਂਬਾ ਛੇੜਦਾ ਹੈ. 

ਦੀਵਾਲੀ ਮੌਕੇ ਪਟਾਖ਼ੇ ਨਾ ਚਲਾਉਣ ਦੀ ਅਪੀਲ ਕਰਦਿਆਂ ਭੁਪਿੰਦਰ ਮਦਨਹੇੜੀ, ਜਰਨੈਲ ਸਹੌੜਾਂ, ਸੁਰਿੰਦਰ ਸਿੰਬਲ਼ ਮਾਜਰਾ ਨੇ ਕਿਹਾ ਕਿ ਪਟਾਖ਼ੇ ਚਲਾਉਣ ਨਾਲ਼ ਪੈਦਾ ਹੁੰਦੀਆਂ ਗੈਸਾਂ ਕਾਰਨ ਸ਼ਾਹ ਦੇ ਮਰੀਜਾਂ ਦਾ ਜੀਣਾ ਮੁਹਾਲ ਹੋ ਜਾਂਦਾ ਹੈ. ਪਟਾਕਿਆਂ ਦੀ ਆਵਾਜ਼ ਨਾਲ਼ ਬਹੁਤ ਸਾਰੇ ਪੰਛੀ ਅਤੇ ਜਾਨਵਰ ਵੀ ਸਾਰੀ ਰਾਤ ਡਰੇ ਰਹਿੰਦੇ ਹਨ. ਘਰ ਦੇ ਬਜ਼ੁਰਗ ਲੋਕ ਵੀ ਇਨਾਂ ਦੇ ਸ਼ੋਰ ਨਾਲ ਰਾਤ ਭਰ ਪਰੇਸ਼ਾਨ ਰਹਿੰਦੇ ਹਨ. ਉਨਾਂ ਕਿਹਾ ਕਿ ਦੀਵਾਲੀ ਖੁਸ਼ੀ ਦਾ ਤਿਉਹਾਰ ਹੈ ਤਾਂ ਸਾਡਾ ਇਹ ਫਰਜ਼ ਹੈ ਕਿ ਸਾਡੀਆਂ ਖੁਸ਼ੀਆਂ ਕਦੇ ਵੀ ਕਿਸੇ ਬੇਵੱਸ ਮਨੁੱਖ ਅਤੇ ਬੇਜ਼ੁਬਾਨ ਜਾਨਵਰ ਲਈ ਦਿੱਕਤ ਪੈਦਾ ਨਾ ਕਰਨ.

ਬਿਕਰਮਜੀਤ ਸੋਨੀ, ਸੁਖਵੀਰ ਕੌਰ, ਗਿਲਮਨ ਖਰੜ ਨੇ ਦੀਵਾਲੀ ਨੂੰ ਸਦਭਾਵਨਾ ਅਤੇ ਪ੍ਰਦੂਸ਼ਣ ਰਹਿਤ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਮੌਕੇ ਮਹਿੰਗੇ ਤੋਹਫਿਆਂ ਅਤੇ ਮਠਿਆਈ ਦੀ ਬਜਾਇ ਪੁਤਸਕਾਂ ਅਤੇ ਪੌਦੇ ਦੇਣ ਦੀ ਪਿਰਤ ਪਾਉਣੀ ਚਾਹੀਦੀ ਹੈ. ਤਰਕਸ਼ੀਲਾਂ ਨੇ ਕਿਹਾ ਕਿ ਜਿਸ ਤਰਾਂ ਪੌਦੇ ਵਾਤਾਵਰਨ ਨੂੰ ਸਫਾਈ ਕਰਦੇ ਉਸੇ ਤਰਾਂ ਪੁਸਤਕਾਂ ਮਨੁੱਖੀ ਦਿਮਾਗ ਦੇ ਅਗਿਆਨ ਰੂਪੀ ਹਨ੍ਹੇਰੇ ਨੂੰ ਸਾਫ ਕਰਦੀਆਂ ਹਨ.