ਦਿੱਲੀ ਕਿਸਾਨ ਮੋਰਚੇ ਵਿੱਚ ਅੱਜ ਜਾਣਗੇ ਤਰਕਸ਼ੀਲ ਕਾਫ਼ਲੇ

ਡਾ. ਨਰੇਂਦਰ ਦਾਭੋਲਕਰ ਦੀ ਯਾਦ ਚ ਵੰਡਿਆ ਜਾਵੇਗਾ ਸਾਹਿਤ

ਮੁਹਾਲੀ/ਖਰੜ, 19 ਅਗਸਤ (ਡਾ. ਮਜੀਦ ਆਜਾਦ): ਤਰਕਸ਼ੀਲ ਲਹਿਰ ਦੇ ਕੌਮੀ ਨਾਇਕ ਡਾ. ਨਰੇਂਦਰ ਦਾਭੋਲਕਰ ਦੇ ਸ਼ਹਾਦਤ ਦਿਨ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਫ਼ਲੇ ਦਿੱਲੀ ਕਿਸਾਨ ਮੋਰਚਿਆਂ ਵਿੱਚ 20 ਤੇ 21 ਅਗਸਤ ਨੂੰ ਸ਼ਾਮਲ ਹੋਣਗੇ. ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਭਿਆਚਾਰਕ

ਵਿਭਾਗ ਮੁਖੀ ਡਾ. ਮਜੀਦ ਆਜਾਦ ਅਤੇ ਜੋਨ ਚੰਡੀਗੜ੍ਹ ਜੱਥੇਬੰਦਕ ਮੁਖੀ ਪਿ੍ੰਸੀਪਲ ਗੁਰਮੀਤ ਖਰੜ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਦੀਆਂ ਪੰਜਾਬ ਭਰ ਦੀਆਂ ਇਕਾਈਆਂ ਦੇ ਸੂਬਾਈ ਆਗੂਆਂ ਦੀ ਅਗਵਾਈ ਵਿੱਚ ਚਾਰ ਕਾਫ਼ਲੇ  20 ਅਗਸਤ ਨੂੰ ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੇ ਗ਼ਦਰੀ ਗ਼ੁਲਾਬ ਕੌਰ ਨਗਰ, ਬਹਾਦਰਗੜ੍ਹ (ਟਿੱਕਰੀ) ਵਿਖੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣਗੇ. ਉਨ੍ਹਾਂ ਦੱਸਿਆ ਕਿ ਚਾਰੇ ਸੰਘਰਸ਼ੀ ਬਾਰਡਰਾਂ 'ਤੇ ਡਾ. ਨਰੇਂਦਰ ਦਾਭੋਲਕਰ ਦੀ ਯਾਦ ਵਿੱਚ 20 ਤੇ 21 ਅਗਸਤ ਨੂੰ ਵਿਗਿਆਨਕ ਸਾਹਿਤ ਕਿਸਾਨਾਂ ਤੱਕ ਪੁਜਦਾ ਕੀਤਾ ਜਾਵੇਗਾ. ਤਰਕਸ਼ੀਲ ਆਗੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਦੋ ਫੇਰੀਆਂ ਵਿੱਚ ਦੇਸ਼ ਵਿਦੇਸ਼ ਵਿੱਚ ਵਸਦੇ ਸਨੇਹੀਆਂ ਦੇ ਸਹਯੋਗ ਨਾਲ 10 ਲੱਖ ਰੁਪਏ ਦਾ ਅਗਾਂਹਵਧੂ ਸਾਹਿਤ ਪੰਜਾਬ ਤੇ ਦਿੱਲੀ ਸੰਘਰਸ਼ ਵਿੱਚ ਵੰਡਿਆ  ਜਾ ਚੁੱਕਾ ਹੈ. ਆਗੂ ਨੇ ਦੱਸਿਆ ਕਿ ਇਹ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਪਾਸ ਕੀਤੇ ਤਿੰਨ ਕਾਲੇ ਖ਼ੇਤੀ ਕਾਨੂੰਨਾਂ ਖਿਲਾਫ਼ ਤਰਕਸ਼ੀਲਾਂ ਦਾ ਚੇਤਨਾ ਰੂਪੀ ਸੀਰ ਹੈ, ਜਿਸ ਤਹਿਤ ਡਾ. ਨਰੇਂਦਰ ਦਾਭੋਲਕਰ ਦੇ ਚੇਤਨਾ ਚਾਨਣ ਦੇ ਸੁਨੇਹੇ ਨੂੰ ਅੰਨ ਦਾਤਿਆਂ ਤੱਕ ਪੁਸਤਕਾਂ ਦੇ ਰੂਪ ਵਿੱਚ ਪੁੱਜਦਾ ਕੀਤਾ ਜਾਵੇਗਾ.ਉਨ੍ਹਾਂ ਦੱਸਿਆ ਕਿ ਸੰਘਰਸ਼ ਦੇ ਮੈਦਾਨਾਂ ਵਿੱਚ ਡਟੇ ਕਿਸਾਨਾਂ ਵਿੱਚ ਡਾ. ਦਾਭੋਲਕਰ ਦੀ ਸੋਚ, ਸੁਪਨਿਆਂ ਤੇ ਆਦਰਸ਼ਾਂ ਨੂੰ ਦਰਸਾਉਂਦਾ ਪੈਂਫਲਿਟ ਵੀ ਵੰਡਿਆ ਜਾਵੇਗਾ. ਚੰਡੀਗੜ੍ਹ ਤੋਂ ਜਾਣ ਵਾਲੇ ਕਾਫਲੇ ਦੀ ਅਗਵਾਈ ਕੌਮਾਂਤਰੀ ਵਿਭਾਗ ਮੁਖੀ ਜਸਵੰਤ ਮੋਹਾਲੀ, ਅਜੀਤ ਪ੍ਰਦੇਸੀ ਆਦਿ ਆਗੂਆਂ ਵਲੋਂ ਕੀਤੀ ਜਾਵੇਗੀ . ਇਸ ਵਾਸਤੇ ਤਿਆਰੀ ਕਮੈਟੀ ਵਲੋਂ ਮੀਟਿੰਗ ਕੀਤੀ ਗਈ.