ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮਨਇਆ

ਖਰੜ, 29 ਸਤੰਬਰ (ਕੁਲਵਿੰਦਰ ਨਗਾਰੀ): ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਨੇ ਤਰਕਸ਼ੀਲ ਮੈਗਜ਼ੀਨ ਦਾ ਸਤੰਬਰ-ਅਕਤੂਬਰ ਅੰਕ ਰੀਲੀਜ਼ ਕੀਤਾ. ਇਸ ਮੌਕੇ ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਕਿਹਾ ਭਗਤ ਸਿੰਘ ਵਿਗਿਆਨਿਕ

ਵਿਚਾਰਾਂ ਦਾ ਧਾਰਨੀ ਨੌਜਵਾਨ ਸੀ ਤੇ ਤਰਕਸ਼ੀਲ ਮੈਗਜ਼ੀਨ ਦਾ ਮਿਸ਼ਨ ਵੀ ਵਿਗਿਆਨਿਕ ਚੇਤਨਾ ਪਸਾਰ ਕਰਨਾ ਹੈ. ਉਨਾਂ ਕਿਹਾ ਕਿ ਸਿਰਫ ਅੰਗਰੇਜੀ ਹਾਕਮਾਂ ਨੂੰ ਦੇਸ਼ ਵਿੱਚੋਂ ਕੱਢਣਾ ਹੀ ਭਗਤ ਸਿੰਘ ਦਾ ਟੀਚਾ ਨਹੀਂ, ਬਲਕਿ ਉਨਾਂ ਦੇ ਦਿਮਾਗ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਪੂਰਨ-ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਦਾ ਮਾਡਲ ਸੀ.

 ਇਸ ਮੌਕੇ ਹਾਜ਼ਰ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਭਗਤ ਸਿੰਘ ਦੇ  ਵਿਚਾਰਾਂ ਤੋਂ ਸੇਧ ਲੈਕੇ ਸਾਡੇ ਸਮਾਜ ਨੂੰ ਦਰਪੇਸ਼ ਬਹੁਤ ਸਾਰੇ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ ਹੈ. ਉਨਾਂ ਕਿਹਾ ਅੱਜ ਭਗਤ ਸਿੰਘ ਦੇ ਵਿਚਾਰਾ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਹੈ. ਦਰਅਸਲ ਭਗਤ ਸਿੰਘ ਮਨੁੱਖੀ ਸਮਾਜ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ, ਵੱਖ ਵੱਖ ਆਰਥਿਕ-ਸਿਆਸੀ ਪ੍ਰਬੰਧਾਂ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ, ਫਿਲਾਸਫੀ, ਧਰਮ, ਜਾਤ-ਪਾਤ, ਫਿਰਕਾਪ੍ਰਸਤੀ ਆਦਿ ਮੁੱਦਿਆਂ ਬਾਰੇ ਬਹੁਤ ਹੀ ਸਪਸ਼ਟ ਅਤੇ ਡੂੰਘੀ ਸਮਝ ਰੱਖਦੇ ਸਨ. ਇਨਕਲਾਬ ਬਾਰੇ ਉਨਾਂ ਦਾ ਕਹਿਣਾ ਸੀ ''ਇਨਕਲਾਬ ਦਾ ਅਰਥ ਸਿਰਫ ਹਾਕਮਾਂ ਦੀ ਤਬਦੀਲੀ ਨਹੀਂ ਹੁੰਦਾ, ਇਸ ਦਾ ਅਰਥ ਹੁੰਦਾ ਹੈ ਇੱਕ ਬਿਲਕੁਲ ਨਵੇਂ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ''.

ਇਸ ਮੌਕੇ ਤਰਕਸ਼ੀਲ ਆਗੂ ਸੁਜਾਨ ਬਡਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ-ਮਾਰੂ ਕਾਨੂੰਨਾਂ ਦਾ ਤਰਕਸ਼ੀਲ ਸੁਸਾਇਟੀ ਵਿਰੋਧ ਕਰਦੀ ਹੈ ਅਤੇ ਇਹਨਾਂ ਕਾਨੂੰਨਾਂ ਖਿਲਾਫ ਰਾਜ ਭਰ ਵਿੱਚ ਚੱਲ ਰਹੇ ਕਿਸਾਨ ਸੰਘਰਸ਼ਾਂ ਦੀ ਹਮਾਇਤ ਕਰਦੀ ਹੈ. ਉਨਾਂ ਦੱਸਿਆ ਕਿ ਕਿਸਾਨ ਹਿਤੈਸ਼ੀ ਹੋਣ ਦਾ ਢੰਡੋਰਾ ਪਿੱਟਣ ਵਾਲੀ ਕੇਂਦਰ ਸਰਕਾਰ ਅਸਲ ਵਿੱਚ ਅੰਬਾਨੀ, ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਲੋਕ-ਵਿਰੋਧੀ ਕਾਨੂੰਨ ਬਣਾ ਰਹੀ ਹੈ. ਸਰਕਾਰ ਦਾ ਇਹ ਫੈਸਲਾ ਸਿਰਫ ਕਿਸਾਨੀ ਵਾਸਤੇ ਹੀ ਮਾਰੂ ਸਾਬਤ ਨਹੀਂ ਹੋਵੇਗਾ ਸਗੋਂ ਇਹ ਸਭਨਾਂ ਵਰਗਾਂ ਦੇ ਕਿਰਤੀ ਕਾਮਿਆਂ ਅਤੇ ਖੇਤੀਬਾੜੀ ਨਾਲ਼ ਸਬੰਧਿਤ ਵਿਭਾਗਾਂ ਦੇ ਮੁਲਾਜ਼ਮਾਂ ਲਈ ਵੀ ਘਾਤਕ ਹੈ.

ਬਿਕਰਮਜੀਤ ਸੋਨੀ ਸੁਰਿੰਦਰ ਸਿੰਬਲ਼ਮਾਜਰਾ ਨੇ ਕਿਹਾ ਕਿ ਲੋਕਾਂ ਦੀਆਂ ਮੰਗਾਂ, ਮਸਲਿਆਂ ਨੂੰ ਹੱਲ ਕਰਨ, ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਲਾਰਿਆਂ ਅਤੇ ''ਸਭ ਕਾ ਸਾਥ, ਸਭ ਕਾ ਵਿਕਾਸ" ਦੇ ਵਾਅਦਿਆਂ ਦੇ ਗੁੰਮਰਾਹਕੁੰਨ 'ਜੁਮਲਿਆਂ' ਸਦਕਾ ਸੱਤਾ ਹਥਿਆਉਣ ਵਾਲ਼ੀ ਮੋਦੀ ਹਕੂਮਤ, ਹੁਣ ਉਲਟਾ ਜਨਤਕ ਖੇਤਰ, ਸਿੱਖਿਆ, ਰੁਜਗਾਰ, ਖੇਤੀ ਆਦਿ ਨੂੰ ਤਬਾਹ ਕਰਨ ਦੇ ਰਾਹ ਪੈ ਗਈ ਹੈ. ਲੋਕ ਵਿਰੋਧੀ ਫੈਸਲਿਆਂ ਨੇ ਸਰਕਾਰ ਦੇ ਚਿਹਰੇ ਤੋਂ ਲੋਕਪੱਖੀ ਨਕਾਬ ਉਤਾਰ ਕੇ ਇਸ ਦਾ ਅਸਲ ਚਿਹਰਾ ਉਜਾਗਰ ਕਰ ਦਿੱਤਾ ਹੈ.