ਚੇਤਨਾ ਪਰਖ਼ ਪ੍ਰੀਖਿਆ ਵਿੱਚ ਮਾਲੇਰਕੋਟਲਾ ਦੇ ਪੁਸ਼ਪਿੰਦਰ ਨੇ ਲਿਆ ਪਹਿਲਾ ਸਥਾਨ

ਤਰਕਸ਼ੀਲ ਵਿਚਾਰਾਂ ਦੀ ਰੌਸ਼ਨੀ ਸਮੇਂ ਦੀ ਲੋੜ; ਮੋਹਨ ਬਡਲਾ

ਮਾਲੇਰਕੋਟਲਾ, 30 ਅਗਸਤ (ਸਰਾਜ ਅਨਵਰ): ਵਿਦਿਆਰਥੀਆਂ ਨੂੰ ਅਮੀਰ ਵਿਰਸੇ ਨਾਲ ਜੋੜਨ ਅਤੇ ਦੇਸ਼ ਭਗਤੀ ਦੀ ਜਾਗ ਲਾਉਣ ਵਾਸਤੇ ਲਈ ਗਈ ਰਾਜ ਪੱਧਰੀ ਤਰਕਸ਼ੀਲ ਚੇਤਨਾ ਪਰਖ਼ ਪ੍ਰੀਖਿਆ ਦੇ ਨਤੀਜੇ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਮੀਟਿੰਗ ਕੀਤੀ ਗਈ. ਜਲ੍ਹਿਆਂ ਵਾਲਾ

ਬਾਗ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਇਸ ਪ੍ਰੀਖਿਆ ਵਿੱਚ 71 ਤਰਕਸ਼ੀਲ ਇਕਾਈਆਂ ਦੀ ਪਹਿਲਕਦਮੀ ਤੇ ਰਾਜ ਵਿੱਚ 292 ਸੈਂਟਰਾਂ ਵਿੱਚ ਪੰਜਾਬ ਭਰ ਦੇ ਮਿਡਲ ਅਤੇ ਸੈਕੰਡਰੀ ਵਿਭਾਗ ਦੇ 18,846 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਸੀ. ਮਾਲੇਰਕੋਟਲਾ ਇਕਾਈ ਵਲੋ ਸੰਦੌੜ, ਬਾਗੜੀਆਂ ਅਤੇ ਬਨਭੌਰਾ ਕੇਂਦਰ ਬਨਾਏ ਗਏ ਸਨ ਜਿਹਨਾਂ ਵਿੱਚ 200 ਦੇ ਲੱਗਭੱਗ ਵਿਦਿਆਰਥੀਆਂ ਨੇ ਭਾਗ ਲਿਆ.

ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਥਾਨਕ ਜਥੇਬੰਦਕ ਮੁਖੀ ਮੋਹਨ ਬਡਲਾ ਨੇ ਦੱਸਿਆ ਕਿ ਕੌਮੀ ਤਰਕਸ਼ੀਲ ਲਹਿਰ ਦੇ ਨਾਇਕ ਡਾ. ਨਰੇਂਦਰ ਦਾਭੋਲਕਰ ਦੇ ਸ਼ਹਾਦਤ ਦਿਨ (ਵਿਗਿਆਨਕ ਚੇਤਨਾ ਦਿਵਸ) 'ਤੇ ਨਤੀਜੇ ਦਾ ਐਲਾਨ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਇਹ ਸੁਨੇਹਾ ਹੈ ਕਿ ਚੰਗੇਰੇ, ਬਰਾਬਰੀ ਵਾਲੇ ਰੌਸ਼ਨ ਭਵਿੱਖ ਲਈ ਤਰਕਸ਼ੀਲ ਵਿਚਾਰਾਂ ਦੀ ਰੌਸ਼ਨੀ ਸਮੇਂ ਦੀ ਲੋੜ ਹੈ. ਇਸ ਮੌਕੇ ਮੌਜੂਦ ਵਿੱਤ ਮੁਖੀ ਮੇਜਰ ਸਿੰਘ ਸੋਹੀ ਤੇ ਸਰਬਜੀਤ ਧਲੇਰ ਨੇ ਆਖਿਆ ਕਿ ਸਮਾਜਿਕ ਚੇਤਨਾ ਤੇ ਸੁਚੇਤ ਨੌਜਵਾਨ ਵਰਗ ਸਿਰ ਤੇ ਹੀ ਅਜੋਕੇ ਫਾਸ਼ੀਵਾਦੀ ਦੌਰ ਦੇ ਚੇਤਨਾ ਲਹਿਰ ਤੇ ਜਮਹੂਰੀ ਹੱਕਾਂ ਉੱਪਰ ਕੀਤੇ ਜਾ ਰਹੇ ਹੱਲਿਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ. ਸੂਬਾ ਪੱਧਰ ਤੇ ਐਲਾਨੇ ਗਏ ਨਤੀਜੇ ਵਿੱਚ ਮਾਲੇਰਕੋਟਲਾ ਦੇ ਸਾਹਿਬਜਾਦਾ ਫਤਹਿ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਸਰਦਾਰ ਮੰਗਤ ਰਾਮ ਦੇ ਸਪੁੱਤਰ ਪੁਸ਼ਪਿੰਦਰ ਵਲੋਂ ਸੀਨੀਅਰ ਵਰਗ ਵਿੱਚ ਸੂਬਾ ਪੱਧਰ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸਲਾਘਾ ਕੀਤੀ ਗਈ.

ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਪਹਿਲੇ ਸਥਾਨਾਂ ਤੇ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਤਰਕਸ਼ੀਲ ਭਵਨ ਵਿਖੇ ਕੀਤੇ ਜਾਣ ਵਾਲੇ ਸੂਬਾਈ ਸਮਾਰੋਹ ਵਿੱਚ ਨਕਦ ਰਾਸ਼ੀ ਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ ਜਾਵੇਗਾ. ਉਹਨਾਂ ਚੇਤਨਾ ਪ੍ਰੀਖਿਆ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਸਦੇ ਭਵਿੱਖ ਵਿੱਚ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ. ਆਉਣ ਵਾਲੇ ਦਿਨਾਂ ਵਿੱਚ ਮਾਲੇਰਕੋਟਲਾ ਇਕਾਈ ਵਲੋ ਕੇਂਦਰ ਪੱਧਰ ਤੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ. ਇਸ ਮੌਕੇ ਹੋਰਨਾਂ ਤੋ ਬਿਨਾਂ ਜਗਜੀਤ ਸਿੰਘ, ਡਾ. ਮਜੀਦ ਆਜਾਦ, ਸਰਾਜ ਅਨਵਰ, ਸੋਨੀ ਉਕਸੀ, ਨਵਪ੍ਰੀਤ ਬਿੰਜੋਕੀ, ਮਜੀਦ ਦਲੇਲਗੜ ਆਦਿ ਵਲੋ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ.