ਅਸੀਂ ਲੜਾਂਗੇ ਸਾਥੀ ਦੇ ਨਾਰ੍ਹਿਆਂ ਦੇ ਨਾਲ ਯਾਦਗਾਰੀ ਹੋ ਨਿਬੜਿਆ ਇਨਕਲਾਬੀ ਸਮਾਗਮ
ਇਟਲੀ, 24 ਮਾਰਚ (ਹਰਵਿੰਦਰ ਟੋਨੀ): ਅਗਾਂਹਵਧੂ ਲੋਕ ਮੰਚ ਇਟਲੀ ਦੁਆਰਾ ਹਰ ਸਾਲ ਦੇ ਵਾਂਗ ਇਸ ਸਾਲ ਵੀ 23 ਮਾਰਚ 1931 ਦੇ ਸ਼ਹੀਦਾਂ, ਸ਼ਹੀਦ-ਏ-ਆਜਮ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਇਟਲੀ ਦੇ ਜਿਲ੍ਹਾ ਮਾਨਤੋਵਾ ਦੇ ਕਸਬਾ ਸੁਜਾਰਾ ਵਿਖੇ
ਕਰਵਾਇਆ ਗਿਆ. ਇਸ ਸਮਾਗਮ ਵਿੱਚ ਇਲਾਕਾ ਵਾਸੀਆਂ ਨੇ ਭਾਰੀ ਗਿਣਤੀ ‘ਚ ਹਾਜਰੀ ਭਰ ਕੇ ਸ਼ਹੀਦਾਂ ਨੂੰ ਆਪਣੀ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ. ਪ੍ਰੋਗਰਾਮ ਦੀ ਸ਼ੁਰੂਆਤ ਹਰਵਿੰਦਰ ਟੋਨੀ ਦੁਆਰਾ ਕੀਤੀ ਗਈ. ਮੰਚ ਦੇ ਸੰਚਾਲਕ ਸੁਖਵਿੰਦਰ ਢਿੱਲੋਂ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਮੰਚ ਸੰਚਾਲਨਾ ਕਰਦਿਆਂ ਆਏ ਹੋਏ ਵਿਚਾਰਕਾਂ, ਕਵੀਆਂ ਤੇ ਰੰਗਕਰਮੀਆਂ ਨੂੰ ਵਾਰੋ ਵਾਰੀ ਦਰਸ਼ਕਾਂ ਦੇ ਸਨਮੁੱਖ ਕੀਤਾ ਗਿਆ. ਬੱਚਿਆਂ ਵਿਚੋਂ ਕ੍ਰਮਵਾਰ ਸਿਮਰਨਪ੍ਰੀਤ ਕੌਰ, ਨਵਨੀਤ ਸਿੰਘ, ਜਸਕਰਨ ਸਿੰਘ, ਜਸਨੀਤ ਕੌਰ, ਅਭੇਜੀਤ ਢਿੱਲੋਂ, ਲਵਪ੍ਰੀਤ ਤੇ ਸੁਖਜੀਤ ਸਿੰਘ ਦੁਆਰਾ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ. ਕਵਿੱਤਰੀ ਸੁਖਵੀਰ ਸਾਂਝ, ਬਿੰਦਰ ਏ ਜਾਨ, ਰੇਸ਼ਮ ਸਿੰਘ ਬਿੰਦਰ ਕੋਲੀਆਂ ਵਾਲ, ਐੱਮ ਪੀ ਸੈਫਾਵਾਦੀਆ, ਜਸਕਰਨ ਸਿੰਘ, ਸਿੱਕੀ ਝੱਜੀ ਪਿੰਡ ਵਾਲਾ ਆਦਿ ਦੁਆਰਾ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕਵਿਤਾਵਾਂ ਪੇਸ਼ ਕਰਕੇ ਚੰਗੀ ਹਾਜਰੀ ਲਗਵਾਈ ਗਈ. ਸਥਾਨਕ ਬੁਲਾਰਿਆਂ ‘ਚ ਸਤਵਿੰਦਰ ਮਿਆਣੀ, ਪਰਮਜੀਤ ਦੁਸਾਂਝ, ਹਰਦੀਪ ਸਿੰਘ ਕੰਗ, ਹਰਬਿੰਦਰ ਸਿੰਘ ਧਾਲੀਵਾਲ ਤੇ ਜਗਜੀਤ ਸਿੰਘ ਆਦਿ ਨੇ ਸ਼ਹੀਦਾਂ ਦੇ ਜੀਵਨ ਤੇ ਵਿਚਾਰਧਾਰਾ ਸਬੰਧੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ.
ਅਗਾਂਹਵਧੂ ਲੋਕ ਮੰਚ ਇਟਲੀ ਦੀ ਟੀਮ ਵੱਲੋਂ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਰੰਗਲਾ ਪੰਜਾਬ ਨਸ਼ਿਆਂ ਨੇ ਰੋਲਤਾ ਪੇਸ਼ ਕੀਤੀ ਗਈ. ਜਿਸ ਵਿੱਚ ਜਸਕਰਨ ਸੁਖਵਿੰਦਰ, ਜੋਗਿੰਦਰ ਖਹਿਰਾ ਬੈਰਗਾਮੋ, ਹਰਵਿੰਦਰ ਟੋਨੀ, ਰਵਿੰਦਰ ਕੌਰ, ਰਾਜਵਿੰਦਰ ਕੌਰ, ਜੋਗਾ ਸੁਜਾਰਾ, ਸਿਮਰਪ੍ਰੀਤ, ਜਸਕਮਲ, ਜੁਵੀ ਖਹਿਰਾ ਤੇ ਮਨਕਰਨ ਢਿੱਲੋਂ ਨੇ ਭਾਗ ਲਿਆ. ਅਗਾਂਹਵਧੂ ਲੋਕ ਮੰਚ ਇਟਲੀ ਦੀ ਟੀਮ ਦੁਆਰਾ ਇਟਲੀ ‘ਚ ਰਹਿੰਦੇ ਕੱਚੇ ਖੇਤ ਮਜਦੂਰਾਂ ਦੀ ਜਿੰਦਗੀ ‘ਤੇ ਅਧਾਰਿਤ ਨਾਟਕ ਖੇਡਿਆ ਗਿਆ. ਇਸ ਮੌਕੇ ਹਰਵਿੰਦਰ ਟੋਨੀ ਦੁਆਰਾ ਜਾਦੂ ਦੇ ਟਰਿੱਕ ਦਿਖਾ ਕੇ ਅਖੌਤੀ ਦੈਵੀ ਸ਼ਕਤੀਆਂ ਦਾ ਪਰਦਫਾਸ਼ ਕੀਤਾ ਗਿਆ. ਇਸ ਮੌਕੇ ਸੰਸਥਾ ਦੁਆਰਾ ਕਿਤਾਬਾਂ ਦਾ ਮੁਫ਼ਤ ਸਟਾਲ ਲਗਾਇਆ ਗਿਆ. ਅਖੀਰ ‘ਚ ਆਏ ਹੋਏ ਪ੍ਰਮੁੱਖ ਮਹਿਮਾਨਾਂ ਲੇਖਕਾਂ, ਕਵੀਆਂ ਤੇ ਰੰਗਕਰਮੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ. ਗੰਧਲੇ ਹੋ ਰਹੇ ਪਾਣੀਆਂ ਸਬੰਧੀ ਲੇਖਕ ਬਿੰਦਰ ਕੋਲੀਆਂ ਵਾਲ ਦੇ ਨਵੇਂ ਗੀਤ “ਪੰਜ ਪਾਣੀ” ਦਾ ਪੋਸਟਰ ਜਾਰੀ ਕੀਤਾ ਗਿਆ. ਜਿਕਰਯੋਗ ਹੈ ਕਿ ਇਸ ਸ਼ਹੀਦੀ ਸਮਾਗਮ ਲਈ ਟ੍ਰਾਫੀਆਂ ‘ਰੀਆ ਮਨੀਟ੍ਰਾਂਸਫਰ’ (Ria Money Transfer) ਕੰਪਨੀ ਦੁਆਰਾ ਸਪਾਂਸਰ ਕੀਤੀਆਂ ਗਈਆਂ.