ਸਹੌੜਾਂ ਵਿਖੇ ਤਰਕ ਅਪਣਾਓ-ਅੰਧਵਿਸ਼ਵਾਸ ਭਜਾਓ ਪ੍ਰੋਗਰਾਮ ਕੀਤਾ‘

ਖਰੜ, 22 ਜੁਲਾਈ (ਕੁਲਵਿੰਦਰ ਨਗਾਰੀ) : ਤਰਕਸ਼ੀਲ਼ਾਂ ਨੇ ਪਿਛਲੇ ਤੀਹ ਸਾਲਾਂ ਦੌਰਾਨ ਮਾਨਸਿਕ ਰੋਗਾਂ ਦੇ ਹਜਾਰਾਂ ਕੇਸ ਹੱਲ ਕਰਕੇ ਸਾਬਤ ਕੀਤਾ ਕਿ ਭੂਤ-ਪ੍ਰੇਤਾਂ, ਜਿੰਨਾਂ-ਚੁੜੇਲਾਂ, ਆਤਮਾਵਾਂ ਆਦਿ ਦੀ ਕੋਈ ਹੋਂਦ ਨਹੀਂ ਹੁੰਦੀ. ਕਿਸੇ ਨੂੰ ਦੰਦਲ਼-ਦੌਰਾ ਪੈਣਾ, ਅਖੌਤੀ ਪੀਰ ਜਾਂ ਮਾਤਾ ਦੇ ਨਾਂ ਉੱਤੇ ਖੇਡਣਾ, ਸਿਰ ਘੁੰਮਾਉਣਾ ਆਦਿ ਪਿੱਛੇ

ਕੋਈ ਨਾ ਕੋਈ ਮਾਨਸਿਕ ਵਿਕਾਰ ਜਾਂ ਕੋਈ ਸਮੱਸਿਆ ਹੁੰਦੀ ਹੈ, ਇਹ ਗੱਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਪਿੰਡ ਸਹੌੜਾਂ ਵਿਖੇ ਕਰਵਾਏ ਗਏ ਪ੍ਰੋਗਰਾਮ ‘‘ਤਰਕ ਅਪਣਾਓ-ਅੰਧਵਿਸ਼ਵਾਸ ਭਜਾਓਦੀ ਸ਼ੁਰੂਆਤ ਕਰਦਿਆਂ ਕੁਲਵਿੰਦਰ ਨਗਾਰੀ ਨੇ  ਕਹੀ. ਤਰਕਸ਼ੀਲ਼ਾਂ ਨਾਲ਼ ਪਿੰਡ ਵਾਸੀਆਂ ਦੀ ਜਾਣ-ਪਛਾਣ ਕਰਾਉਂਦਿਆਂ ਮਾਸਟਰ ਜਰਨੈਲ ਸਹੌੜਾਂ ਨੇ ਦੱਸਿਆ ਕਿ ਅੱਜ ਇੱਕ ਖਾਸ ਸੋਚ ਦੇ ਲੋਕਾਂ ਵੱਲੋਂ ਇੱਕ ਵਿਸ਼ੇਸ ਪ੍ਰਾਪੇਗੰਡਾ ਤਹਿਤ ਪੂਰੇ ਦੇਸ ਦੀ ਫਿਜ਼ਾ ਵਿੱਚ ਫਿਰਕੂ-ਜ਼ਹਿਰ ਘੋਲਣ ਦੇ ਯਤਨ ਕੀਤੇ ਜਾ ਰਹੇ ਹਨ ਇਸ ਮੁਸ਼ਕਿਲ ਸਮੇਂ ਵਿੱਚ ਤਰਕਸ਼ੀਲ਼ਾਂ ਵੱਲੋਂ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ. ਉਨਾਂ ਦੱਸਿਆ ਕਿ ਤਰਕਸ਼ੀਲਾਂ ਦਾ ਮਿਸ਼ਨ ਫਿਰਕਾਪ੍ਰਸਤੀ, ਜਾਤ-ਪਾਤ ਅਦਿ ਦਾ ਭੇਦਭਾਵ ਖਤਮ ਕਰਕੇ ਮਨੁੱਖੀ-ਬਰਾਬਰੀ  ਵਾਲ਼ਾ ਸੱਭਿਆਚਾਰ ਵਿਕਸਿਤ ਕਰਨਾ ਹੈ.

ਇਸ ਮੌਕੇ ਸੁਜਾਨ ਬਡਾਲ਼ਾ ਨੇ ਆਪਣੇ ਬੈਗ ਵਿੱਚੋਂ ਧਾਗੇ-ਤਵੀਤਾਂ ਦਾ ਰੁੱਗ ਕੱਢ ਕੇ ਲੋਕਾਂ ਨੂੰ ਦਿਖਾਉਂਦਿਆ ਕਿਹਾ ਕਿ ਸਾਧਾਂ-ਤਾਂਤਰਿਕਾਂ ਵੱਲੋਂ ਦਿੱਤੇ ਜਾਂਦੇ ਧਾਗੇ-ਤਵੀਤ ਨੂੰ ਅਸੀਂ ਬਹੁਤ ਸਾਰੇ ਲੋਕਾਂ ਦੇ ਹੱਥਾਂ ਅਤੇ ਗਲ਼ਾਂ ਵਿੱਚੋਂ ਉਤਰਵਾਇਆ ਹੈ ਕਿਉਂਕਿ ਇਹਨਾਂ ਨਾਲ਼ ਕੋਈ ਫਾਇਦਾ ਤਾਂ ਹੁੰਦਾ ਨਹੀਂ ਬਲਕਿ ਧਾਗੇ ਵਿੱਚ ਫਸੀ ਹੋਈ ਮੈਲ ਅਤੇ ਗੰਦਗੀ ਵਿੱਚ ਬੈਕਟੀਰੀਆ ਪਣਪਦਾ ਰਹਿੰਦਾ ਹੈ ਜਿਸ ਕਾਰਨ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ. ਜ਼ੋਨਲ ਆਗੂ ਬਲਦੇਵ ਜਲਾਲ ਨੇ ਜਾਦੂ ਦੇ ਟਰਿੱਕ ਦਿਖਾਕੇ ਦੱਸਿਆ ਕਿ ਅਸੀ ਸਿਰਫ ਲੋਕਾਂ ਦੇ ਮਨੋਰੰਜਨ ਵਾਸਤੇ ਜਾਦੂ ਨਹੀਂ ਦਿਖਾਉਂਦੇ ਬਲਕਿ ਸਾਡਾ ਮੰਤਵ ਲੋਕਾਂ ਨੂੰ ਇਹ ਦੱਸਣਾ ਹੈ ਕਿ ਤਾਂਤਰਿਕਾਂ ਵੱਲੋਂ ਪਰ੍ਚਾਰਿਆ ਜਾਂਦਾ ‘ਕਾਲ਼ਾ-ਜਾਦੂ' ਜਾਂ ‘ਕਾਲ਼ਾ-ਇਲਮ’ਸਿਰਫ ਹੱਥ ਦੀ ਸਫਾਈ ਅਤੇ ਨਜ਼ਰ ਦਾ ਧੋਖਾ ਹੀ ਹੁੰਦਾ ਹੈ. ਅਖੌਤੀ ਜੋਤਿਸ਼-ਵਿੱਦਿਆ, ਹੱਥ ਦੀਆਂ ਰੇਖਾਵਾਂ, ਗ੍ਰਹਿ-ਚਾਲ, ਨਛੱਤਰ ਆਦਿ ਆਮ ਜਨਤਾ ਨੂੰ ਠੱਗਣ ਦਾ ਗੋਰਖਧੰਦਾ ਹੈ. ਜੋਤਿਸ਼ ਨੂੰ ਵਿਗਿਆਨਿਕ ਰੰਗਤ ਦੇਣ ਵਾਲਿ਼ਆਂ ਨੂੰ ਬਲਦੇਵ ਜਲਾਲ ਨੇ ਚੈਲਿੰਜ ਵੀ ਕੀਤਾ

 ਪ੍ਰੋਗਰਾਮ ਦੀ ਸਮਾਪਤੀ ਮੌਕੇ ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਸਮੂਹ ਪਿੰਡ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਮਨੁੱਖੀ-ਬਰਾਬਰੀ ਦੇ ਜਿਸ ਸਮਾਜ ਦੀ ਸਿਰਜਣਾ ਦਾ ਟੀਚਾ ਤਰਕਸ਼ੀਲ ਸੁਸਾਇਟੀ ਲੈਕੇ ਚੱਲ ਰਹੀ ਹੈ ਉਹ ਲੋਕਾਂ ਦੀ ਭਰਵੀਂ ਸਮੂਲੀਅਤ ਬਿਨਾਂ ਸੰਭਵ ਨਹੀਂ. ਉਨਾਂ ਲੋਕਾਂ ਨੂੰ ਤਰਕਸ਼ੀਲ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਤਰਕਸ਼ੀਲ ਬਣਨਾ ਬਹੁਤ ਹੀ ਸੌਖਾ ਕਾਰਜ ਹੈ ਇਸ ਵਾਸਤੇ ਕਿਸੇ ਡਿਗਰੀ ਜਾਂ ਡਿਪਲੋਮੇ ਦੀ ਜਰੁਰਤ ਨਹੀਂ ਪੈਂਦੀ. ਕੋਈ ਵੀ ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਕੋਈ ਸਧਾਰਨ ਵਿਅਕਤੀ ਜਦੋਂ ਕਿਸੇ ਵੀ ਵਰਤਾਰੇ ਨੂੰ ਕੀ, ਕਦੋਂ, ਕਿੱਥੇ, ਕਿਵੇਂ ਤੇ ਕਿਉਂ ਦੇ ਤਰਾਜੂ ਉੱਤੇ ਤੋਲਣ ਲੱਗ ਪਵੇ ਤਾਂ ਉਹ ਤਰਕਸ਼ੀਲ ਹੀ ਹੁੰਦਾ ਹੈ. ਇਸ ਮੌਕੇ ਸੁਰਿੰਦਰ ਸਿੰਬਲ਼ਮਾਜਰਾ, ਗੁਰਮੀਤ ਸਹੌੜਾਂ, ਰਾਜੇਸ ਸਹੌੜਾਂ ਅਤੇ ਅਵਤਾਰ ਸਹੌੜਾਂ ਨੇ ‘‘ਪੁਸਤਕ-ਪ੍ਰਦਰਸਨੀ’ਲਾ ਕੇ ਤਰਕਸ਼ੀਲ ਸਾਹਿਤ ਬੱਚਿਆਂ ਅਤੇ ਪਿੰਡ ਵਾਸੀਆਂ ਤੱਕ ਪੁੱਜਦਾ ਕੀਤਾ. ਡਾ. ਹਰਮਿੰਦਰ ਸਿੰਘ, ਦਵਿੰਦਰ ਸਿੰਘ ਪੰਚ, ਦਲੇਰ ਸਿੰਘ, ਵਿਜੇ ਕੁਮਾਰ  ਅਤੇ ਲਾਲੀ ਜੀ ਨੇ ਇਸ ਪ੍ਰੋਗਰਾਮ ਦੌਰਾਨ ਵਿਸੇਸ ਸਹਿਯੋਗ ਦਿੱਤਾ.