ਫਿਰਕੂ ਅਤੇ ਅਵਸਰਵਾਦੀ ਤਾਕਤਾਂ ਨੂੰ ਠੱਲ੍ਹ ਪਾਉਣ ਲਈ ਸੰਘਰਸ਼ ਕਰਨਾ ਪਵੇਗਾ: ਹੇਮ ਰਾਜ ਸਟੈਨੋ
ਖਰੜ,18 ਅਪ੍ਰੈਲ (ਸਤਨਾਮ ਦਾਊਂ ): ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਚੰਡੀਗੜ੍ਹ ਦਾ ਇਜਲਾਸ ਸਰਕਾਰੀ ਮਾਡਲ ਸਕੂਲ, ਖਰੜ ਵਿਖੇ ਹੋਇਆ. ਜਿਸ ਵਿੱਚ ਜ਼ੋਨ ਅਧੀਨ ਪੈਂਦੀਆਂ 8 ਇਕਾਈਆਂ ਮੁਹਾਲੀ, ਖਰੜ, ਚੰਡੀਗੜ੍ਹ, ਨੰਗਲ, ਰੋਪੜ, ਸਰਹੰਦ, ਬੱਸੀ ਪਠਾਣਾ ਅਤੇ ਗੋਬਿੰਦਗੜ੍ਹ ਦੇ ਤਰਕਸ਼ੀਲ ਆਗੂਆਂ ਅਤੇ ਡੈਲੀਗੇਟਾਂ ਨੇ
ਭਾਗ ਲਿਆ. ਇਜਲਾਸ ਵਿੱਚ ਮੁੱਖ-ਮਹਿਮਾਨ ਦੇ ਤੌਰ ਤੇ ਸੋਸਾਇਟੀ ਦੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋ, ਬਰਨਾਲਾ ਤੋਂ ਸ਼ਾਮਲ ਹੋਏ. ਇਸ ਮੌਕੇ ਜੋਨ ਚੰਡੀਗੜ੍ਹ ਅਧੀਨ ਪੈਂਦੀਆਂ ਇਕਾਈਆਂ ਦੇ ਆਗੂਆਂ ਕਰਮਵਾਰ ਮੁਹਾਲੀ ਤੋਂ ਜਰਨੈਲ ਕ੍ਰਾਂਤੀ, ਖਰੜ ਤੋਂ ਪ੍ਰਿੰਸੀਪਲ ਗੁਰਮੀਤ ਸਿੰਘ, ਚੰਡੀਗੜ੍ਹ ਤੋਂ ਜੋਗਾ ਸਿੰਘ, ਨੰਗਲ ਤੋਂ ਬਹਾਦਰ ਸਿੰਘ, ਰੋਪੜ ਤੋਂ ਅਜੀਤ ਪ੍ਰਦੇਸੀ, ਸਰਹੰਦ ਤੋਂ ਬਲਦੇਵ ਜਲਾਲ, ਬੱਸੀ ਪਠਾਣਾ ਤੋਂ ਸੰਦੀਪ ਅਤੇ ਗੋਬਿੰਦਗੜ੍ਹ ਤੋਂ ਮਾਸਟਰ ਜਰਨੈਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਪਣੀ-ਆਪਣੀ ਇਕਾਈ ਵਲੋ ਪਿਛਲੇ ਦੋ ਸਾਲਾਂ ਅਧੀਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ .
ਚੰਡੀਗੜ੍ਹ ਜੋਨ ਦੀ ਰਿਪੋਰਟ ਅਜੀਤ ਪ੍ਰਦੇਸੀ ਨੇ ਪੇਸ਼ ਕੀਤੀ ਅਤੇ ਡੈਲੀਗੇਟਾਂ ਦੁਆਰਾ ਪ੍ਰਾਪਤ ਟੀਚੇ ਅਤੇ ਘਾਟਾਂ ਸਬੰਧੀ ਸਮੀਖਿਆ ਕੀਤੀ ਗਈ. ਆਪਣੇ ਭਾਸ਼ਣ ਵਿੱਚ ਬੋਲਦਿਆਂ ਸੂਬਾ ਆਗੂ ਹੇਮ ਰਾਜ ਸਟੈਨੋ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਦੋਂ ਪੂਰੇ ਦੇਸ਼ ਵਿੱਚ ਘਰ-ਵਾਪਸੀ, ਲਵ-ਜਿਹਾਦ, ਮਿਥਿਹਾਸਕ ਵਿਗਿਆਨ, ਆਦਿ ਦੇ ਰੂਪ ਵਿੱਚ ਫਿਰਕੂ-ਧਰੁਵੀਕਰਣ ਕੀਤਾ ਜਾ ਰਿਹਾ ਹੈ, ਅਜਿਹੇ ਸਮੇਂ ਇਨਸਾਨੀ ਜਿੰਦਗੀ ਦੀ ਮਹੱਤਤਾ, ਰੋਜ਼ਗਾਰ, ਰੋਟੀ-ਰੋਜ਼ੀ, ਅੰਧ ਵਿਸ਼ਵਾਸ ਤਿਆਗ ਕੇ ਵਿਗਿਆਨ ਦੇ ਪ੍ਰਸਾਰ-ਪ੍ਰਚਾਰ ਦੀ ਲੋੜ ਹੈ. ਇਹਨਾਂ ਮਸਲਿਆਂ ਤੇ ਵਿਚਾਰ ਕਰਨਾ ਜਰੂਰੀ ਹੈ. ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅੱਜ ਫਿਰਕੂ, ਰਾਜਨੀਤਿਕ ਅਵਸਰਵਾਦੀ ਤਾਕਤਾਂ ਅੱਜ ਪੂਰੀ ਤਰ੍ਹਾਂ ਸੰਗਠਿਤ ਹਨ ਅਤੇ ਇਹਨਾਂ ਤਾਕਤਾਂ ਨੂੰ ਠੱਲ੍ਹ ਪਾਉਣ ਲਈ ਤਰਕਸ਼ੀਲ ਵਿਚਾਰਧਾਰਾ ਅਧੀਨ ਇਕੱਠੇ ਹੋ ਕੇ ਇਹਨਾਂ ਵਿਰੁੱਧ ਸੰਘਰਸ਼ ਕਰਨਾ ਪਵੇਗਾ. ਇਸ ਲਈ ਸਾਨੂੰ ਸਭ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਹੋਵੇਗਾ ਤਾਂ ਹੀ ਇਹਨਾਂ ਤਾਕਤਾਂ ਨੂੰ ਹਰਾ ਕੇ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ.
ਇਸ ਮੌਕੇ ਅਗਲੇ ਦੋ ਸਾਲਾਂ ਲਈ ਜੋਨ ਚੰਡੀਗੜ੍ਹ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਜਥੇਬੰਦਕ ਮੁੱਖੀ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ, ਵਿੱਤ ਅਤੇ ਮੈਗਜੀਨ ਵਿਭਾਗ ਮੁੱਖੀ ਅਜੀਤ ਪ੍ਰਦੇਸੀ ਰੋਪੜ, ਮੀਡੀਆ ਮੁੱਖੀ ਸਤਨਾਮ ਦਾਊਂ, ਮਾਨਸਿਕ ਸਿਹਤ ਚੇਤਨਾ ਵਿਭਾਗ ਸੰਦੀਪ ਬਸੀ ਪਠਾਣਾ, ਸੱਭਿਆਚਾਰਕ ਮੁੱਖੀ ਬਲਦੇਵ ਜਲਾਲ ਚੁਣੇ ਗਏ. ਇਸ ਮੌਕੇ ਹੋਈ ਬਹਿਸ ਵਿੱਚ ਸਾਰੀਆਂ ਇਕਾਈਆਂ ਦੇ ਹਾਜਰ ਡੈਲੀਗੇਟਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ.