ਤਲਾਣੀਆਂ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਤਰਕਸ਼ੀਲ ਪ੍ਰੋਗਰਾਮ ਆਯੋਜਿਤ ਕੀਤਾ
ਸਰਹਿੰਦ, 10 ਅਪ੍ਰੈਲ (ਬਲਦੇਵ ਜਲਾਲ): 23 ਮਾਰਚ 1931 ਦੇ ਸ਼ਹੀਦਾਂ ਨੂੰ ਸਮਰਪਿਤ ਨੁਕੜ ਨਾਟਕ ਪ੍ਰੋਗਰਾਮ ਪਿੰਡ ਤਲਾਣੀਆਂ ਦੇ ਬਰੋਟੇ ਵਾਲੇ ਚੌਂਕ ਵਿੱਚ ਆਯੋਜਿਤ ਕੀਤਾ ਗਿਆ. ਇਸ ਪ੍ਰੋਗਰਾਮ ਦਾ ਆਯੋਜਨ ਬਾਬਾ ਫਤਿਹ ਸਿੰਘ ਨੌਜਵਾਨ ਸਭਾ ਤਲਾਣੀਆਂ ਨੇ ਕੀਤਾ.ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਾਸਟਰ ਹਰਜੀਤ ਸਿੰਘ ਤਰਖਾਣ
ਮਾਜਰਾ ਨੇ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਇਤਿਹਾਸ ਅਤੇ ਇਸ ਦੀਆਂ ਸਰਗਰਮੀਆਂ ਬਾਰੇ ਦੱਸਿਆ ਤੇ ਲੋਕਾਂ ਨੂੰ ਸਮਝਾਇਆ ਕਿ ਦੁਨੀਆਂ ਵਿੱਚ ਕੋਈ ਗੈਬੀਸ਼ਕਤੀ ਨਹੀਂ ਹੁੰਦੀ ਸਗੋਂ ਸ਼ਕਤੀ ਦੇ ਨਾਂ ਤੇ ਪਾਖੰਡੀ ਸਾਧ ਲੋਕਾਂ ਦੀ ਲੁਟ ਕਰਦੇ ਹਨ.
ਉਸ ਤੋਂ ਬਾਅਦ ਬਲਦੇਵ ਜਲਾਲ ਨੇ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ. ਉਸ ਨੇ ਸ਼ਹੀਦ ਭਗਤ ਸਿੰਘ ਦੀ ਸੋਚ ਬਾਰੇ ਵਿਸਥਾਰ ਨਾਲ ਦਸਦਿਆਂ ਲੋਕਾਂ ਨੂੰ ਭਗਤ ਸਿੰਘ ਦੀ ਸੋਚ ਅਨੁਸਾਰ ਵਿਗਿਆਨਕ ਸੋਚ ਅਪਨਾਉਣ ਦਾ ਸੱਦਾ ਦਿਤਾ. ਇਸ ਉਪਰੰਤ ਬਲਵਿੰਦਰ ਬਸੰਤਪੁਰਾ ਦੀ ਟੀਮ ਵਲੋਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਅਾਧਾਰਤ ਅਤੇ ਅਜੋਕੇ ਲੀਡਰਾਂ ਦੀ ਸੋਚ ਤੇ ਕਰਾਰੀ ਚੋਟ ਕਰਦਾ ਨਾਟਕ ‘ਤੇ ਬੁਤ ਜਾਗ ਪਿਆ’ ਖੇਡਿਆ ਗਿਆ.
ਮੁੱਖ ਬੁਲਾਰੇ ਦੇ ਤੌਰ 'ਤੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਜ਼ੋਨ ਪਟਿਆਲਾ ਦੇ ਮੁਖੀ ਰਾਮ ਕੁਮਾਰ ਜੀ ਨੇਬੜੇ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਇਕਤਰ ਹੋਏ ਲੋਕਾਂ ਨੂੰ ਸਾਡੇ ਸਮਾਜ ਵਿੱਚ ਪ੍ਰਚਲਿਤ ਵਹਿਮਾਂ ਭਰਮਾਂ ਬਾਰੇ ਦਸਿਆ ਅਤੇ ਜਾਦੂ ਦੇ ਟਰਿਕਾਂ ਨਾਲ ਬੜੇ ਹੀ ਮਨੋਰੰਜਕ ਢੰਗ ਨਾਲ ਲੋਕਾਂ ਨੂੰ ਸਮਝਾਇਆ. ਉਹਨਾਂ ਨੇ ਆਪਣੇ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਦਸਿਆ ਕਿ ਕਿਵੇਂ ਮਾਨਸਿਕ ਰੋਗਾਂ ਨਾਲ ਪੀੜਤ ਲੋਕਾਂ ਨੂੰ ਬਾਬੇ ਭੂਤ-ਪ੍ਰੇਤਾਂ ਦੇ ਨਾਮ ਤੇ ਲੁਟਦੇ ਹਨ. ਪ੍ਰੋਗਰਾਮ ਦੇ ਅਖੀਰ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦਾ ਨਾਟਕ ‘ਕਿਰਤੀ’ ਖੇਡਿਆ ਗਿਆ. ਸਟੇਜ ਸੈਕਟਰੀ ਦੀ ਡਿਊਟੀ ਮਨਦੀਪ ਸਿੰਘ ਮਾਜਰੀ ਸੋਢੀਆਂ ਨੇ ਨਿਭਾਈ. ਇਸ ਤੋਂ ਇਲਾਵਾ ਦੀਪਕ ਕੁਮਾਰ, ਬਹਾਦਰ ਜਲਾਲ, ਜਸਪ੍ਰੀਤ ਸਾਨੀਪੁਰ, ਪਰਮਿੰਦਰ ਤਰਖਾਣਮਾਜਰਾ, ਗੁਰਪ੍ਰੀਤ ਸਰਹਿੰਦ ਅਤੇ ਜਤਿੰਦਰਪਾਲ ਸਿੰਘ ਪਟਿਆਲਾ ਤੋਂ ਵਿਸ਼ੇਸ ਤੌਰ ਤੇ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ.