ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਚੰਡੀਗੜ੍ਹ ਜ਼ੋਨ ਨੇ ਡਾ. ਦਾਭੋਲਕਰ ਦੀ ਯਾਦ ਵਿੱਚ ‘ਮੈਗਜ਼ੀਨ ਹਫਤਾ’ ਮਨਾਇਆ

ਖਰੜ, 26 ਜੁਲਾਈ (ਕੁਲਵਿੰਦਰ ਨਗਾਰੀ): ਅੰਧਵਿਸ਼ਵਾਸਾਂ ਖਿਲਾਫ ਵਿਗਿਆਨਿਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲ਼ੇ ਸ਼ਹੀਦ ਡਾ. ਦਾਭੋਲਕਰ ਦੇ ਮਿਸ਼ਨ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ‘ਮੈਗਜ਼ੀਨ ਹਫਤਾ’ ਮਨਾਇਆ ਗਿਆ. ਇਸ ਹਫਤੇ ਦੌਰਾਨ ਜ਼ੋਨ ਚੰਡੀਗੜ੍ਹ ਦੀਆਂ ਸਾਰੀਆਂ ਇਕਾਈਆਂ ਵੱਲੋਂ ਤਰਕਸ਼ੀਲ

ਮੈਗਜ਼ੀਨ ਵੱਧ ਤੋਂ ਵੱਧ ਹੱਥਾਂ ਤੱਕ ਪਹੁੰਚਾਣ ਵਾਸਤੇ ਲਹਿਰ ਚਲਾਈ ਗਈ. ਇਸ ‘ਮੈਗਜ਼ੀਨ ਹਫਤੇ' ਮੌਕੇ ਤਰਕਸ਼ੀਲ ਕਾਮਿਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਜ਼ੋਨ ਚੰਡੀਗੜ੍ਹ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਸੂਬਾ ਕਮੇਟੀ ਦੇ ਜਥੇਬੰਦਕ ਮੁਖੀ ਸ੍ਰੀ ਰਜਿੰਦਰ ਭਦੌੜ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਮੈਗਜ਼ੀਨ ਹਫਤੇ ਦੌਰਾਨ 3940 ਨਵੇਂ ਪਾਠਕਾਂ ਦੇ ਇੱਕ ਸਾਲ ਵਾਸਤੇ ਚੰਦੇ ਕੱਟੇ ਗਏ. ਇਸ ਮੌਕੇ ਜ਼ੋਨ ਆਗੂਆਂ ਅਤੇ ਇਕਾਈ ਖਰੜ ਦੇ ਮੈਂਬਰਾਂ ਨਾਲ਼ ਗੱਲਬਾਤ ਦੌਰਾਨ ਸ੍ਰੀ ਦਾਭੋਲਕਰ ਦੀ ਸ਼ਹਾਦਤ ਅਤੇ ਮਿਸ਼ਨ ਨੂੰ ਯਾਦ ਕਰਦਿਆਂ ਉਨਾਂ ਕਿਹਾ ਕਿ ਸੱਚ ਬੋਲਣ ਵਾਲ਼ੇ ਨੂੰ ਤਾਂ ਗੋਲ਼ੀ ਮਾਰੀ ਜਾ ਸਕਦੀ ਹੈ ਪਰ ਇਹੋ ਜਿਹੀ ਕੋਈ ਗੋਲ਼ੀ ਅਜੇ ਤੱਕ ਨਹੀਂ ਬਣੀ ਜਿਹੜੀ ਸੱਚ ਨੂੰ ਮਾਰੀ ਜਾ ਸਕੇ. ਇਸ ਮੌਕੇ ਜ਼ੋਨਲ ਆਗੂ ਜਰਨੈਲ ਕਰਾਂਤੀ ਨੇ ਕਿਹਾ ਕਿ ਅੰਧਵਿਸ਼ਵਾਸਾਂ ਵਿਰੁੱਧ ਲੜਨ ਵਾਲਿਆਂ ਦੇ ਹੌਸਲੇ ਫਿਰਕੂ ਤਾਕਤਾਂ ਪਸਤ ਨਹੀਂ ਕਰ ਸਕਦੀਆਂ ਬਲਕਿ ਸ੍ਰੀ ਦਾਭੋਲਕਰ ਦੀ ਸ਼ਹਾਦਤ ਨੇ ਸੈਕੂਲਰ ਤਾਕਤਾਂ ਨੂੰ ਇਕਜੁੱਟ ਕਰਕੇ ਅੰਧਵਿਸ਼ਵਾਸਾਂ ਖਿਲਾਫ ਚਲਦੇ ਪ੍ਰਚਾਰ ਨੂੰ ਸਗੋਂ ਹੋਰ ਤੇਜ਼ ਕੀਤਾ ਹੈ.

ਇਸ ਮੌਕੇ ਜ਼ੋਨ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਦੱਸਿਆ ਚੰਡੀਗੜ੍ਹ ਜ਼ੋਨ ਦੀਆਂ ਸਾਰੀਆਂ ਇਕਾਈਆਂ ਖਰੜ, ਰੋਪੜ, ਨੰਗਲ਼, ਮੋਹਾਲ਼ੀ, ਚੰਡੀਗੜ੍ਹ, ਸੰਘੋਲ਼, ਬਸੀ ਪਠਾਣਾ, ਸਰਹਿੰਦ, ਗੋਬਿੰਦਗੜ੍ਹ ਵੱਲੋਂ 365 ਮੈਗਜ਼ੀਨਾਂ ਦੇ ਨਵੇਂ ਚੰਦੇ ਕੱਟ ਕੇ ਭਰਵਾਂ ਯੋਗਦਾਨ ਪਾਇਆ ਗਿਆ. ਮੈਗਜ਼ੀਨ ਬਾਰੇ ਜਾਣਕਾਰੀ ਦਿੰਦਿਆਂ ਸੰਪਾਦਕੀ ਬੋਰਡ ਦੇ ਮੈਂਬਰ ਜਸਵੰਤ ਮੋਹਾਲ਼ੀ ਨੇ ਦੱਸਿਆ ਕਿ ਇਸ ਵਿੱਚ ਬਹੁਤ ਹੀ ਗਿਆਨ ਭਰਪੂਰ ਸਮੱਗਰੀ ਤੋਂ ਇਲਾਵਾ ਘਰ ਦੀ ਪੇਟੀ ਵਿੱਚ ਬੰਦ ਪਏ ਕੱਪੜਿਆਂ ਨੂੰ ਅੱਗ ਲੱਗ ਜਾਣੀ, ਅਲਮਾਰੀ ਵਿੱਚ ਪਏ ਕੱਪੜੇ ਕੱਟੇ ਜਾਣੇ, ਕਿਸੇ ਨੂੰ ਅਖੌਤੀ ਭੂਤ-ਪ੍ਰੇਤ ਚਿੰਬੜੇ ਹੋਣ ਜਾਂ ਓਪਰੀ ਕਸ਼ਰ ਆਦਿ ਘਟਨਾਵਾਂ ਦੇ ਵਿਗਿਆਨਿਕ ਕਾਰਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੁੰਦੀ ਹੈ.  

ਲੋਕਾਂ ਵਿੱਚ ਵਿਗਿਆਨਿਕ ਚੇਤਨਾਂ ਕਿਉਂ ਜਰੂਰੀ ਹੈ ਦੇ ਸਵਾਲ ਦਾ ਜਵਾਬ ਦਿੰਦਿਆਂ  ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਜਿਸ ਯੁੱਗ ਵਿੱਚ ਅਸੀਂ ਵਿਚਰ ਰਹੇ ਹਾਂ ਇਹ ਵਿਗਿਆਨ ਦਾ ਯੁੱਗ ਹੈ. ਅੱਜ ਕਿਸੇ ਦਾ ਵਿਗਿਆਨ ਬਾਰੇ ਅਨਜਾਣ ਹੋਣਾ ਪਛੜੇਵੇਂ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ. ਅੱਜ ਕੋਈ ਦੇਸ਼ ਸਿਰਫ ਉੱਨੀ ਹੀ ਤਰੱਕੀ ਕਰ ਰਿਹਾ ਹੈ ਜਿੰਨਾ ਜਿਆਦਾ ਉਸ ਦੇਸ਼ ਨੇ ਵਿਗਿਆਨ ਤੇ ਆਧਾਰਤ ਤਕਨੀਕ ਨੂੰ ਵਿਕਸਿਤ ਕਰ ਲਿਆ ਹੈ. ਅੰਧ-ਵਿਸ਼ਵਾਸਾਂ ਦੀ ਦਲ-ਦਲ ਵਿੱਚ ਖੁੱਭਿਆ ਮਨੁੱਖ ਨਾ ਤਾਂ ਆਪਣਾ ਕੁਝ ਸੰਵਾਰ ਸਕਦਾ ਹੈ ਨਾ ਹੀ ਆਪਣੇ ਸਮਾਜ ਦਾ. ਇਸ ਮੌਕੇ ਕਰਮਜੀਤ ਸਕਰੁੱਲਾਂਪੁਰੀ ਅਤੇ ਸੁਰਿੰਦਰ ਸਿੰਬਲ਼ਮਾਜਰਾ ਵੀ ਹਾਜਰ ਸਨ. 

powered by social2s