ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਜਮਹੂਰੀ ਹੱਕਾਂ ਤੇ ਫਿਰਕੂ ਹਮਲੇ ਚਿੰਤਾਜਨਕ: ਪ੍ਰੋ. ਸਤੀਸ਼ ਦੇਸ਼ਪਾਂਡੇ

ਤਰਕਸ਼ੀਲਾਂ ਦੇ ਸੈਮੀਨਾਰ ਚ ਮਾਨਵੀ ਹੱਕਾਂ ਤੇ ਚਰਚਾ

ਲੁਧਿਆਣਾ, 15 ਨਵੰਬਰ (ਰਾਮ ਸਵਰਨ ਲੱਖੇਵਾਲੀ): ਫਿਰਕਾਪ੍ਰਸਤ ਤਾਕਤਾਂ ਵੱਲੋਂ ਜਾਤੀ ਸਮੀਕਰਨਾਂ ਦੀ ਵਰਤੋਂ ਕਰਕੇ ਮਨੁੱਖਾਂ ਦੇ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲੇ ਚਿੰਤਾਜਨਕ ਹਨ, ਮਾਨਵੀ ਹੱਕਾਂ ਦੀ ਬਹਾਲੀ ਲਈ ਦੇਸ਼ ਭਰ ਦੇ ਸਾਹਿਤਕਾਰਾਂ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਜਨਤਾ ’ਚ ਲਿਜਾਣਾ ਸਮੇਂ ਦੀ ਲੋੜ ਹੈ. ਇਹਨਾਂ ਵਿਚਾਰਾਂ ਦਾ

ਪ੍ਰਗਟਾਵਾ ਹਿੰਦੀ ਦੇ ਨਾਮਵਰ ਵਿਦਵਾਨ, ਲੇਖਕ ਅਤੇ ਸਮਾਜ ਸ਼ਾਸਤਰੀ ਸਤੀਸ਼ ਦੇਸ਼ਪਾਂਡੇ ਨੇ ਸਥਾਨਕ ਪੰਜਾਬੀ ਭਵਨ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਚਾਰਾਂ ਦੀ ਆਜ਼ਾਦੀ ’ਤੇ ਰੱਖੇ ਸੈਮੀਨਾਰ ’ਚ ਬੋਲਦਿਆਂ ਕੀਤਾ. ਉਹਨਾਂ ਆਖਿਆ ਵਿਚਾਰ ਬਣਾਉਣ ਅਤੇ ਪ੍ਰਗਟਾਉਣ ਦੀ ਆਜ਼ਾਦੀ 'ਤੇ ਕੀਤੇ ਜਾ ਰਹੇ ਹਮਲੇ ਨਿੰਦਣਯੋਗ ਹਨ, ਜਿਹਨਾਂ ਨੇ ਡਾ. ਦਾਭੋਲਕਰ, ਗੋਵਿੰਦ ਪੰਸਾਰੇ ਤੇ ਪ੍ਰੋ. ਕੁਲਬਰਗੀ ਜਿਹੇ ਕਲਮਕਾਰਾਂ ਨੂੰ ਸਾਡੇ ਕੋਲੋਂ ਖੋਹਿਆ ਹੈ. ਪ੍ਰੋ. ਦੇਸ਼ਪਾਂਡੇ ਨੇ ਸਪੱਸ਼ਟ ਕੀਤਾ ਕਿ ਦੇਸ਼ ਭਰ ’ਚ ਥੋਕ ਦੇ ਭਾਅ ਹੋ ਰਹੇ ਦੰਗੇ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹਨ ਜਿਸ ਤਹਿਤ ਫਾਸ਼ੀਵਾਦੀ ਪਹੁੰਚ ਰਾਹੀਂ ਆਮ ਲੋਕਾਂ ਨੂੰ ਧਰਮ ਦੇ ਨਾਂ ਤੇ ਦਹਿਸ਼ਤਜ਼ਦਾ ਕੀਤਾ ਜਾ ਸਕੇ. ਇਸ ਸੈਮੀਨਾਰ ਵਿਚ ਬੋਲਦਿਆਂ ਤਰਕਸ਼ੀਲ ਚਿੰਤਕ ਹੇਮ ਰਾਜ ਸਟੈਨੋ ਨੇ ਆਖਿਆ ਕਿ ਭਾਜਪਾ ਦੇ ਰਾਜ ਕਾਲ ਦੇ ਆਉਣ ਸਾਰ ਹੀ ਫਿਰਕਾਪ੍ਰਸਤ ਤਾਕਤਾਂ ਨੇ ਸਿਰ ਚੁੱਕ ਲਿਆ ਹੈ ਅਤੇ ਸ਼ਰੇਆਮ ਲੋਕਾਂ ਦੇ ਜਮਹੂਰੀ ਹੱਕਾਂ ਤੇ ਹਮਲੇ ਕਰ ਰਹੀਆਂ ਹਨ. ਉਹਨਾਂ ਕਿਹਾ ਕਿ ਲੋਕਾਂ ਦੇ ਖਾਣ ਅਤੇ ਪਹਿਨਣ ਉੱਪਰ ਲਾਈਆਂ ਜਾ ਰਹੀਆਂ ਰੋਕਾਂ ਮਾਨਵੀ ਹੱਕਾਂ ਚ ਸਿੱਧੀ ਦਖਲੰਦਾਜ਼ੀ ਹੈ ਜਿਸਨੂੰ ਹਰਗਿਜ਼ ਬਰਦਾਸਤ ਨਹੀਂ ਕੀਤਾ ਜਾ ਸਕਦਾ. ਸੁਸਾਇਟੀ ਤੇ ਸੂਬਾਈ ਮੁਖੀ ਰਾਜਿੰਦਰ ਭਦੌੜ ਨੇ ਚਰਚਾ ’ਚ ਭਾਗ ਲੈਂਦਿਆਂ ਆਖਿਆ ਕਿ ਫਿਰਕੂ ਅਨਸਰਾਂ ਨੇ ਹਮੇਸ਼ਾ ਹੀ ਲੋਕਾਂ ਦੇ ਅਸਲ ਮੁੱਦਿਆਂ ਨੂੰ ਰੋਲ ਕੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ. ਉਹਨਾਂ ਫਾਸ਼ੀਵਾਦੀ ਸੋਚ ਨੂੰ ਮਾਤ ਦੇਣ ਲਈ ਸਭਨਾਂ ਲੋਕ ਹਿਤੂ ਵਰਗਾਂ ਨੂੰ ਇੱਕ ਮੰਚ ਤੇ ਆਉਣ ਦਾ ਸੱਦਾ ਦਿੱਤਾ. ਸੈਮੀਨਾਰ ਨੂੰ ਭਗਵੰਤ ਸਿੰਘ ਯੂ.ਕੇ ਅਤੇ ਅਵਤਾਰ ਤਾਰੀ ਨੇ ਵੀ ਸੰਬੋਧਨ ਕੀਤਾ. ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਏ. ਕੇ. ਮਲੇਰੀ, ਗੁਰਮੇਲ ਗਿੱਲ, ਜੋਗਿੰਦਰ ਆਜ਼ਾਦ, ਪਾਵੇਲ ਕੁੱਸਾ ਤੇ ਰਾਜ ਭਰ ਤੋਂ ਪਹੁੰਚੇ ਤਰਕਸ਼ੀਲ ਕਾਮੇ ਵੀ ਹਾਜ਼ਰ ਸਨ. ਸਮਾਰੋਹ ਦੇ ਅੰਤ ਵਿੱਚ ਹਾਜ਼ਰ ਡੈਲੀਗੇਟਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਪ੍ਰੋ. ਦੇਸ਼ਪਾਂਡੇ ਨੇ ਵਿਸਥਾਰ ਨਾਲ ਉੱਤਰ ਦਿੱਤੇ.