ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਵਹਿਮਾਂ-ਭਰਮਾਂ ਦਾ ਸਫਾਇਆ ਕਰਨ ਲਈ ਸਿਧਾਂਤਕ ਗਿਆਨ ਹੋਣਾ ਜਰੂਰੀ: ਗੁਰਮੀਤ ਖਰੜ

ਖਰੜ, 23 ਅਕਤੂਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਦੁਸਹਿਰੇ ਮੌਕੇ  ਖਰੜ ਦੇ ਦੁਸਹਿਰਾ ਗਰਾਂਉਡ ਵਿਖੇ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਲਗਾਈ ਗਈ. ਇਸ ਪੁਸਤਕ ਪ੍ਰਦਰਸਨੀ ਦਾ ਮਕਸਦ ਲੋਕਾਂ ਨੂੰ ਸਿਧਾਂਤਕ ਗਿਆਨ ਵੰਡਣਾ ਸੀ. ਇਸ ਮੌਕੇ ਜੋਨਲ ਆਗੂ ਲੈਕ. ਗੁਰਮੀਤ ਖਰੜ ਨੇ ਦੱਸਿਆ

ਕਿ ਆਮ ਸਧਾਰਣ ਮਨੁੱਖ ਮਾਂ-ਬਾਪ, ਪਰਿਵਾਰ, ਸਮਾਜ ਅਤੇ ਆਲੇ-ਦੁਆਲ਼ੇ ਤੋਂ ਪ੍ਰਾਪਤ ਪ੍ਰਚਲਿਤ ਗਿਆਨ ਨੂੰ ਹੀ ਸੱਚ ਮੰਨ ਕੇ ਉਸ ਅਨੁਸਾਰ ਜੀਵਨ ਗੁਜਰ-ਬਸਰ ਕਰੀ ਜਾਂਦਾ ਹੈ. ਇਸੇ ਕਰਕੇ ਵਹਿਮ ਭਰਮ, ਅੰਧ-ਵਿਸ਼ਵਾਸ਼ ਬਿਨਾਂ ਸੋਚ-ਵਿਚਾਰ ਤੋਂ ਹੀ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੇ ਰਹਿੰਦੇ ਹਨ. ਜਦਕਿ ਸਿਧਾਂਤਕ ਗਿਆਨ ਬਹੁਤ ਸਾਰੀਆਂ ਕਸੌਟੀਆਂ ਉੱਤੇ ਪਰਖਣ ਤੋਂ ਬਾਅਦ ਹਾਸਲ ਹੁੰਦਾ ਹੈ ਤੇ ਨਵੀਂਆ ਖੋਜਾਂ ਦੀ ਰੋਸ਼ਨੀ ਵਿੱਚ ਪੁਰਾਣੇ ਸਿਧਾਂਤ ਦੀ ਸੁਧਾਈ ਦਾ ਕਾਰਜ ਲਗਾਤਾਰ ਚਲਦਾ ਰਹਿੰਦਾ ਹੈ. ਉਨਾਂ ਕਿਹਾ ਕਿ ਵਹਿਮਾਂ-ਭਰਮਾਂ ਅੰਧ-ਵਿਸਵਾਸ਼ਾਂ ਦਾ ਜੜ੍ਹ ਤੋਂ ਸਫਾਇਆ ਕਰਨ ਲਈ ਲੋਕਾਈ ਦਾ ਸਿਧਾਂਤਕ ਜਾਣਕਾਰੀ ਨਾਲ਼ ਲੈਸ ਹੋਣਾ ਜਰੂਰੀ ਹੈ.

ਇਸ ਮੌਕੇ ਕੁਲਵਿੰਦਰ ਨਗਾਰੀ ਨੇ ਕਿਹਾ ਕਿ  ਦੁਸਹਿਰਾ ਅੱਛਾਈ ਉਤੇ ਬੁਰਾਈ ਦੀ ਜਿੱਤ ਦੇ ਪ੍ਰਤੀਕ ਦਾ ਤਿਉਹਾਰ ਹੈ. ਅੱਜ ਅੰਧ-ਵਿਸਵਾਸ਼, ਜਾਤ-ਪਾਤ, ਫਿਰਕਾਪ੍ਰਸ਼ਤੀ, ਧਾਰਮਿਕ-ਅਸਿਹਣਸ਼ੀਲਤਾ, ਵਰਗੀਆਂ ਕਿੰਨੀਆਂ ਹੀ ਬੁਰਾਈਆਂ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀਆਂ ਹਨ. ਸਾਨੂੰ ਬੁਰਾਈ ਦੇ ਪ੍ਰਤੀਕ ਰਾਵਣ ਦੇ ਪੁਤਲਿਆ ਨੂੰ ਜਲਾਉਣ ਦੀ ਬਜਾਇ ਬੁਰਾਈਆਂ ਦੇ ਖਾਤਮੇ ਵਾਸਤੇ ਹਕੀਕੀ ਪੱਧਰ ਉੱਤੇ ਲੜਾਈ ਲ਼ੜਨ ਦੀ ਲੋੜ ਹੈ. ਇਕਾਈ ਮੁਖੀ ਬਿਕਰਮਜੀਤ ਸੋਨੀ ਨੇ ਵਧ ਰਹੇ ਪ੍ਰਦੂਸ਼ਣ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਖੇਤਾਂ ਵਿੱਚ ਪਰਾਲ਼ੀ ਜਲਾਉਣ ਕਾਰਨ ਪਹਿਲਾਂ ਹੀ ਹੱਦ ਤੋਂ ਵੱਧ ਪਲੀਤ ਹੋ ਚੁੱਕੇ ਵਾਤਾਵਰਣ ਨੂੰ ਤਿਉਹਾਰਾਂ ਮੌਕੇ ਪਟਾਕੇ ਨਾ ਚਲਾ ਕੇ ਹੋਰ ਗੰਧਲ਼ਾ ਹੋਣ ਤੋਂ ਬਚਾਇਆ ਜਾਵੇ.

ਇਹਨਾਂ ਦੇ ਇਲਾਵਾ ਕਰਮਜੀਤ ਸਕਰੁੱਲਾਂਪੁਰੀ, ਭੁਪਿੰਦਰ ਮਦਨਹੇੜੀ, ਰਾਜੇਸ਼ ਸਹੌੜਾਂ, ਹਰਜਿੰਦਰ ਪਮੌਰ, ਗੁਰਮੀਤ ਸਹੌੜਾਂ, ਚਰਨਜੀਤ, ਵਿਕਰਾਂਤ ਨਗਾਰੀ ਨੇ ਵੀ ਲੋਕਾਂ ਨਾਲ਼ ਵਾਰਤਾਲਾਪ ਕਰਦਿਆਂ ਉਹਨਾਂ ਨੂੰ ਤਰਕਸ਼ੀਲ ਬਣਨ ਲਈ ਪ੍ਰੇਰਿਆ.