ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਹੁਣ ਮਰਨ ਤੋਂ ਬਾਅਦ ਵੀ ਸਰੀਰ ਮਨੁੱਖਤਾ ਦੇ ਕੰਮ ਆਉਦਾ ਹੈ: ਗੁਰਮੀਤ ਖਰੜ

ਖਰੜ, 12 ਅਕਤੂਬਰ (ਕੁਲਵਿੰਦਰ ਨਗਾਰੀ): ਤਰਕਸ਼ੀਲਾਂ ਦੀ ਪ੍ਰੇਰਨਾਂ ਸਦਕਾ ਹਰਦੀਪ ਸਿੰਘ ਚੱਪਰਚਿੜੀ ਅਤੇ ਉਨਾਂ ਦੇ ਪਿਤਾ ਸ੍ਰੀ ਗੁਰਚਰਨ ਸਿੰਘ ਵੱਲੋਂ ਮਰਨ ਉਪਰੰਤ ਆਪਣਾ ਮ੍ਰਿਤਕ-ਸਰੀਰ ਖੋਜ ਕਾਰਜਾਂ ਵਾਸਤੇ ਪੀ.ਜੀ.ਆਈ. ਚੰਡੀਗੜ੍ਹ ਦੇ ਹਵਾਲੇ ਕਰਨ ਦਾ ਪ੍ਰਣ-ਪੱਤਰ ਭਰਕੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਤਰਕਸ਼ੀਲ

ਸੁਸਾਇਟੀ ਦੀ ਇਕਾਈ ਖਰੜ ਦੇ ਆਗੂਆਂ ਦੇ ਸਪੁਰਦ ਕੀਤਾ ਗਿਆ. ਇਸ ਮੌਕੇ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ਼ ਗੱਲਬਾਤ ਕਰਦਿਆਂ ਤਰਕਸ਼ੀਲ ਆਗੂ ਲੈਕ. ਗੁਰਮੀਤ ਖਰੜ ਨੇ ਕਿਹਾ ਕਿ ‘ਤੇਰਾ ਚੰਮ ਨੀ ਕਿਸੇ ਦੇ ਕੰਮ ਆਉਣਾ ਪਸੂਆਂ ਦੇ ਹੱਡ ਵਿਕਦੇ’ਵਰਗੀਆਂ ਕਹਾਵਤਾਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਹਨ. ਅੱਜ ਵਿਗਿਆਨਿਕ ਤਰੱਕੀ ਸਦਕਾ ਮੈਡੀਕਲ ਸਾਇੰਸ ਮਨੁੱਖੀ ਅੰਗਾਂ ਨੂੰ ਇੱਕ ਤੋਂ ਦੂਜੇ ਸਰੀਰ ਵਿੱਚ ਲਗਾਉਣ ਦੀ ਸਮਰੱਥਾ ਹਾਸਿਲ ਕਰ ਚੁੱਕੀ ਹੈ. ਜਿਸ ਦੇ ਸਿੱਟੇ ਵਜੋਂ ਮਰਨ ਤੋਂ ਬਾਅਦ ਬੇਕਾਰ ਸਮਝੇ ਜਾਂਦੇ ਮਨੁਖੀ ਸਰੀਰ ਦੇ ਅੰਗਾਂ ਨੂੰ ਲੋੜਵੰਦਾਂ ਦੇ  ਲਗਾ ਕੇ ਨਵੀਂ ਜਿੰਦਗੀ ਦਿੱਤੀ ਜਾ ਸਕਦੀ ਹੈ.

ਤਰਕਸ਼ੀਲ ਆਗੂ ਕਰਮਜੀਤ ਸਕਰੁੱਲਾਂਪੁਰੀ ਨੇ ਸਰੀਰ ਪ੍ਰਦਾਨ ਕਰਨ ਦੇ ਕਾਰਜ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਕਿਸੇ ਕਾਰਨ ਨਕਾਰਾ ਹੋਏ ਅੰਗਾਂ ਦੀ ਵਜ੍ਹਾ ਕਰਕੇ ਸਾਡੇ ਦੇਸ ਵਿੱਚ ਹਜਾਰਾਂ ਲੋਕ ਬੇਵਕਤ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ ਜੇਕਰ ਅਸੀਂ ਸਰੀਰ ਪ੍ਰਦਾਨ ਕਰਨ ਦੀ ਪਿਰਤ ਪਾਵਾਂਗੇ ਤਾਂ ਅੰਗਾਂ ਦੀ ਘਾਟ ਕਰਕੇ ਜਾਨ ਗਵਾਉਣ ਵਾਲ਼ੀਆਂ ਹਜਾਰਾਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ. ਇਕਾਈ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੋਗ-ਰਹਿਤ ਸਮਾਜ ਦੀ ਸਿਰਜਣਾ ਵਾਸਤੇ ਅੱਜ ਦੇ ਯੁੱਗ ਵਿੱਚ ਬੇਹੱਦ ਕੀਮਤੀ ਬਣ ਚੁੱਕੇ ਮਨੁੱਖੀ ਸਰੀਰ ਨੂੰ ਮਰਨ ਤੋਂ ਬਾਅਦ ਦਫਨਾਕੇ, ਅੱਗ ਵਿੱਚ ਜਲ਼ਾਕੇ ਜਾਂ ਕਿਸੇ ਵੀ ਹੋਰ ਰਵਾਇਤੀ ਤਰੀਕੇ ਰਾਹੀਂ ਐਵੇਂ ਹੀ ਨਸ਼ਟ ਨਹੀਂ ਕਰਨਾ ਚਾਹੀਦਾ.

ਇਸ ਮੌਕੇ ਹਾਜ਼ਰ ਤਰਕਸ਼ੀਲ ਆਗੂਆਂ ਸੁਜਾਨ ਬਡਾਲ਼ਾ, ਜਸਪਾਲ ਬਡਾਲ਼ਾ, ਹਰਜਿੰਦਰ ਪਮੌਰ ਨੇ ਦੱਸਿਆ ਕਿ ਪੰਜਾਬ ਵਿੱਚ ਮ੍ਰਿਤਕ-ਸਰੀਰ ਪ੍ਰਦਾਨ ਕਰਨ ਦੀ ਪਿਰਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹੀ ਪਾਈ ਗਈ ਸੀ ਜਿਸ ਮਗਰੋਂ ਹੁਣ ਤੱਕ ਵੱਖ-ਵੱਖ ਮੈਡੀਕਲ ਖੋਜ ਸੰਸਥਾਵਾਂ ਦੇ ਨਾਂ ਸੈਕੜੇਂ ਮਨੁੱਖਾਂ ਵੱਲੋਂ ਆਪਣੇ ਸਰੀਰ ਸੌਂਪਣ ਦੀ ਲਿਖਤੀ ਵਸੀਅਤ ਕੀਤੀ ਜਾ ਚੁੱਕੀ ਹੈ. ਫਾਰਮ ਤਰਕਸ਼ੀਲਾਂ ਨੂੰ ਸੌਪਣ ਸਮੇਂ ਹਰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਵਿੱਚੋਂ ਉਨਾਂ ਦੀ ਸੁਪਤਨੀ ਸ੍ਰੀਮਤੀ ਦਮਨਜੀਤ, ਮਾਤਾ ਜੀ ਗੁਰਚਰਨ ਕੌਰ ਅਤੇ ਭਰਾ ਅਮਨਦੀਪ ਸਿੰਘ ਡਿਪਟੀ ਵੀ ਹਾਜ਼ਰ ਸਨ.