ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਤਰਕਸ਼ੀਲ ਮੈਗਜੀਨ ਦੇ ਪਾਠਕਾਂ ਨਾਲ਼ ਰਾਬਤੇ ਖਾਤਰ ਹੋਣਗੀਆਂ ਪਾਠਕ ਮਿਲਣੀਆਂ

ਖਰੜ, 14 ਸਤੰਬਰ 2015 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਜੋਨ ਚੰਡੀਗੜ੍ਹ ਦੀ ਮੀਟਿੰਗ ਖਰੜ ਵਿਖੇ ਜੋਨ ਮੁਖੀ ਲੈਕ. ਗੁਰਮੀਤ ਖਰੜ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ ਜੋਨ ਮੀਡੀਆ ਮੁਖੀ ਜਰਨੈਲ ਕਰਾਂਤੀ ਨੇ ਵਿਗਿਆਨ ਦੇ ਦਿਨੋ-ਦਿਨ ਹੋ ਰਹੇ ਪਸਾਰ ਦਾ ਜਿਕਰ ਕਰਦਿਆਂ ਕਿਹਾ ਕਿ ਸਾਇੰਸ ਦਾ

ਵਿਰੋਧ ਕਰਨ ਵਾਲੇ ਵਹਿਮਾਂ-ਭਰਮਾਂ ਦੇ ਸੌਦਾਗਰਾਂ ਨੂੰ ਵੀ ਸਾਇੰਸ ਦੀਆਂ ਕਾਢਾਂ ਦੀ ਮੁਥਾਜੀ ਝੱਲਣੀ ਪੈ ਰਹੀ ਹੈ. ਵਿਗਿਆਨ ਉੱਤੇ ਲੋਕਾਂ ਦੇ ਵਧ ਰਹੇ ਭਰੋਸੇ ਕਾਰਨ ਸ਼ਰਧਾ ਦੇ ਵਪਾਰੀਆਂ ਨੂੰ ਵੀ ਅੰਧ-ਵਿਸ਼ਵਾਸਾਂ ਉੱਤੇ ਵਿਗਿਆਨ ਦਾ ਝੂਠਾ ਲੇਬਲ ਲਗਾ ਕੇ ਆਪਣੀ ਹੋਂਦ ਬਚਾਉਣ ਲਈ ਲਈ ਝੂਜਣਾ ਪੈ ਰਿਹਾ ਹੈ. ਝੂਠੀਆਂ ਗੱਲਾਂ ਨੂੰ ਸੱਚ ਸਾਬਤ ਕਰਨ ਵਾਸਤੇ ਵਿਗਿਆਨ ਨੂੰ ਵੀ ਤੋੜ-ਮਰੋੜ ਕੇ ਪੇਸ਼ ਕਰਨ ਦੇ ਕੋਝੇ ਹੱਥਕੰਡੇ ਵਰਤੇ ਜਾ ਰਹੇ ਹਨ. 

ਇਸ ਮੌਕੇ ਸਟੇਟ ਕਮੇਟੀ ਦੀ ਮੀਟਿੰਗ ਦੀ ਰਿਪੋਰਟ ਪੜ੍ਹਦਿਆਂ ਲੈਕ. ਗੁਰਮੀਤ ਖਰੜ ਨੇ ਦੱਸਿਆ ਕਿ ਸੂਬਾ ਕਮੇਟੀ ਦੀ ਤਜਵੀਜ਼ ਮੁਤਾਬਿਕ ਜੋਨ ਚੰਡੀਗੜ੍ਹ ਦੀਆਂ ਸਾਰੀਆਂ ਇਕਾਈਆਂ ਨੂੰ ‘ਪਾਠਕ-ਮਿਲਣੀਆਂ’ ਕਰਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ. ਜਿਸ ਵਿੱਚ ਤਰਕਸ਼ੀਲ ਮੈਗਜ਼ੀਨ ਦੇ ਪਾਠਕ, ਸੁਸਾਇਟੀ ਦੇ ਸਮਰਥਕ ਅਤੇ ਸੁਨਹਿਰੇ ਸਮਾਜ ਦਾ ਸੁਫਨਾ ਦੇਖਣ ਵਾਲ਼ਾ ਵਰਗ ਵੀ ਸਾਮਲ ਹੋ ਸਕੇਗਾ.ਇਸ ਮੌਕੇ ਸਤਨਾਮ ਦਾਊਂ ਨੇ ਦੱਸਿਆ ਕਿ ਇਸ ਫੈਸਲੇ ਤਹਿਤ ਇਕਾਈ ਮੁਹਾਲ਼ੀ ਵੱਲੋਂ 20 ਸਤੰਬਰ ਦਿਨ ਐਤਵਾਰ ਨੂੰ ਬਾਲ ਭਵਨ ਫੇਸ 4 ਵਿਖੇ ਪਾਠਕ-ਮਿਲਣੀ ਕਰਵਾਈ ਜਾਵੇਗੀ. ਮੀਟਿੰਗ ਵਿੱਚ ਕੁਲਵਿੰਦਰ ਨਗਾਰੀ ਅਤੇ ਅਜੀਤ ਪ੍ਰਦੇਸੀ ਨੇ ਜਾਣਕਾਰੀ ਦਿੱਤੀ ਕਿ 27 ਸਤੰਬਰ ਦਿਨ ਐਤਵਾਰ ਨੂੰ ਇਕਾਈ ਖਰੜ ਅਤੇ 4 ਅਕਤੂਬਰ ਦਿਨ ਐਤਵਾਰ ਨੂੰ ਇਕਾਈ ਰੋਪੜ ਵੱਲੋਂ ਵੀ ਪਾਠਕ ਮਿਲਣੀਆਂ ਦਾ ਸਮਾਂ ਤੈਅ ਕੀਤਾ ਜਾ ਚੁੱਕਾ ਹੈ. ਇਸ ਮੌਕੇ ਸੰਦੀਪ ਬੱਸੀ ਪਠਾਣਾ ਨੇ ਦੱਸਿਆ ਕਿ ਬਾਕੀ ਇਕਾਈਆਂ ਵੀ ਪਾਠਕ ਮਿਲਣੀਆਂ ਦੀ ਰੂਪ-ਰੇਖਾ ਜਲਦੀ ਹੀ ਤੈਅ ਕਰ ਲੈਣਗੀਆਂ. ਮੀਟਿੰਗ ਵਿੱਚ ਖਰੜ, ਮੋਹਾਲ਼ੀ, ਰੋਪੜ, ਨੰਗਲ਼, ਬਸੀ ਪਠਾਣਾ, ਸਰਹਿੰਦ ਆਦਿ  ਇਕਾਈਆਂ ਦੇ ਆਗੂਆਂ ਨੇ ਹਿੱਸਾ ਲਿਆ.       

powered by social2s