ਡਾ. ਦਾਬ੍ਹੋਲਕਰ ਦੀ ਬਰਸੀ ਤੇ ਤਰਕਸ਼ੀਲਾਂ ਦੀ ਸੂਬਾਈ ਸਰਗਰਮੀ 20 ਅਗਸਤ ਨੂੰ

ਰਾਜ ਭਰ 'ਚ ਡਿਪਟੀ ਕਮਿਸ਼ਨਰਾਂ ਨੂੰ ਸੌਪੇ ਜਾਣਗੇ ਮੰਗ ਪੱਤਰ

ਮੁਕਤਸਰ, 17 ਅਗਸਤ (ਰਾਮ ਸਵਰਨ ਲੱਖੇਵਾਲੀ): ਵਿਗਿਆਨਿਕ ਚੇਤਨਾ ਦੇ ਪਸਾਰ ਵਿਚ ਜੁਟੀ ਪ੍ਰਤੀਬੱਧ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ

(ਰਜਿ.) ਵੱਲੋਂ ਭਾਰਤ ਦੀ ਕੌਮੀ ਤਰਕਸ਼ੀਲ ਲਹਿਰ ਦੇ ਸ਼ਹੀਦ ਡਾ. ਨਰੇਂਦਰ ਦਾਬ੍ਹੋਲਕਰ ਦੀ ਦੂਜੀ ਬਰਸੀ ਤੇ ਰਾਜ ਭਰ ਵਿੱਚ ਸਮਾਜਿਕ ਜਾਗਰੂਕਤਾ, ਅੰਧਵਿਸ਼ਵਾਸਾਂ ਦੇ ਖਾਤਮੇ ਅਤੇ ਵਿਚਾਰਾਂ ਪ੍ਰਗਟਾਉਣ ਦੀ ਆਜ਼ਾਦੀ ਦੀ ਬਹਾਲੀ ਲਈ 20 ਅਗਸਤ ਨੂੰ ਸੂਬਾਈ ਸਰਗਰਮੀ ਕੀਤੀ ਜਾ ਰਹੀ ਹੈ. ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾਈ ਮੁਖੀ ਰਾਜਿੰਦਰ ਭਦੌੜ ਤੇ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਇਸ ਦਿਨ ਪੰਜਾਬ ਭਰ 'ਚ ਕੰਮਾਂ ਕਰਦੀਆਂ ਸੁਸਾਇਟੀ ਦੀਆਂ ਇਕਾਈਆਂ ਜ਼ੋਨ ਪੱਧਰ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਪਣਗੀਆਂ. ਤਰਕਸ਼ੀਲ ਆਗੂਆਂ ਨੇ ਆਖਿਆ ਕਿ ਵਿਗਿਆਨ ਦੀਆਂ ਦਿੱਤੀਆਂ ਅਥਾਹ ਸਹੂਲਤਾਂ ਦੇ ਬਾਵਜੂਦ ਵਿਗਿਆਨ ਦੁਆਰਾ ਖੋਜੇ ਗਏ ਕੰਪਿਊਟਰ, ਟੈਲੀਵੀਜ਼ਨ ਤੇ ਸ਼ੋਸਲ ਮੀਡੀਆ ਰਾਹੀਂ ਅੰਧਵਿਸ਼ਵਾਸ਼ਾਂ ਦਾ ਕੂੜ ਪ੍ਰਚਾਰ ਬਿਨ੍ਹਾਂ ਕਿਸੇ ਰੋਕ ਟੋਕ ਦੇ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ. ਜਿਨ੍ਹਾਂ ਵਿਚ ਵੱਡੀ ਗਿਣਤੀ ਅੰਧਵਿਸ਼ਵਾਸ਼ਾਂ ਦਾ ਵਪਾਰ ਕਰਨ ਵਾਲੇ ਅਖੌਤੀ ਬਾਬਿਆਂ ਤੇ ਤਾਂਤਰਿਕਾਂ ਦੀ ਹੇ ਜਿਹੜੇ ਕਿਸਮਤ-ਕਰਮਾਂ, ਹੋਣੀ ਤੇ ਅਗਲੇ ਜਨਮਾਂ-ਕਰਮਾਂ ਦੇ ਨਾਂ ਤੇ ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ. ਆਗੂਆਂ ਨੇ ਸਪੱਸ਼ਟ ਕੀਤਾ ਕਿ ਪਿੰਡ ਪੱਧਰ ਤੋਂ ਲੈ ਕੇ ਦੇਸ਼ ਪੱਧਰ ਤੱਕ ਕਿਸੇ ਨਾ ਕਿਸੇ ਰੂਪ ਵਿਚ ਰਾਜ ਕਰਨ ਵਾਲੀਆਂ ਧਿਰਾਂ ਅੰਧਵਿਸ਼ਵਾਸ਼ਾਂ ਦੇ ਵਪਾਰੀਆਂ ਦਾ ਪੱਖ ਪੂਰਦੀਆਂ ਹਨ. ਜਿਸ ਦਾ ਜਿਉਂਦਾ ਜਾਗਦਾ ਸਬੂਤ ਮੈਜਿਕ ਰੈਮਿਡੀਜ਼ ਐਕਟ ਦੇ ਹੁੰਦਿਆਂ ਲੋਕਾਂ ਦੀ ਸਰੀਰਕ, ਮਾਨਸਿਕ ਤੇ ਆਰਥਿਕ ਲੁੱਟ ਕਰਨ ਵਾਲੇ ਬਾਬਿਆਂ ਤੇ ਤਾਂਤਰਿਕਾਂ ਖਿਲਾਫ਼ ਕਾਨੂੰਨੀ ਕਾਰਵਾਈ ਨਾ ਕਰਨਾ ਹੈ. ਉਹਨਾਂ ਕਿਹਾ ਕਿ ਵਿਗਿਆਨਕ ਚੇਤਨਾ ਫੈਲਾਉਣ ਦੀ ਸੰਵਿਧਾਨਕ ਜਿੰਮੇਵਾਰੀ ਨੂੰ ਆਜ਼ਾਦੀ ਦੇ 69 ਸਾਲਾਂ ਬਾਅਦ ਵੀ ਕਿਸੇ ਵੀ ਸਰਕਾਰ ਨੇ ਨਹੀਂ ਨਿਭਾਇਆ. ਜਿਸ ਦੇ ਸਿੱਟੇ ਵਜੋਂ ਦੇਸ਼ ਭਰ ਵਿਚ ਅੰਧਵਿਸ਼ਵਾਸ਼ਾਂ ਦਾ ਕਾਰੋਬਾਰ ਦਿਨੋ-ਦਿਨ ਵੱਧ ਫੁੱਲ ਰਿਹਾ ਹੈ. ਦੂਸਰੇ ਪਾਸੇ ਸਮਾਜਿਕ ਚੇਤਨਾ ਦੇ ਪ੍ਰਸਾਰ ਵਿਚ ਜੁੱਟੇ ਤਰਕਸ਼ੀਲਾਂ, ਮਾਨਵਵਾਦੀਆ ਤੇ ਅਗਾਂਹਵਧੂ ਹਿੱਸਿਆਂ ਨੂੰ ਫਿਰਕਾਪ੍ਰਸਤ ਤਾਕਤਾਂ ਵੱਲੋਂ ਦਬਾ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਖੋਹਿਆ ਜਾ ਰਿਹਾ ਹੈ. ਉਹਨਾਂ ਕਿਹਾ ਕਿ ਮਹਾਰਸ਼ਟਰ ਵਿਚ ਸਮਾਜਿਕ ਬਰਾਬਰੀ ਦੀ ਸਥਾਪਤੀ ਤੇ ਅੰਧਵਿਸ਼ਵਾਸਾਂ ਖਿਲਾਫ਼ ਜਿੰਦਗੀ ਲਗਾਉਣ ਵਾਲੇ ਡਾ. ਦਾਬ੍ਹੋਲਕਰ ਨੂੰ ਦੋ ਸਾਲਾਂ ਪਹਿਲਾ ਸਮਾਜ ਵਿਰੋਥੀ ਅਨਸਰਾਂ ਵੱਲੋਂ ਦਿਨ-ਦਿਹਾੜੇ ਸ਼ਹੀਦ ਕਰ ਦਿੱਤਾ ਗਿਆ ਪ੍ਰੰਤੂ ਅਜੇ ਤੱਕ ਉਹਨਾਂਦੇ ਕਾਤਲ ਨਹੀਂ ਫੜ੍ਹੇ ਗਏ ਜਦਕਿ ਉਹਨਾਂ ਨੂੰ ਸਜ਼ਾਵਾਂ ਦੇਣ ਤਾਂ ਬਹੁਤ ਦੂਰ ਦੀ ਗੱਲ ਹੈ. ਆਗੂਆਂ ਦਾ ਕਹਿਣਾ ਸੀ ਕਿ ਦੇਸ਼ ਭਰ ਵਿਚ ਫਿਰਕੂ ਅਨਸਰਾਂ ਵੱਲੋਂ ਧਰਮ ਦੇ ਨਾਂ ਤੇ ਮਾਨਵੀ ਹੱਕਾ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ. ਸੁਸਾਇਟੀ ਦੇ ਸੂਬਾਈ ਆਗੂਆਂ ਹੇਮ ਰਾਜ ਸਟੈਨੋ, ਸੁਖਵਿੰਦਰ ਬਾਗਪੁਰ, ਭੂਰਾ ਸਿੰਘ, ਐਡੋਵੇਕਟ ਹਰਿੰਦਰ ਲਾਲੀ ਤੇ ਬਲਵੀਰ ਚੰਦ ਲੌਂਗਵਾਲ ਨੇ ਆਖਿਆ ਕਿ 20 ਅਗਸਤ ਨੂੰ ਰਾਜ ਭਰ ਦੇ ਤਰਕਸ਼ੀਲ ਕੇਂਦਰ ਸਰਕਾਰ ਨੂੰ ਭੇਜੇ ਜਾ ਰਹੇ ਮੰਗ ਪੱਤਰਾਂ ਰਾਹੀਂ ਡਾ. ਦਾਬ੍ਹੋਲਕਰ ਦੇ ਕਤਲ ਦੀ ਸੀ.ਬੀ.ਆਈ. ਜਾਂਚ ਕਰਵਾਉਣ, ਵਿਚਾਰਾਂ ਦੀ ਆਜ਼ਾਦੀ ਹੱਕ ਬਹਾਲ ਕਰਨ, ਅੰਧਵਿਸ਼ਵਾਸ਼ਾਂ ਦੇ ਕੂੜ ਪ੍ਰਚਾਰ ਤੇ ਮੁੰਕਮਲ ਪਾਬੰਦੀ ਲਗਾਉਣ ਅਤੇ ਦੇਸ਼ ਦੇ ਸਾਰੇ ਰਾਜਾਂ ਵਿਚ ਅੰਧਵਿਸ਼ਵਾਸ਼ ਖਿਲਾਫ਼ ਕਾਨੂੰਨ ਬਣਾ ਕੇ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕਰਨਗੇ. ਆਗੂਆਂ ਨੇ ਆਖਿਆ ਕਿ ਸਮਾਜ ਵਿਚੋਂ ਅੰਧਵਿਸ਼ਾਵਾਸ਼ਾਂ, ਅਗਿਆਨਤਾ, ਫਿਰਕਾਪ੍ਰਸਤੀ ਤੇ ਜਾਤ-ਪਾਤ ਦੇ ਕੋਹੜ ਦੇ ਖਾਤਮੇ ਲਈ ਤਰਕਸ਼ੀਲ ਕਾਰਕੁੰਨ ਆਪਣਾ  ਸੰਘਰਸ਼ ਲਗਾਤਾਰ ਜਾਰੀ ਰੱਖਣਗੇ.