ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ

ਤਰਕਸ਼ੀਲ ਵੈਨ ਨੇ ਪਾਈ ਅਮਰਗੜ ਅਤੇ ਬਨਭੌਰਾ ਸਕੂਲ ਵਿੱਚ ਫੇਰੀ

ਅਮਰਗੜ੍ਹ, 5 ਅਗਸਤ (ਡਾ.ਅਬਦੁਲ ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰਕੋਟਲਾ ਦੇ ਸੱਦੇ ਤੇ ਤਰਕਸ਼ੀਲ ਲਾਇਬਰੇਰੀ ਵੈਨ ਨੇ ਅੱਜ ਖੇਤਰ ਦੇ ਮੋਹਰੀ ਸਕੂਲਾਂ ਵਿੱਚ ਜਾਣ ਲਈ ਆਪਣੇ ਤਿੰਨ ਦਿਨਾਂ ਟੂਰ ਦੀ ਸ਼ੁਰੂਆਤ ਕੀਤੀ ਗਈ. ਆਪਣੇ ਟੂਰ ਦੇ ਪਹਿਲੇ ਦਿਨ ਤਰਕਸ਼ੀਲ ਵੈਨ ਵਲੋਂ ਸਰਕਾਰੀ ਸੀਨੀਅਰ

ਸੈਕੰਡਰੀ ਸਕੂਲ ਅਮਰਗੜ, ਅਤੇ ਸਰਕਾਰੀ ਸੀ. ਸੈਕੰ. ਸਕੂਲ, ਬਨਭੌਰਾ ਵਿਖੇ ਫੇਰਾ ਪਾਇਆ ਗਿਆ. ਇਸ ਮੌਕੇ ਸੰਖੇਪ ਜਿਹੇ ਕੀਤੇ ਵਿਗਿਆਨਕ ਜਾਗਰੂਕਤਾ ਪ੍ਰੋਗਰਾਮ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜੱਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਪ੍ਰਚਲਤ ਵੱਖ ਵੱਖ ਕਿਸਮ ਦੇ ਅੰਧ-ਵਿਸਵਾਸ ਅਸਲ ਵਿੱਚ ਵਿਗਿਆਨਕ ਜਾਗਰੂਕਤਾ ਦੀ ਘਾਟ ਕਰਕੇ ਹਨ. ਉਹਨਾਂ ਅੱਗੇ ਕਿਹਾ ਕਿ ਅੱਜ ਵਿਗਿਆਨ ਦਾ ਯੁੱਗ ਹੈ, ਪਰ ਸਾਡੇ ਲੋਕ ਫਿਰ ਵੀ ਪਾਖੰਡੀ ਲੋਕਾਂ ਤੋਂ ਲੁੱਟ ਕਰਵਾਈ ਜਾਂਦੇ ਹਨ, ਭਾਵੇਂ ਸਾਡਾ ਤਬਕਾ ਬਹੁਤ ਪੜ੍ਹ ਗਿਆ ਹੈ, ਪਰ ਉਹਨਾਂ ਨੇ ਸਿਖਿਆ ਕੁੱਝ ਨਹੀਂ, ਅਜਿਹੇ ਲੋਕਾਂ ਨੂੰ ਅਕਸਰ ਹੀ ਸੰਤਾਂ ਦੇ ਨੱਕ ਰਗੜਦੇ ਦੇਖੇ ਜਾ ਸਕਦੇ ਹਨ, ਇਸ ਲਈ ਹੁਣ ਸਾਨੂੰ ਲੋੜ ਹੈ ਵਿਗਿਆਨਕ ਚੇਤਨਾ ਦੀ, ਤਾਂ ਕਿ ਅਸੀਂ ਹਰ ਵਰਤਾਰੇ ਨੂੰ ਤਰਕ ਦੀ ਕਸਵੱਟੀ ਤੇ ਸਮਝ ਸਕਦੇ ਹਾਂ.

ਇਸ ਮੌਕੇ ਤਰਕਸ਼ੀਲ ਆਗੂ ਡਾ.ਅਬਦੁਲ ਮਜੀਦ ਅਜਾਦ ਨੇ ਤਰਕਸ਼ੀਲ ਸੁਸਾਇਟੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਤੀਹ ਸਾਲਾਂ ਤੋਂ ਤਰਕਸ਼ੀਲ ਕਾਫਲਾ ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਦੇ ਖਿਲਾਫ ਲੜਾਈ ਲੜ ਰਿਹਾ ਹੈ ਜਿਸ ਵਿੱਚ ਨੌਜਵਾਨਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ. ਉਨਾਂ ਕਿਹਾ ਕਿ ਅੰਧ ਵਿਸ਼ਵਾਸਾਂ ਵਿੱਚ ਫਸੇ ਲੋਕ ਬਾਬਿਆਂ ਦੇ ਡੇਰਿਆਂ ਵੱਲ ਭੱਜੇ ਤੁਰੀ ਜਾਂਦੇਹਨ.ਇਹ ਵਰਤਾਰਾ ਸਿਰਫ ਅਨਪੜ੍ਹਾਂ ਵਿੱਚ ਹੀ ਨਹੀਂ ਬਲਕਿ ਪੜ੍ਹਿਆਂ ਲਿਖਿਆਂ ਵਿੱਚ ਵੀ ਬਹੁਤ ਜਿਆਦਾ ਹੈ. ਅੱਜ ਲੋਕਾਂ ਦੀ ਸੋਚ ਨੂੰ ਵਿਗਿਆਨਿਕ ਬਣਾਉਣ ਦੀ ਲੋੜ ਹੈ ਤਾਂ ਕਿ ਉਹ ਜਿੰਦਗੀ ਦੇ ਸੱਚ ਨੂੰ ਨੰਗੀ ਅੱਖ ਨਾਲ਼ ਦੇਖ ਸਕਣ. ਇਕਾਈ ਮਾਲੇਰਕੋਟਲਾ ਤਰਕਸ਼ੀਲ ਆਗੂ ਜਸਵੀਰ ਸੋਨੂੰ ਨੇ ਜਾਦੂ ਦੀ ਤਕਨੀਕ ਸਬੰਧੀ ਬੋਲਦਿਆ ਕਿਹਾ ਕਿ ਜਾਦੂ ਕਿਸੇ ਕਿਸਮ ਦਾ ਚਮਤਕਾਰ ਨਹੀਂ ਸਗੋਂ ਇਸ ਦੇ ਪਿੱਛੇ ਸਾਇੰਸ ਦੇ ਕੁੱਝ ਨਿਯਮ ਕੰਮ ਕਰ ਰਹੇ ਹਨ, ਜਿੰਨਾਂ ਨੂੰ ਸਮਝਕੇ ਕੋਈ ਵੀ ਸਧਾਰਨ ਮਨੁੱਖ ਜਾਦੂ ਦੇ ਟਰਿੱਕ ਤਿਆਰ ਕਰ ਸਕਦਾ ਹੈ.

ਇਸ ਵੈਨ ਤੋਂ ਵਿਦਿਆਰਥੀਆਂ ਵਲੋਂ ਚੌਖਾ ਸਾਹਿਤ ਵੀ ਖਰੀਦਆ ਗਿਆ. ਸਮਾਗਮ ਨੂੰ ਨੇਪਰੇ ਚੜਾਉਣ ਵਿੱਚ ਪ੍ਰਿੰਸੀਪਲ ਬਲਵੰਤ ਸਿੰਘ, ਪ੍ਰਿੰਸੀਪਲ ਹਰਜੀਤ ਕੌਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ. ਇਸ ਮੌਕੇ ਵਿਗਿਆਨਕ ਵੈਲਫੇਅਰ ਕਲੱਬ ਅਮਰਗੜ ਦੇ ਆਗੂਆਂ ਡਾ. ਪਵਿੱਤਰ, ਸੁਖਜਿੰਦਰ ਝੱਲ, ਗਗਨ ਦੁਆਰਾ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ.