ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਵਿਸ਼ੇਸ ਰਿਪੋਰਟ

ਦਰਸ਼ਕਾਂ ਨੂੰ ਸੋਚਣ ਲਾ ਗਿਆ ਇਸ ਵਾਰ ਦਾ ਤਰਕਸ਼ੀਲ ਸਮਾਗਮ

ਨਿਰਮਲ ਕਿੰਗਰਾ

ਇਸ ਵਾਰ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਦਾ ਸਲਾਨਾ ਤਰਕਸ਼ੀਲ ਸਮਾਗਮ ਸੱਤ ਅਕਤੂਬਰ, ਐਤਵਾਰ ਨੂੰ ਨੋਰਥ ਡੈਲਟਾ ਸੈਕੰਡਰੀ ਸਕੂਲ ਡੈਲਟਾ ਵਿਖੇ ਕਰਵਾਇਆ ਗਿਆ. ਵੱਡੀ ਗਿਣਤੀ ਦਰਸ਼ਕਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਜੀ ਆਈਆਂ ਕਹਿੰਦਿਆਂ, ਸਪੋਂਸਰਜ਼ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ, ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਅੱਜ ਦਾ ਇਹ ਪ੍ਰੋਗਰਾਮ ਜੰਮੂ (ਭਾਰਤ) ਵਿੱਚ ਅੱਠ ਸਾਲਾ ਮਸੂਮ ਬੱਚੀ ਆਸਿਫਾ ਬਾਨੋ ਦੀ ਯਾਦ ਨੂੰ ਸਮਰਪਿਤ ਸੀ ਜਿਸਨੂੰ ਇਸ ਸਾਲ ਜਨਵਰੀ ਵਿੱਚ ਭਾਜਪਾ ਦੇ ਫਿਰਕੂ ਜਨੂੰਨੀ ਦਰਿੰਦਿਆਂ ਨੇ ਦਰਿੰਦਗੀ ਸ਼ਿਕਾਰ ਕਰਕੇ ਕਤਲ ਕਰ ਦਿੱਤਾ ਸੀ. ਗੁਰਮੇਲ ਗਿੱਲ ਸਕੱਤਰ ਵੱਲੋਂ ਬੜੇ ਹੀ ਭਾਵਪੂਰਤ ਢੰਗ ਨਾਲ ਇਸ ਘਟਨਾ ਦਾ ਵੇਰਵਾ ਦਿੱਤਾ ਤੇ ਦਰਸ਼ਕਾਂ ਦੀਆਂ ਅੱਖਾਂ ‘ਚ ਅੱਥਰੂ ਆ ਗਏ. ਤਰਕਸ਼ੀਲਤਾ, ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਦਿੰਦਿਆਂ ਭਾਅਜੀ ਗੁਰਸ਼ਰਨ ਸਿੰਘ ਅਤੇ ਮਾਸਟਰ ਬਚਿੱਤਰ ਸਿੰਘ ਹੋਰਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ, ਇਸੇ ਹੀ ਲੜੀ ਵਿੱਚ ਕੋਰੀਓਗ੍ਰਾਫੀ ‘ਦੇਸ਼ ਮੇਰੇ’ ਗੁਰਦੀਪ ਆਰਟਸ ਅਕੈਡਮੀ ਵੱਲੋਂ ਪੇਸ਼ ਕੀਤੀ ਗਈ ਜਿਸਨੂੰ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਸਵੀਕਾਰ ਕੀਤਾ. ਲੋਕ ਸੰਗੀਤ ਮੰਡਲੀ ਭਦੌੜ ਦੇ ਮੁੱਢਲੇ ਕਲਾਕਾਰ ਪਿਆਰਾ ਸਿੰਘ ਚਾਹਲ ਦੇ ਗੀਤਾਂ ਦੀ ਪੇਸ਼ਕਾਰੀ ਬਹੁਤ ਹੀ ਕਮਾਲ ਦੀ ਸੀ ਖਾਸ ਕਰਕੇ ‘ਦੱਸ ਹਾਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ’ ਗੀਤ ਬਹੁਤ ਭਾਵੁਕ ਕਰ ਗਿਆ, ਨਿਰਮਲ ਕਿੰਗਰਾ ਨੇ ਪਿਆਰਾ ਸਿੰਘ ਚਾਹਲ ਦੀ ਜਾਣ ਪਹਿਚਾਣ ਦਰਸ਼ਕਾਂ ਨਾਲ ਕਰਵਾਈ . ਜਾਦੂਗਰ ਕੈਲ ਨੇ ਟਰਿੱਕ ਦਿਖਾਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ. ਟੋਰੰਟੋ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਮਹਿਮਾਨ ਟੀ ਵੀ ਪ੍ਰੋਗਰਾਮ ਮੁਲਾਕਾਤ ਦੇ ਹੋਸਟ ਚਰਨਜੀਤ ਸਿੰਘ ਬਰਾੜ ਨੇ ਤਰਕਸ਼ੀਲਤਾ, ਡਰੱਗ ਅਤੇ ਗੈਂਗ ਹਿੰਸਾ ਬਾਰੇ ਮਾਪਿਆਂ ਤੇ ਸਮਾਜ ਦੇ ਰੋਲ ਬਾਰੇ ਜਾਣਕਾਰੀ ਦਿੱਤੀ. ਅਖੀਰ ਵਿੱਚ ਵੈਨਕੋਵਰ ਦੇ ਉੱਘੇ ਸਾਹਿਤਕਾਰ ਅਜਮੇਰ ਰੋਡੇ ਦਾ ਲਿਖਿਆ ਨਾਟਕ ‘ਮੈਲੇ ਹੱਥ’ (ਬੱਚਿਆਂ ਦੇ ਸਰੀਰਕ ਸੋਸ਼ਣ ਬਾਰੇ ) ਗੁਰਦੀਪ ਆਰਟ ਅਕੈਡਮੀ ਵੱਲੋਂ ਪੇਸ਼ ਕੀਤਾ ਗਿਆ ਤਕਰੀਬਨ ਡੇੜ੍ਹ ਘੰਟਾ ਚੱਲੇ ਇਸ ਨਾਟਕ ਨੂੰ ਲੋਕਾਂ ਨੇ ਬਹੁਤ ਗੰਭੀਰਤਾ ਨਾਲ ਸਾਹ ਰੋਕਕੇ ਦੇਖਿਆ ਤੇ ਨਾਟਕ ਦੇ ਅਖੀਰ ਤੱਕ ਖਾਮੋਸ਼ੀ ਇਸ ਕਦਰ ਪਸਰੀ ਰਹੀ ਕਿ ਜੇਕਰ ਪਿੰਨ ਵੀ ਡਿੱਗ ਪੈਂਦੀ ਤਾਂ ਖੜਕਾ ਸੁਣਿਆ ਜਾ ਸਕਦਾ ਸੀ. ਸਾਰੇ ਹੀ ਕਲਾਕਾਰਾਂ ਖਾਸ ਕਰਕੇ “ਲੋਰੀ” ਦਾ ਰੋਲ ਬਹੁਤ ਹੀ ਸਲਾਹਿਆ ਗਿਆ. ਬਾਈ ਅਵਤਾਰ ਪ੍ਰਧਾਨ ਹੋਰਾਂ ਆਏ ਹੋਏ ਸਮੁੱਚੇ ਦਰਸ਼ਕਾਂ, ਕਲਾਕਾਰਾਂ, ਵਲੰਟੀਅਰਾਂ, ਮੀਡੀਆ ਖਾਸ ਕਰਕੇ ਰੈੱਡ ਐੱਫ ਐੱਮ 93.1, ਸ਼ੇਰੇ ਪੰਜਾਬ 1550 ਏ ਐੱਮ, ਪੰਜਾਬੀ ਦੇ ਸਾਰੇ ਅਖਬਾਰ, ਚੈਨਲ ਪੰਜਾਬ ਟੀ ਵੀ, ਸਾਂਝਾ ਪੰਜਾਬ ਟੀ ਵੀ ਅਤੇ ਸਾਰੇ ਸਪੋਂਸਰਜ਼ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਮਾਰਚ 2019 ਵਿੱਚ ਇੱਕ ਹੋਰ ਪ੍ਰੋਗਰਾਮ ਲੈਕੇ ਹਾਜ਼ਰ ਹੋਵਾਂਗੇ.