- Details
- Hits: 2773
ਅਨੇਕਾਂ ਜਿੰਦਗੀਆਂ ਬਚਾਉਣ ਦਾ ਮੌਕਾ ਹੈ; ਦਿਮਾਗੀ ਮੌਤ
ਜਸਵੰਤ ਮੋਹਾਲੀ, ਪਰਵੀਨ ਸ਼ਰਮਾ
ਸੈਕਟਰ ਦਸ ਡੀ. ਏ. ਵੀ. ਸਕੂਲ ਵਿੱਚ ਪੀ. ਜੀ. ਆਈ. ਵੱਲੋਂ ਇਕ ਸੈਮੀਨਾਰ ਕਰਾਇਆ ਜਾ ਰਿਹਾ ਸੀ. ਵਿਸ਼ਾ ਸੀ; ਦਿਮਾਗੀ ਮੌਤ ਤੋਂ ਬਾਦ ਅੰਗ-ਦਾਨ. ਸੱਤ-ਅੱਠ ਸੌ ਦੀ ਸਮਰੱਥਾ ਵਾਲਾ ਹਾਲ ਪੂਰਾ ਭਰਿਆ ਹੋਇਆ ਸੀ. ਮਕਸਦ ਸੀ ਲੋਕਾਂ ਨੂੰ ਦਿਮਾਗੀ ਮੌਤ ਤੋਂ ਬਾਦ ਅੰਗ ਦਾਨ ਪ੍ਰਤੀ ਜਾਗਰੂਕ ਕਰਨਾ. ਕੁੱਝ ਮਹੀਨੇ ਪਹਿਲਾਂ ਇਕ ਨੌਜਵਾਨ ਪਾਰਥ ਗਾਂਧੀ ਦੀ ਦਿਮਾਗੀ ਮੌਤ ਤੋਂ ਬਾਦ ਅੰਗ ਦਾਨ ਕਰਨ ਦਾ ਮੁਸ਼ਕਲ ਫੈਸਲਾ ਕਰਨ ਵਾਲੇ ਉਸ ਦੇ ਮਾਤਾ-ਪਿਤਾ ਵੀ ਉਥੇ ਹਾਜ਼ਰ ਸਨ. ਜਿਸ ਰੋਗੀ ਦੇ ਗੁਰਦਾ ਲੱਗਿਆ ਸੀ, ਉਸਦੀ ਪਤਨੀ ਉੱਥੇ ਹਾਜ਼ਰ ਸੀ. ਇਸ ਸੈਮੀਨਾਰ ਤੋਂ ਬਾਦ ਅਸੀਂ ਅੰਗਦਾਨੀ ਉਸ ਨੌਜਵਾਨ ਦੇ ਮਾਤਾ-ਪਿਤਾ ਨੂੰ ਮਿਲਣ ਦਾ ਫੈਸਲਾ ਕੀਤਾ. ਜਸਵੰਤ ਮੁਹਾਲੀ ਅਤੇ ਪਰਵੀਨ ਸ਼ਰਮਾ ਦੀ ਸ਼੍ਰੀ ਸੰਜੇ ਗਾਂਧੀ ਅਤੇ ਉਹਨਾਂ ਦੀ ਪਤਨੀ ਨਾਲ ਹੋਈ ਗੱਲਬਾਤ ਦੇ ਅੰਸ਼ ਪਾਠਕਾਂ ਲਈ ਪੇਸ਼ ਹਨ :
“ਛੇ ਮਾਰਚ ਰਾਤ ਦੀ ਗੱਲ ਹੈ. ਮੇਰਾ ਬੇਟਾ ਪਾਰਥ ਅਤੇ ਮੇਰਾ ਭਤੀਜਾ ਮੋਟਰ ਸਾਈਕਲ ਤੇ ਬਾਈ ਸੈਕਟਰ ਚੋਂ ਖਾਣਾ ਖਾਕੇ ਘਰ ਪਰਤ ਰਹੇ ਸਨ ਜਦੋਂ ਉਹਨਾਂ ਨੂੰ ਸਕੌਡਾ ਕਾਰ ਨੇ ਟੱਕਰ ਮਾਰ ਦਿੱਤੀ. ਬੇਟਾ ਪਿੱਛੇ ਬੈਠਾ ਹੋਇਆ ਸੀ. ਉਹ ਉੱਛਲ ਕੇ ਅੱਗੇ ਜਾ ਗਿਰਿਆ. ਸਾਨੂੰ ਤਾਂ ਰਾਤ ਨੂੰ ਪੁਲੀਸ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਹੈ. ਸੈਕਟਰ 32 ਦੇ ਹਸਪਤਾਲ ਦੋਨੋਂ ਦਾਖਲ ਹਨ. ਇਸ ਵਕਤ ਪਾਰਥ ਐਮ-ਟੈੱਕ ਕਰ ਰਿਹਾ ਸੀ. ਪਰਵਾਰ ਅਤੇ ਦੋਸਤਾਂ ਦਾ ਬਹੁਤ ਸਹਿਯੋਗੀ ਸੀ, ਬੜਾ ਸਬਰ- ਸੰਤੋਖ ਵਾਲਾ ਮੁੰਡਾ ਸੀ. ਹੈਲਮਟ ਦੀ ਕੋਤਾਹੀ ਨਹੀਂ ਸੀ ਕਰਦਾ. ਇਕ ਸੈਕਟਰ ਵੀ ਅੱਗੇ-ਪਿੱਛੇ ਕਿਤੇ ਜਾਣਾ ਤਾਂ ਹੈਲਮਟ ਪਾਕੇ ਜਾਣਾ. ਹਾਦਸੇ ਵਾਲੇ ਦਿਨ ਵੀ ਹੈਲਮਟ ਪਾਇਆ ਹੋਇਆ ਸੀ. ਪਰ ਜਿਹੜੀ ਗੱਡੀ ਨੇ ਹਿੱਟ ਕੀਤਾ ਉਹ ਬਹੁਤ ਤੇਜ਼ ਰਫਤਾਰ ਸੀ. ਭਤੀਜਾ ਮੋਟਰ ਸਾਈਕਲ ਚਲਾ ਰਿਹਾ ਸੀ. ਉਹਦੀ ਲੱਤ ਦੀ ਹੱਡੀ ਟੁੱਟ ਗਈ. ਤਿੰਨ ਜਗ੍ਹਾ ਹੋਰ ਸੱਟਾਂ ਸਨ.”
“ਨਿਊਰੋ-ਸਰਜਨ ਡਾ. ਵਿਪਨ ਗੁਪਤਾ ਨੇ ਸਾਨੂੰ ਦੱਸਿਆ ਕਿ ਬੇਟੇ ਦੇ ਸਿਰ ਦੀ ਸੱਟ ਗਹਿਰੀ ਹੈ. ਹਾਲਤ ਗੰਭੀਰ ਹੈ. ਜੇਕਰ ਬਚਾਅ ਵੀ ਹੋ ਗਿਆ ਤਾਂ ਯਾਦਦਾਸ਼ਤ ਜਾ ਸਕਦੀ ਹੈ.ਜਿਵੇਂ ਕਿ ਸੁਣ ਰੱਖਿਆ ਸੀ ਕਿ ਪੁਰਾਣੀਆਂ ਤਸਵੀਰਾਂ ਆਦਿ ਦੇਖ ਕੇ ਯਾਦਦਾਸ਼ਤ ਵਾਪਸ ਆ ਜਾਂਦੀ ਹੈ, ਪਾਰਥ ਦੇ ਦੋਸਤਾਂ ਨੇ ਉਸਦੀਆਂ ਤਸਵੀਰਾਂ ਦੀ ਐਲਬਮ ਬਣਾ ਲਈ. ਤਕਰੀਬਨ ਸੱਤ ਦਿਨ ਬਾਦ ਚੌਦਾਂ ਮਾਰਚ ਨੂੰ ਡਾਕਟਰਾਂ ਨੇ ਉਸ ਦੇ ਦਿਮਾਗ ਦੇ ਪੂਰੇ ਤੌਰ ਤੇ ਖਤਮ ਹੋ ਜਾਣ ਬਾਰੇ ਦੱਸ ਦਿੱਤਾ ਹਾਲਾਂਕਿ ਉਸਦੀ ਧੜਕਣ ਚੱਲ ਰਹੀ ਸੀ ਅਤੇ ਉਹ ਸਾਹ ਲੈ ਰਿਹਾ ਸੀ. ਦਿਮਾਗੀ ਮੌਤ ਬਾਰੇ ਮੈਂ ਪਹਿਲੀ ਵਾਰ ਸੁਣ ਰਿਹਾ ਸੀ. ਡਾਕਟਰਾਂ ਨੇ ਮੈਂਨੂੰ ਕਿਹਾ, ਬਾਕੀ ਸਰੀਰ ਹਫਤਾ, ਮਹੀਨਾ ਕਦੋਂ ਤੱਕ ਕੰਮ ਕਰਦਾ ਰਹੇਗਾ, ਕੁੱਝ ਕਿਹਾ ਨਹੀਂ ਜਾ ਸਕਦਾ. ਪਰ ਇਹ ਕਦੇ ਅੱਖਾਂ ਨਹੀਂ ਖੋਲ੍ਹੇਗਾ, ਬੋਲ ਨਹੀਂ ਸਕੇਗਾ.ਪਰ ਜੇ ਤੁਸੀਂ ਚਾਹੋ ਤਾਂ ਇਸਦੇ ਅੰਗ ਗੁਰਦੇ, ਦਿਲ, ਅੱਖਾਂ ਆਦਿ ਲੋੜਵੰਦਾਂ ਦੇ ਲਾਈਆਂ ਜਾ ਸਕਦੀਆਂ ਹਨ. ਬੜੀ ਮੁਸ਼ਕਲ ਦੀ ਘੜੀ ਸੀ. ਏਨੇ ਭਾਵਕਤਾ ਭਰੇ ਪਲਾਂ ਵਿੱਚ ਅਜਿਹਾ ਫੈਸਲਾ ਕਰਨਾ. ਰਿਸ਼ਤੇਦਾਰਾਂ ਦਾ ਫੈਸਲਾ ਵੀ ਦੋਚਿੱਤੀ ਵਧਾਉਣ ਵਾਲਾ ਹੀ ਸੀ. ਕੁੱਝ ਵਿਰੋਧ ਵੀ ਕਰ ਰਹੇ ਸਨ. ਫੈਸਲਾ ਕਰਨਾ ਮੁਸ਼ਕਲ ਹੁੰਦਾ ਹੈ, ਪਰ ਅੱਛੇ ਲੋਕਾਂ ਦਾ ਸਾਥ ਮਿਲ ਜਾਏ ਤਾਂ ਫੈਸਲਾ ਕਰਨਾ ਆਸਾਨ ਹੋ ਜਾਂਦੈ. ਅਜਿਹੇ ਹਾਲਤਾਂ ਵਿੱਚ ਮੈਂਨੂੰ ਫੈਸਲਾ ਲੈਣ ਲਈ ਮੇਰੇ ਦਫਤਰ ਦੇ ਐਮ. ਡੀ. ਨੇ ਬਹੁਤ ਸਹਾਇਤਾ ਕੀਤੀ. ਇਹ ਵਹਿਮ ਕਿ ਜੇ ਇਸ ਜਨਮ ਵਿੱਚ ਅੱਖਾਂ ਦੇ ਦਿੱਤਆਂ ਤਾਂ ਅਗਲੇ ਜਨਮ ਵਿੱਚ ਅੱਖਾਂ ਨਹੀਂ ਹੋਣਗੀਆਂ, ਜਾਂ ਕਿਡਨੀ ਜਾਂ ਲਿਵਰ ਦੇ ਦਿੱਤਾ ਤਾਂ ਅਗਲੇ ਜਨਮ ਵਿੱਚ ਉਹ ਅੰਗ ਨਹੀਂ ਹੋਏਗਾ, ਇਹ ਵੀ ਫੈਸਲਾ ਲੈਣ ਤੋਂ ਰੋਕਦਾ ਹੈ. ਸਾਡੇ ਦੁਆਰਾ ਬੇਟੇ ਦੇ ਅੰਗ ਦਾਨ ਕਰਨ ਲਈ ਹਾਂ ਕਹਿਣ ਤੇ ਉਸਨੂੰ ਸੈਕਟਰ 32 ਤੋਂ ਪੀ. ਜੀ. ਆਈ. ਸ਼ਿਫਟ ਕਰ ਦਿੱਤਾ. ਡਾਕਟਰਾਂ ਦੀ ਟੀਮ ਕਈ ਟੈਸਟ ਕਰਕੇ ਇਸ ਸਿੱਟੇ ਤੇ ਪਹੁੰਚੀ ਕਿ ਦਿਮਾਗ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ. ਕੁੱਝ ਘੰਟੇ ਬਾਦ ਉਹੀ ਟੈਸਟ ਅਲੱਗ ਟੀਮ ਦੁਆਰਾ ਫਿਰ ਦੁਹਰਾਏ ਜਾਂਦੇ ਹਨ ਤਾਂਕਿ ਫੈਸਲੇ ਦੇ ਠੀਕ ਹੋਣ ਦੀ ਪੂਰਨ ਤਸੱਲੀ ਹੋ ਜਾਵੇ. ਡਾਕਟਰਾਂ ਨੇ ਕਾਗਜ਼ੀ ਰਸਮਾਂ ਪੂਰੀਆਂ ਕਰਕੇ ਅਪਰੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ. ਦਰਅਸਲ ਅੰਗਾਂ ਨੂੰ ਕੱਢਣ ਤੇ ਲਾਉਣ ਵਿੱਚ ਜਿਆਦਾ ਸਮਾਂ ਨਹੀਂ ਪੈ ਸਕਦਾ. ਅੰਗਾਂ ਨੂੰ ਜਿੰਨੀ ਜਲਦੀ ਹੋ ਸਕੇ ਲਗਾਇਆ ਜਾਣਾ ਹੁੰਦਾ ਹੈ. ਬਹੁਤ ਸਾਵਧਾਨੀ ਵਰਤੀ ਜਾਂਦੀ ਹੈ ਕਿ ਕਿਤੇ ਕੋਈ ਅੰਗ ਖਰਾਬ ਜਾਂ ਅਣਵਰਤਿਆ ਨਾ ਰਹਿ ਜਾਵੇ. ਕੋਆਰਡੀਨੇਟਰ ਨੇ ਅੰਗਾਂ ਦੇ ਲੋੜਵੰਦਾਂ ਨਾਲ ਸੰਪਰਕ ਕੀਤਾ, ਪਰ ਏਨੀ ਛੇਤੀ ਲਿਵਰ ਦਾ ਅਪਰੇਸ਼ਨ ਕਰਾਉਣ ਲਈ ਕੋਈ ਸਹਿਮਤ ਨਾ ਹੋਇਆ. ਦਿੱਲੀ ਦੇ ਏਅਰ ਫੋਰਸ ਦੇ ਹਸਪਤਾਲ ਵਿੱਚ ਹਵਾਈ ਸੈਨਾ ਦਾ ਹਵਾਲਦਾਰ ਪੀ. ਕੇ. ਜੇ. ਸਿੰਘ ਦਾਖਲ ਸੀ ਜਿਸ ਨੂੰ ਲਿਵਰ ਦੀ ਜ਼ਰੂਰਤ ਸੀ. ਹਵਾਈ ਸੈਨਾ ਦੇ ਏਅਰ ਚੀਫ ਮਾਰਸ਼ਲ ਐਨ. ਏ. ਕੇ. ਬ੍ਰਾਊਨ ਦੇ ਹੁਕਮਾਂ ਨਾਲ ਸੈਨਾ ਦਾ ਜਹਾਜ ਚੰਡੀਗੜ੍ਹ ਪਹੁੰਚ ਗਿਆ. ਡਾਕਟਰਾਂ ਦੀ ਟੀਮ ਦੀ ਅਗਵਾਈ ਵਿੱਚ ਪਾਰਥ ਦਾ ਦਿਲ ਤੇ ਜਿਗਰ ਦਿੱਲੀ ਲਿਜਾਇਆ ਗਿਆ. ਦਿਲ, ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਿਸੇ ਲੋੜਵੰਦ ਨੂੰ ਲਾਇਆ ਗਿਆ. ਉਂਜ ਅੰਗ ਪ੍ਰਾਪਤ ਕਰਨ ਵਾਲਿਆਂ ਦੇ ਨਾਂ ਗੁਪਤ ਰੱਖੇ ਜਾਂਦੇ ਹਨ. ਨਾਂ ਗੁਪਤ ਰੱਖਣ ਦਾ ਕਾਰਣ ਭਾਵੁਕਤਾ ਵੀ ਹੈ, ਕਨੂੰਨੀ ਵੀ ਤੇ ਲਾਲਚ ਆਦਿ ਵੀ. ਪਰ ਸੁਖਬੀਰ ਸਿੰਘ (ਜਿਸਦੇ ਇੱਕ ਕਿਡਨੀ ਲਾਈ ਗਈ) ਦੀ ਪਤਨੀ ਨੇ ਪੀ. ਜੀ. ਆਈ. ਵਿੱਚ ਹੋਈ ਦਿਮਾਗੀ ਮੌਤ ਵਾਲੇ ਬੰਦੇ ਦਾ ਪਤਾ ਕਰਦਿਆਂ-ਕਰਦਿਆਂ ਸਾਨੂੰ ਲੱਭ ਲਿਆ. ਅੰਗ ਲੈਣ ਅਤੇ ਲੋੜਵੰਦਾਂ ਨੂੰ ਲਾਉਣ ਵਿੱਚ ਪੈਸੇ ਅਤੇ ਕਿਸੇ ਤਰ੍ਹਾਂ ਦੀ ਸਿਫਾਰਸ਼ ਆਦਿ ਦਾ ਉੱਕਾ ਹੀ ਦਖਲ ਨਹੀਂ ਸੀ. ਸੱਭ ਕੁੱਝ ਪੂਰੀ ਤਰ੍ਹਾਂ ਪਾਰਦਰਸ਼ੀ ਹੋਇਆ. ਲਿਵਰ ਕਈ ਲੋੜਵੰਦਾਂ ਨੂੰ ਲਾਇਆ ਜਾ ਸਕਦਾ ਹੈ. ਦੂਸਰੀ ਕਿਡਨੀ ਜਿਸ ਜ਼ਰੂਰਤਮੰਦ ਨੂੰ ਲਾਈ ਗਈ ਇਹ ਮੌਕਾ-ਮੇਲ ਹੀ ਸਮਝੋ ਕਿ ਉਹ ਸਾਡੇ ਗੁਆਂਢੀਆਂ ਦਾ ਰਿਸ਼ਤੇਦਾਰ ਹੀ ਹੈ. ਦੋਵੇਂ ਅੱਖਾਂ ਦੋ ਲੋੜਵੰਦਾਂ ਨੂੰ ਲਾਈਆਂ ਗਈਆਂ.ਇਸੇ ਤਰ੍ਹਾਂ ਬਲੱਡ ਵੈਸਲਜ਼ ਟਰਾਂਸਪਲਾਂਟ ਕੀਤੇ ਗਏ.”
“ਡਾਕਟਰ ਨੇ ਹੀ ਮੈਂਨੂੰ ਇਕ ਹੋਰ ਗੱਲ ਦੱਸੀ ਕਿ ਯੋਰਪੀਅਨ ਜਾਂ ਅਮਰੀਕਨ ਦੇਸ਼ਾਂ ਵਿੱਚ ਜੇ ਕਿਸੇ ਵਿਅਕਤੀ ਦੀ ਦਿਮਾਗੀ ਮੌਤ ਹੋ ਜਾਂਦੀ ਹੈ ਤਾਂ ਉਹ ਪੁੱਛਦੇ ਹਨ ਕਿ ਤੁਸੀਂ ਅੰਗਦਾਨ ਕਰਨੇ ਹਨ? ਜੇ ਨਹੀਂ ਤਾਂ ਉਹ ਤੁਰੰਤ ਵੈਂਟੀਲੇਟਰ ਵਗੈਰਾ ੳਤਾਰ ਕਿ ਮਰੀਜ਼ ਤੁਹਾਡੇ ਹਵਾਲੇ ਕਰ ਦਿੰਦੇ ਹਨ. ਪਰ ਭਾਰਤ ਵਿੱਚ ਜਦੋਂ ਤੱਕ ਸਾਹ ਚੱਲ ਰਹੇ ਹੁੰਦੇ ਹਨ ਉਸ ਨੂੰ ‘ਜਿੰਦਾ ਰੱਖਣਾ’ ਪੈਂਦਾ ਹੈ. ਸਰੀਰ ਦਾਨ ਦਾ ਫੈਸਲਾ ਮੁਕਾਬਲਤਨ ਇਸ ਲਈ ਸੌਖਾ ਹੋ ਜਾਂਦਾ ਹੈ ਕਿਉਂਕਿ ਉਸ ਕੇਸ ਵਿੱਚ ਵਿਅਕਤੀ ਮਰ ਚੁੱਕਾ ਹੁੰਦਾ ਹੈ. ਦਿਮਾਗੀ ਮੌਤ ਬਾਦ ਅੰਗ ਦਾਨ ਦੇ ਫੈਸਲੇ ਵਿੱਚ ਇਹੀ ਅੜਚਨ ਹੈ ਕਿ ਏਥੇ ਸਾਹ ਚੱਲ ਰਿਹਾ ਹੁੰਦਾ ਹੈ. ਕਿਵੇਂ ਕਹਿ ਦੇਈਏ ਕਿ ਇਸ ਨੂੰ ਖਤਮ ਕਰ ਦਿੳ. ਸੌ ਪੂਜਾ-ਪਾਠ, ੳੋਹੜ-ਪੋਹੜ ਦੀਆਂ ਸਲਾਹਾਂ ਸ਼ੁਰੂ ਹੋ ਜਾਂਦੀਆਂ ਹਨ. ਦਿਮਾਗੀ ਮੌਤ ਦੀ ਕਾਗਜ਼ੀ ਜਾਂ ਡਾਕਟਰੀ ਪ੍ਰੀਭਾਸ਼ਾ ਹੋਰ ਗੱਲ ਹੈ, ਅੰਗਦਾਨ ਦਾ ਫੈਸਲਾ ਕਰਨ ਲਈ ਤਿਆਰ ਹੋਣਾ ਹੋਰ ਗੱਲ ਹੈ. ਮਰਣ ਤੋਂ ਬਾਦ ਜਿੰਦਗੀ ਦੀ ਗੱਲ ਸਦੀਆਂ ਤੋਂ ਸਾਡੇ ਦਿਮਾਗਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ. ਇਹ ਸਭ ਗੱਲਾਂ ਅੰਗਦਾਨ ਕਰਨ ਦੇ ਮਹਤਵਪੂਰਣ ਫੈਸਲੇ ਵਿੱਚ ਅੜਚਨ ਬਣਦੀਆਂ ਹਨ.”
ਇਸ ਸਾਰੀ ਗੱਲਬਾਤ ਕਰਦਿਆਂ ਉਹਨਾਂ ਨੂੰ ਬੇਟੇ ਦੀ ਬੇਵਕਤ ਮੌਤ ਦੇ ਦੁੱਖ ਚੋਂ ਵਾਰ-ਵਾਰ ਗੁਜ਼ਰਨਾ ਪਿਆ. ਪਾਰਥ ਦੇ ਮਾਤਾ-ਪਿਤਾ ਕਈ ਵਾਰ ਭਾਵੁਕ ਹੋਏ, ਅੱਖਾਂ ਭਰ ਆਈਆਂ. ਕਈ ਵਾਰ ਵੱਜੀ ਮੋਬਾਈਲ ਫੋਨ ਦੀ ਘੰਟੀ ਉਹਨਾਂ ਨੂੰ ਬੇਧਿਆਨ ਕਰ ਦਿੰਦੀ. ਧੰਨਵਾਦ ਕਰਦਿਆਂ ਉੱਠੇ ਤਾਂ ਸਾਡੇ ਮਨ ਵੀ ਭਰੇ ਹੋਏ ਸਨ.
ਦਿਮਾਗੀ ਮੌਤ ਬਾਰੇ ਕੁਝ ਗਲਾਂ ਸਿਰਫ ਮਾਹਰ ਡਾਕਟਰ ਹੀ ਦੱਸ ਸਕਦਾ ਸੀ. ਡਾਕਟਰ ਵਿਪਨ ਗੁਪਤਾ ਨਿਊਰੋ ਸਰਜਨ ਜਿਨ੍ਹਾਂ ਨੇ ਪਾਰਥ ਦੇ ਸਿਰ ਦਾ ਅਪ੍ਰੇਸ਼ਨ ਕੀਤਾ ਨਾਲ ਹੋਈ ਗੱਲਬਾਤ ਦੇ ਅੰਸ਼:
ਸੁਆਲ: ਆਮ ਮੌਤ ਤੇ ਦਿਮਾਗੀ ਮੌਤ ਵਿੱਚ ਕੀ ਫਰਕ ਹੈ ?
ਡਾ. ਵਿਪਨ: ਆਮ ਮੌਤ ਚ ਕੀ ਹੁੰਦਾ ਕਿ ਜਦੋਂ ਕਿਸੇ ਦਾ ਦਿਲ ਰੁਕ ਜਾਂਦਾ, ਧੜਕਣ ਬੰਦ ਹੋਗੀ ਅਸੀਂ ਮੰਨ ਲੈਂਦੇ ਹਾਂ ਕਿ ਇਹ ਬੰਦਾ ਮਰ ਗਿਆ. ਪਰ ਦਿਮਾਗੀ ਮੌਤ ਚ ਕੀ ਹੁੰਦਾ ਉਸਦੇ ਬਾਕੀ ਅੰਗ ਸਹੀ ਕੰਮ ਕਰਦੇ ਰਹਿੰਦੇ ਨੇ ਸਿਰਫ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਐ. ਪਰ ਮਰੀਜ਼ ਨੂੰ ਸਾਹ ਨਹੀਂ ਆਏਗਾ. ਸਾਹ ਨੂੰ ਦਿਮਾਗ ਕੰਟਰੋਲ ਕਰਦਾ. ਪਰ ਦਿਮਾਗੀ ਮੌਤ ਵਾਲਾ ਬੰਦਾ ਅਸਲ ਵਿੱਚ ਮਰਿਆ ਹੋਇਆ ਹੀ ਹੁੰਦੈ, ਉਸ ਦੇ ਜਿਉਂਦੇ ਹੋਣ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੁੰਦੀ. ਇਸ ਤਰ੍ਹਾਂ ਜੇਕਰ ਕਿਸੇ ਬੰਦੇ ਦਾ ਦਿਮਾਗ ਬਿਲਕੁਲ ਕੰਮ ਕਰਨਾ ਬੰਦ ਕਰ ਦੇਵੇ ਤਾਂ ਅਸੀਂ ਉਸਨੂੰ ਦਿਮਾਗੀ ਮੌਤ ਕਹਿੰਦੇ ਹਾਂ ਪਰ ਮਰਿਆ ਹੋਇਆ ਨਹੀਂ ਕਹਿੰਦੇ ਕਿਉਂਕਿ ਉਸਦਾ ਦਿਲ ਕੰਮ ਕਰ ਰਿਹਾ, ਉਸ ਦੀਆਂ ਕਿਡਨੀਆਂ ਕੰਮ ਕਰ ਰਹੀਆਂ, ਅੰਤੜੀਆਂ ਕੰਮ ਕਰ ਰਹੀਆਂ, ਖੂਨ ਦਾ ਦੌਰਾ ਚਲਦਾ ਰਹਿੰਦੈ ਕਿਉਂਕਿ ਦਿਲ ਧੜਕ ਰਿਹਾ. ਚਮੜੀ ਠੀਕ ਰਹਿੰਦੀ. ਜੇਕਰ ਉਸਦੇ ਅੰਦਰ ਖਾਣਾ ਜਾਂਦਾ ਰਹੇਗਾ ਤਾਂ ਹਜ਼ਮ ਹੁੰਦਾ ਰਹੇਗਾ. ਪਰ ਇਸਦਾ ਕੋਈ ਮਤਲਬ ਨਹੀਂ ਹੈ. ਉਸਨੂੰ ਵੈਂਟੀਲੇਟਰ ਤੇ ਹੀ ਰੱਖਣਾ ਪਏਗਾ. ਉਸਨੂੰ ਆਪਣੇ ਆਲੇ ਦੁਆਲੇ ਕੀ ਹੋ ਰਿਹਾ ਕੁੱਝ ਪਤਾ ਨਹੀਂ ਹੁੰਦਾ. ਆਪ ਸਾਹ ਲੈਣ ਦੀ ਕੋਈ ਕੋਸ਼ਿਸ਼ ਨਹੀਂ ਹੁੰਦੀ. ਪੁਤਲੀਆਂ ਕੋਈ ਕਿਰਿਆ/ ਪ੍ਰਤੀਕਿਰਿਆ ਨਹੀਂ ਕਰਦੀਆਂ. ਜੇ ਉਸਦੀ ਈ. ਈ. ਜੀ. ਕਰੀਏ ਤਾਂ ਕੋਈ ਐਕਟੀਵਿਟੀ ਨਜ਼ਰ ਨਹੀਂ ਆਏਗੀ. ਸਿੱਧੀ ਲਕੀਰ ਨਜ਼ਰ ਆਏਗੀ. ਇਕ ਲਾਈਨ ਵਿੱਚ ਗੱਲ ਮੁਕਾਉਣੀ ਹੋਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਦਿਮਾਗੀ ਮੌਤ ਵਾਲਾ ਬੰਦਾ ਮਰਿਆ ਹੋਇਆ ਹੀ ਹੁੰਦਾ ਪਰ ਉਸਦਾ ਦਿਲ ਧੜਕਦਾ ਰਹਿੰਦਾ.
ਸੁਆਲ: ਕੀ ਅਸੀਂ ਅਜਿਹੇ ਦਿਮਾਗੀ ਮੌਤ ਵਾਲੇ ਬੰਦੇ ਨੂੰ ਮਰਿਆ ਹੋਇਆ ਘੋਸ਼ਿਤ ਕਰ ਸਕਦੇ ਹਾਂ, ਕਿ ਉਹਦਾ ਵੈਂਟੀਲੇਟਰ ਉਤਾਰ ਦਿਤਾ ਜਾਵੇ, ਤੇ ਇਲਾਜ ਬੰਦ ਕਰ ਦਿਤਾ ਜਾਵੇ?
ਡਾ. ਵਿਪਨ: ਨਹੀਂ, ਭਾਰਤੀ ਕਨੂੰਨ ਮੁਤਾਬਕ ਅਸੀਂ ਉਸਦਾ ਵੈਂਟੀਲੇਟਰ ਨਹੀਂ ਉਤਾਰ ਸਕਦੇ. ਅਸੀਂ ਉਸਦਾ ਆਪ ਇਲਾਜ ਬੰਦ ਨਹੀਂ ਕਰ ਸਕਦੇ. ਪਰ ਅਸੀਂ ਸਾਰੀ ਹਾਲਤ ਬਾਰੇ ਪਰਵਾਰ ਨੂੰ ਦੱਸ ਦਿੰਦੇ ਹਾਂ. ਆਮ ਮੌਤ ਮਰਨ ਵਾਲੇ ਦੇ ਮੁਕਾਬਲੇ ਦਿਮਾਗੀ ਮੌਤ ਵਾਲੇ ਬੰਦੇ ਕੋਲ ਬਹੁਤ ਸਾਰੀਆਂ ਜਿੰਦਗੀਆਂ ਬਚਾ ਲੈਣ ਦਾ ਮੌਕਾ ਹੁੰਦਾ ਹੈ. ਅਸੀਂ ਪਰਵਾਰ ਨੂੰ ਇਸ ਮੌਕੇ ਠੀਕ ਫੈਸਲਾ ਲੈਣ ਲਈ ਪ੍ਰੇਰਤ ਕਰਦੇ ਹਾਂ. ਬਹੁਤ ਸਾਰੇ ਦੇਸ਼ਾਂ ਵਿੱਚ ਦਿਮਾਗੀ ਮੌਤ ਵਾਲੇ ਬੰਦੇ ਨੂੰ ਮਰ ਚੁੱਕਾ ਹੀ ਲਿਆ ਜਾਂਦਾ ਹੈ. ਜੇਕਰ ਉਸਦੇ ਪਰਵਾਰ ਵਾਲੇ ਅੰਗਦਾਨ ਬਾਰੇ ਹਾਂ ਕਰਦੇ ਹਨ ਤਾਂ ਠੀਕ ਨਹੀਂ ਤਾਂ ਇਲਾਜ ਬੰਦ ਕਰ ਦਿੱਤਾ ਜਾਂਦਾ ਹੈ.
ਦਿਮਾਗੀ ਮੌਤ ਵਾਲੇ ਕਈ ਕੇਸ ਅਜਿਹੇ ਵੀ ਹੁੰਦੇ ਹਨ ਜੋ ਅੰਗ ਦੇਣ ਦੇ ਯੋਗ ਨਹੀਂ ਹੁੰਦੇ. ਜੇਕਰ ਕੋਈ ਇਨਫੈਕਸ਼ਨ ਸਰੀਰ ਵਿੱਚ ਫੈਲਿਆ ਹੋਇਆ ਹੈ, ਉਸ ਕੇਸ ਵਿੱਚ ਅੰਗ ਨਹੀਂ ਲਾਏ ਜਾ ਸਕਦੇ.
ਸੁਆਲ: ਕਿੰਨੇ ਅੰਗ ਕਿਸੇ ਲੋੜਵੰਦਾਂ ਨੂੰ ਲਾਏ ਜਾ ਸਕਦੇ ਐ?
ਡਾ. ਵਿਪਨ: ਚੌਂਤੀ ਪੈਂਤੀ ਅੰਗ ਟਰਾਂਸਪਲਾਂਟ ਹੋ ਸਕਦੇ ਐ. ਪਰ ਜਿਆਦਾ ਕੇਸਾਂ ਵਿੱਚ ਅੱਖਾਂ, ਕਿਡਨੀਆਂ, ਦਿਲ, ਲਿਵਰ ਲੱਗ ਸਕਦਾ. ਆਂਤੜੀਆਂ, ਚਮੜੀ, ਹੱਡੀਆਂ, ਬਲੱਡ-ਵੈਸਲਜ਼ ਵਗੈਰਾ ਵੀ ਕੰਮ ਆ ਜਾਂਦੇ ਆ . ਪਰ ਦਿਮਾਗ ਨਹੀਂ ਬਦਲਿਆ ਜਾ ਸਕਦਾ.
ਸੁਆਲ: ਕੋਈ ਮਰੀਜ਼ ਦਿਮਾਗੀ ਤੌਰ ਤੇ ਠੀਕ ਨਾ ਹੋਣ ਵਾਲੀ ਹਾਲਤ ਵਿੱਚ ਯਾਨਿ ਦਿਮਾਗੀ ਤੌਰ ਤੇ ਮਰ ਚੁਕਾ ਹੈ, ਇਸਦਾ ਫੈਸਲਾ ਕਿਵੇਂ ਕੀਤਾ ਜਾਂਦਾ ਹੈ?
ਡਾ. ਵਿਪਨ: ਦਿਮਾਗੀ ਮੌਤ ਹੋਣ ਦਾ ਫੈਸਲਾ ਇਕ ਡਾਕਟਰ ਹੀ ਨਹੀਂ ਕਰਦਾ. ਉਹਦੇ ਵਾਸਤੇ ਅੰਤਰਰਾਸ਼ਟਰੀ ਪੱਧਰ ਤੇ ਨਿਰਧਾਰਤ ਸਿਸਟਮ/ ਨਿਯਮ ਹਨ. ਦਿਮਾਗੀ ਮੌਤ ਐਲਾਨਣ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਕਿ ਕੀ ਬੰਦੇ ਦਾ ਖੂਨ ਦਾ ਦਬਾਅ, ਤੇ ਤਾਪਮਾਨ ਠੀਕ ਹੈ. ਜੇਕਰ ਮਰੀਜ਼ ਦਾ ਤਾਪਮਾਨ ਕਾਫੀ ਘੱਟ ਹੋ ਜਾਵੇ ਉਸ ਹਾਲਤ ਵਿੱਚ ਵੀ ਮਰੀਜ਼ ਦੀ ਦਿਮਾਗੀ ਸਰਗਰਮੀ ਬੰਦ ਹੋਣ ਵਰਗੇ ਲੱਛਣ ਸਾਹਮਣੇ ਆਉਂਦੇ ਨੇ, ਪਰ ਉਸ ਹਾਲਤ ਵਿੱਚ ਉਹ ਬਰੇਨ-ਡੈਡ ਨਹੀਂ ਹੈ. ਜਾਂ ਉਹਦੇ ਸਰੀਰ ਵਿੱਚ ਕੋਈ ਦਵਾਈ ਤਾਂ ਨਹੀਂ ਜਿਹਦੇ ਕਰਕੇ ਉਹ ਦਿਮਾਗੀ-ਮ੍ਰਿਤਕ ਬੰਦੇ ਵਾਂਗ ਲੱਗ ਰਿਹਾ ਹੈ. ਸੋਡੀਅਮ, ਪੋਟਾਸ਼ੀਅਮ ਵਗੈਰਾ ਦਾ ਲੈਵਲ ਠੀਕ ਹੈ. ਫਿਰ ਡਾਕਟਰਾਂ ਦੀਆਂ ਦੋ ਟੀਮਾਂ ਅਲੱਗ-ਅਲੱਗ ਟੈਸਟ ਕਰਦੀਆਂ ਇਹ ਦੇਖਣ ਲਈ ਕਿ ਕਿਤੇ ਦਿਮਾਗ ਵਿੱਚ ਕੋਈ ਸਰਗਰਮੀ ਹੈ ਜਾਂ ਨਹੀਂ. ਦੋਵੇਂ ਟੀਮਾਂ ਨੂੰ ਦੂਜੀ ਟੀਮ ਦੇ ਕੀਤੇ ਟੈਸਟਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ. ਇਹ ਟੈਸਟਾਂ ਵਿੱਚ ਤਕਰੀਬਨ ਬਾਰਾਂ ਘੰਟੇ ਦਾ ਵਕਫਾ ਹੁੰਦਾ. ਇਹਨਾਂ ਟੈਸਟਾਂ ਵਿੱਚ ਅੱਖਾਂ ਦੀਆਂ ਪੁਤਲੀਆਂ, ਕੰਨਾਂ ਵਿੱਚ ਗਰਮ-ਠੰਡੇ ਦਾ ਪ੍ਰਭਾਵ, ਵੈਂਟੀਲੇਟਰ ਕੁੱਝ ਸਮੇਂ ਲਈ ਹਟਾ ਕੇ ਦੇਖਣਾ ਕਿ ਕਿਤੇ ਉਹ ਖੁਦ ਕੋਈ ਸਾਹ ਲੈਣ ਲਈ ਕੋਸ਼ਿਸ਼ ਕਰਦਾ, ਜਾਂ ਕੋਈ ਹਿਚਕੀ ਵਗੈਰਾ ਲੈਂਦਾ. ਇਹ ਦੋਵੇਂ ਟੀਮਾਂ ਜੇਕਰ ਆਪਣੇ ਟੈਸਟਾਂ ਤੋਂ ਬਾਦ ਇਸ ਸਿੱਟੇ ਤੇ ਪਹੁੰਚਦੀਆਂ ਕਿ ਮਰੀਜ਼ ਦਿਮਾਗੀ ਤੌਰ ਤੇ ਖਤਮ ਹੋ ਚੁਕਾ ਤਾਂ ਉਸਨੂੰ ਦਿਮਾਗੀ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ ਹੈ.
ਸੁਆਲ: ਦਿਮਾਗੀ ਮੌਤ ਤੋਂ ਬਾਦ ਅੰਗਦਾਨ ਕਰਨ ਦਾ ਫੈਸਲਾ ਲੈਣ ਵਿੱਚ ਮੁਸ਼ਕਲ ਕਿਉਂ ਹੁੰਦੀ ਹੈ?
ਡਾ. ਵਿਪਨ: ਅੰਗਦਾਨ ਲਈ ਸੱਭ ਤੋਂ ਵੱਡੀ ਅੜਚਨ / ਅੜਿੱਕਾ ਇਹ ਸੋਚ ਹੈ ਕਿ ਜੇ ਇਸ ਜਨਮ ਵਿੱਚ ਅੰਗਦਾਨ ਕਰ ਦਿੱਤਾ ਤਾਂ ਅਗਲੇ ਜਨਮ ਵਿੱਚ ਇਹ ਬੱਚਾ ਅਪਾਹਜ ਪੈਦਾ ਹੋਏਗਾ. ਕਈ ਇਹ ਵੀ ਸੋਚਦੇ ਹਨ ਕਿ ਜੇ ਮੌਤ ਇੰਜ ਹੀ ਲਿਖੀ ਹੈ ਤਾਂ ਇੰਜ ਹੀ ਕਬੂਲ ਹੈ. ਜਾਂ ਇਹ ਵੀ ਕਿ ਜਿੰਨੇ ਸਾਹ ਲਿਖੇ ਨੇ ਉਂਨੇ ਭੋਗਕੇ ਹੀ ਮਰਨਾ, ਫਿਰ ਅਸੀਂ ਕੌਣ ਹੁੰਦੇ ਹਾਂ ਪਹਿਲਾਂ ਫੈਸਲਾ ਕਰਨ ਵਾਲੇ. ਦੂਸਰਾ ਕਾਰਣ ਕਿਤੇ ਨਾ ਕਿਤੇ ਡਾਕਟਰ ਦੇ ਦਿਮਾਗੀ ਮੌਤ ਦੇ ਲਏ ਫੈਸਲੇ ਪ੍ਰਤੀ ਅਸ਼ੰਕਾ ਵੀ ਹੁੰਦੀ ਹੈ. ਉਸਦੇ ਜਿਉਂਦੇ ਹੋ ਸਕਣ ਦੀ ਆਸ ਵੀ ਫੈਸਲਾ ਲੈਣ ਵਿੱਚ ਰੋਕ ਬਣਦੀ ਹੈ.
ਸੁਆਲ: ਆਮ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਤ ਕਰਨ ਲਈ ਕੀ ਕਰਨਾ ਚਾਹੀਦਾ?
ਡਾ. ਵਿਪਨ: ਇੱਕ ਤਾਂ ਤੁਸੀਂ ਕਰ ਹੀ ਰਹੇ ਹੋ ਕਿ ਜਿਹੜੇ ਲੋਕ ਪਹਿਲਾਂ ਅੰਗਦਾਨ ਕਰਨ ਦਾ ਇਹ ਕੰਮ ਕਰ ਚੁਕੇ ਨੇ ਲੋਕਾਂ ਨੂੰ ਉਸ ਤੋਂ ਜਾਣੂ ਕਰਾਇਆ ਜਾਵੇ. ਮੇਰੇ ਮੁਤਾਬਕ ਜੋ ਪਰਵਾਰ ਅੰਗਦਾਨ ਕਰਨ ਦਾ ਫੈਸਲਾ ਲੈਂਦਾ ਉਸ ਪਰਵਾਰ ਦਾ ਕਾਰਡ ਬਣ ਜਾਣਾ ਚਾਹੀਦਾ. ਉਸ ਪਰਵਾਰ ਨੂੰ ਜੇਕਰ ਮੁਫਤ ਨਹੀਂ ਤਾਂ ਘੱਟੋ ਘੱਟ ਪਹਿਲ ਦੇ ਆਧਾਰ ਤੇ ਇਲਾਜ ਦੇਣਾ ਚਾਹੀਦਾ. ਹਾਲਾਂਕਿ ਪਰਵਾਰ ਨੇ ਕਿਸੇ ਲਾਲਚ ਕਰਕੇ ਅੰਗਦਾਨ ਦਾ ਫੈਸਲਾ ਨਹੀਂ ਲਿਆ ਹੁੰਦਾ. ਪਰ ਜਿਨ੍ਹਾਂ ਭਾਵਕ ਤੇ ਮੁਸ਼ਕਲ ਹਾਲਤਾਂ ਵਿੱਚ ਫੈਸਲਾ ਕੀਤਾ ਹੁੰਦਾ, ਇਹ ਆਪਣੇ ਆਪ ਵਿੱਚ ਹੀ ਇੱਕ ਵੱਡਾ ਫੈਸਲਾ ਹੁੰਦਾ. ਅਜਿਹਾ ਫੈਸਲਾ ਕਰਕੇ ਉਸਨੇ ਕਿੰਨੀਆਂ ਜਾਨਾਂ ਬਚਾ ਸਕਣ ਦੇ ਮਿਲੇ ਮੌਕੇ ਨੂੰ ਅਜਾਈਂ ਨਹੀਂ ਜਾਣ ਦਿੱਤਾ ਹੁੰਦਾ. ਅਜਿਹੇ ਪਰਵਾਰਾਂ ਨੂੰ ਜ਼ਰੂਰ ਖਾਸ ਸਨਮਾਨ ਮਿਲਣਾ ਚਾਹੀਦਾ.
ਮੋਬ:98555-30721