Hits: 2178

ਤਰਕਸ਼ੀਲਾਂ ਨੇ ਪਿੰਡ ਵਾਸੀਆਂ ਨੂੰ ਅੰਧਵਿਸ਼ਵਾਸਾਂ ਵਿਰੁੱਧ ਫਿਲਮਾਂ ਦਿਖਾ ਕੇ ਜਾਗਰੁਕ ਕੀਤਾ

ਮੋਹਾਲੀ, 26 ਅਪ੍ਰੈਲ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੋਕਾਂ ਨੂੰ ਵਿਗਿਆਨਿਕ ਸੋਚ ਪ੍ਰਤੀ ਚੇਤਨ ਕਰਨ ਦੀ ਮੁਹਿੰਮ ਪਿੰਡਾਂ ਵਿੱਚ ਲਗਾਤਾਰ ਜਾਰੀ ਹੈ. ਸੁਸਾਇਟੀ ਦੀ ਇਕਾਈ ਮੋਹਾਲੀ ਵੱਲੋਂ ਮੋਹਾਲੀ ਨੇੜਲੇ ਪਿੰਡ ਕੰਸਾਲਾ ਦੀ ਪੰਚਾਇਤ ਦੇ ਸਹਿਯੋਗ ਨਾਲ ਸੱਚੀਆਂ ਘਟਨਾਵਾਂ ਤੇ ਅਧਾਰਿਤ ਫਿਲਮਾਂ ਦਿਖਾਈਆਂ ਗਈਆਂ.

ਤਰਕਸ਼ੀਲਾਂ ਨੇ ਇਸ ਮੌਕੇ ਜਾਦੂ ਦੇ ਟਰਿੱਕ ਵੀ ਵਿਖਾਏ ਤੇ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਉਹਨਾਂ ਨੂੰ ਸਦੀਆਂ ਤੋਂ ਚਲਦੇ ਆ ਰਹੇ ਅੰਧਵਿਸ਼ਵਾਸਾਂ ਵਿੱਚੋਂ ਨਿੱਕਲਣ ਦੀ ਅਪੀਲ ਕੀਤੀ. ਇਸ ਤੋਂ ਪਹਿਲਾਂ ਵੀ ਤਰਕਸ਼ੀਲਾਂ ਨੇ ਨੇੜਲੇ ਪਿੰਡ ਰਾਣੀਮਾਜਰਾ ਵਿਖੇ ਫਿਲਮਾਂ ਦਿਖਾਈਆਂ ਸਨ. ਪ੍ਰੋਗਰਾਮ ਦੌਰਾਨ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਸਰਕਾਰਾਂ, ਅੰਧਵਿਸ਼ਵਾਸਾਂ ਚੋਂ ਲੋਕਾਂ ਨੂੰ ਕੱਢਣ ਲਈ ਬਿਲਕੁਲ ਵੀ ਗੰਭੀਰ ਨਹੀਂ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਅਜਿਹਾ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਲੋਕਾਂ ਨੂੰ ਜਾਗਰੂਕਤਾ ਹਾਸਲ ਹੋ ਸਕੇ. ਤਰਕਸ਼ੀਲ ਆਗੂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚਲਦੇ ਅੰਧਵਿਸ਼ਾਵਾਸਾਂ ਉਪਰ ਵਿਗਿਆਨਿਕ ਦਲੀਲਾਂ ਨਾਲ ਕਟਾਕਸ਼ ਕੀਤਾ. ਉਹਨਾਂ ਕਿਹਾ ਕਿ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦੇ ਪੜੇ-ਲਿਖੇ ਲੋਕ ਵੀ ਲੱਖਾਂ ਰੁਪਏ ਦੇ ਘਰ ਬਣਾ ਕੇ ਉਸ ਤੇ ਕਾਲੇ ਰੰਗ ਦਾ ਨਜਰਬੱਟੂ ਟੰਗ ਦਿੰਦੇ ਹਨ ਤਾਂ ਕਿ ਉਸ ਨੂੰ ਕਿਸੇ ਦੀ ਨਜਰ ਨਾ ਲੱਗੇ. ਤਰਕਸ਼ੀਲ ਆਗੂ ਨੇ ਕਿਹਾ ਕਿ ਨਜਰ ਲੱਗਣ ਦਾ ਵਹਿਮ ਬਿਲਕੁਲ ਬਕਵਾਸ ਹੈ ਕਿ ਕਿਉਂਕਿ ਅੱਖਾਂ ਚੋਂ ਅਜਿਹੀ ਕੋਈ ਚੀਜ ਨਹੀਂ ਨਿੱਕਲਦੀ ਜਿਸ ਨਾਲ ਕਿਸੇ ਅਗਲੀ ਚੀਜ ਦਾ ਨੁਕਸਾਨ ਹੋ ਸਕੇ. ਉਹਨਾਂ ਕਿਹਾ ਕਿ ਅਸੀਂ ਇਸ ਲਈ ਦੇਖਦੇ ਹਾਂ ਕਿ ਕਿਉਂਕਿ ਰੌਸ਼ਨੀ ਸੱਭ ਤੋਂ ਪਹਿਲਾਂ ਉਸ ਚੀਜ ਤੇ ਪੈਂਦੀ ਹੈ ਜਿਸ ਨੂੰ ਅਸੀਂ ਦੇਖ ਰਹੇ ਹੁੰਦੇ ਹਾਂ ਉਸ ਤੋਂ ਬਾਅਦ ਹੀ ਸਾਡੀਆਂ ਅੱਖਾਂ ਚ ਉਸ ਦਾ ਪ੍ਰਤੀਬਿੰਬ ਬਣਦਾ ਹੈ. ਉਹਨਾਂ ਸਾਰੇ ਪਿੰਡ ਵਾਸੀਆਂ ਨੂੰ ਆਪੋ-ਆਪਣੇ ਘਰਾਂ ਚੋਂ ਨਜਰਬੱਟੂ ਉਤਾਰਨ ਦੀ ਅਪੀਲ ਕੀਤੀ. ਇਕਾਈ ਮੋਹਾਲੀ ਦੇ ਜੱਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋਤਿਸ਼ ਇੱਕ ਤੁੱਕਾ ਹੈ ਤੇ ਲੋਕਾਂ ਨੂੰ ਜਨਮਪੱਤਰੀਆਂ ਦੇ ਨਾਂ ਹੇਠ ਸਾਰੀ ਉਮਰ ਬੇਵਕੂਫ ਬਣਾਇਆ ਜਾਂਦਾ ਹੈ ਤੇ ਠੱਗਿਆ ਜਾਂਦਾ ਹੈ. ਉਹਨਾਂ ਕਿਹਾ ਕਿ ਨੌਜਵਾਨ ਸਿਰਫ ਨੌਕਰੀਆਂ ਲਈ ਨਾ ਪੜਨ ਸਗੋਂ ਪੜਾਈ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਵੀ ਕਰਨ. ਪ੍ਰੋਗਰਾਮ ਦੌਰਾਨ ਔਰਤਾਂ, ਬੱਚਿਆਂ, ਨੌਜਵਾਨਾਂ ਤੇ ਬਜੁਰਗਾਂ ਦੀ ਵੱਡੀ ਗਿਣਤੀ ਹਾਜਰ ਸੀ. ਸੁਸਾਇਟੀ ਕਾਰਕੁੰਨਾਂ ਨੇ ਸੱਚੀਆਂ ਘਟਨਾਵਾਂ ਤੇ ਅਧਾਰਿਤ ਦੋ ਫਿਲਮਾਂ ‘ਪੁਨਰ ਜਨਮ’ ਅਤੇ ‘ਪਿੰਡ ਚ ਅੱਗ ਲੱਗਣਾ ਦਿਖਾਈਆਂ’ ਜਿਸ ਨੂੰ ਲੋਕਾਂ ਖਾਸਕਰ ਔਰਤਾਂ ਨੇ ਬਹੁਤ ਸਰਾਹਿਆ. ਤਰਕਸ਼ੀਲਾਂ ਨੇ ਸਮਾਗਮ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ. ਪੂਰੇ ਪ੍ਰੋਗਰਾਮ ਦੌਰਾਨ ਸਰਪੰਚ ਪਰਮਜੀਤ ਕੌਰ ਅਤੇ ਹੋਰ ਪੰਚਾਇਤ ਮੈਂਬਰ ਵੀ ਹਾਜਰ ਸਨ. ਬਜੁਰਗ ਨਿਰਵੈਰ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਤਰਕਸ਼ੀਲਾਂ ਦੇ ਪ੍ਰੋਗਰਮਾਂ ਦੀ ਸ਼ਲਾਘਾ ਕੀਤੀ ਅਤੇ ਮੁੜ ਫੇਰ ਬੁਲਾਉਣ ਦਾ ਵਾਅਦਾ ਕੀਤਾ. ਇਸ ਸਮੇਂ ਦੌਰਾਨ ਗੋਰਾ ਹੁਸ਼ਿਆਰਪੁਰੀ, ਹਰਵਿੰਦਰ ਹੁਸ਼ਿਆਰਪੁਰੀ, ਬਲਵਿੰਦਰ ਬਟੇਲਾ, ਹਰਪ੍ਰੀਤ ਅਤੇਅਰਵਿੰਦਰ ਕੌਰ ਆਦਿ ਤਰਕਸ਼ੀਲ ਕਾਰਕੁੰਨ ਹਾਜਰ ਸਨ.