Hits: 1331

ਖ਼ੇਤੀ ਕਾਨੂੰਨ ਕਿਰਤ ਵਿਰੋਧੀ ਤੇ ਸਾਰੇ ਵਰਗਾਂ ਦੇ ਲੋਕਾਂ ਲਈ ਘਾਤਕ: ਡਾ. ਸੁਖਦੇਵ

 ਬਰਗਾੜੀ ਯਾਦਗਾਰੀ ਐਵਾਰਡ ਨਾਲ ਬਲਵੀਰ ਪਰਵਾਨਾ ਦਾ ਸਨਮਾਨ

ਬਰਨਾਲਾ, 7 ਫਰਵਰੀ (ਅਜਾਇਬ ਜਲਾਲਆਣਾ): ਸਥਾਨਕ ਤਰਕਸ਼ੀਲ ਭਵਨ ਵਿੱਚ ਹੋਏ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਮਾਗਮ ਵਿੱਚ ਸਾਹਿਤਕਾਰ ਬਲਵੀਰ ਪਰਵਾਨਾ ਦੇ ਸਨਮਾਨ ਦੇ ਨਾਲ ਨਾਲ ਖੇਤੀ ਕਾਨੂੰਨਾਂ ਦੇ ਹਰ ਵਰਗ ਦੇ ਲੋਕਾਂ ਉੱਪਰ ਪੈਣ ਵਾਲੇ ਦੁਰ ਪ੍ਰਭਾਵਾਂ ਤੇ ਸੰਵਾਦ ਰਚਾਇਆ ਗਿਆ. ਸਮਾਗ਼ਮ ਵਿੱਚ ਪੰਜਾਬ ਭਰ ਤੋਂ ਪੁੱਜੇ ਤਰਕਸ਼ੀਲ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਕ੍ਰਿਸ਼ਨ ਬਰਗਾੜੀ ਦਾ ਸਮਾਜ ਤੇ ਤਰਕਸ਼ੀਲ ਲਹਿਰ ਲਈ ਯੋਗਦਾਨ ਮਿਸਾਲੀ ਹੈ. ਜਿਸ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਾਸਾਰ ਲਈ ਉਸ ਮਰਹੂਮ ਆਗੂ ਨੇ ਆਪਣਾ ਜੀਵਨ ਲੇਖੇ ਲਾਇਆ ਉਹੋ ਚੇਤਨਾ ਹੱਕੀ ਸੰਘਰਸ਼ਾਂ ਨੂੰ ਬਲ ਦੇ ਰਹੀ ਹੈ. ਸਮਾਰੋਹ ਵਿੱਚ 19ਵਾਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਪੁਰਸਕਾਰ ਸਹਿਤਕਾਰ ਬਲਵੀਰ ਪਰਵਾਨਾ ਨੂੰ ਦਿੱਤਾ ਗਿਆ. ਇਸ ਮੌਕੇ ਬੋਲਦਿਆਂ ਉਹਨਾਂ ਆਖਿਆ ਕਿ ਕਲਮ ਦਾ ਕਰਤੱਵ ਜ਼ਿੰਦਗੀ ਦੀ ਬੇਹਤਰੀ ਲਈ ਸਮਾਜ ਦਾ ਸ਼ੀਸ਼ਾ ਬਣਨਾ ਹੈ. ਉਹ ਇਸੇ ਉਦੇਸ਼ ਨਾਲ ਸਾਹਿਤ ਦੇ ਖੇਤਰ ਵਿੱਚ ਕਾਰਜਸ਼ੀਲ ਹਨ. ਬਲਵੀਰ ਪਰਵਾਨਾ ਦੀ ਲਿਖਣ ਕਲਾ ਨੂੰ ਤਰਕਸ਼ੀਲ ਚਿੰਤਕ ਰਾਜਪਾਲ ਸਿੰਘ ਨੇ ਯਥਾਰਥਵਾਦੀ ਤੇ ਹੱਕ ਸੱਚ ਦੀ ਗਾਥਾ ਆਖਦਿਆਂ ਸਰਾਹਨਾ ਕੀਤੀ.

ਸਮਾਰੋਹ ਦੇ ਦੂਸਰੇ ਪੜਾਅ ਵਿੱਚ ਖੇਤੀ ਕਾਨੂੰਨਾਂ ਤੇ ਸੈਮੀਨਾਰ ਕਰਵਾਇਆ ਗਿਆ. ਜਿਸ ਵਿੱਚ ਬੋਲਦਿਆਂ ਉੱਘੇ ਚਿੰਤਕ ਡਾ. ਸੁਖਦੇਵ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਹੇਠ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਕਿਸਾਨ ਵਿਰੋਧੀ ਤੇ ਸਾਰੇ ਵਰਗਾਂ ਦੇ ਲੋਕਾਂ ਦਾ ਘਾਣ ਕਰਨ ਵਾਲ਼ੇ ਹਨ. ਉਹਨਾਂ ਆਖਿਆ ਕਿ ਫਾਸ਼ੀਵਾਦੀ ਹਕੂਮਤ ਵੱਲੋਂ ਸਿਹਤ, ਸਿੱਖਿਆ ਤੇ ਰੁਜ਼ਗਾਰ ਉੱਪਰ ਕੀਤੇ ਗਏ ਹਮਲਿਆਂ ਤੋਂ ਬਾਅਦ ਉਹ ਭੋਜਨ ਸੁਰੱਖਿਆ ਤੇ ਹਮਲਾ ਹੈ. ਉਹਨਾਂ ਸਪੱਸ਼ਟ ਕੀਤਾ ਕਿ ਖੇਤੀ ਕਾਨੂੰਨਾਂ ਦਾ ਦੁਰ ਪ੍ਰਭਾਵ ਜਨਤਕ ਵੰਡ ਪ੍ਰਣਾਲੀ ਦਾ ਲਾਭ ਲੈਣ ਵਾਲੇ 84 ਕਰੋੜ ਭਾਰਤੀਆਂ ਨੂੰ ਭੁੱਖੇ ਮਰਨ ਲਈ ਮਜਬੂਰ ਕਰੇਗਾ, ਜਿੰਨ੍ਹਾਂ 'ਚ ਪੰਜਾਬ ਵਿਚਲੀ ਡੇਢ ਕਰੋੜ ਵੱਸੋਂ ਵੀ ਸ਼ਾਮਲ ਹੈ. ਮੁੱਖ ਵਕਤਾ ਨੇ ਆਖਿਆ ਕਿ ਕਾਲੇ ਖੇਤੀ ਕਾਨੂੰਨ ਆਤਮ ਨਿਰਭਰਤਾ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਕਿਰਤ ਦੀ ਲੁੱਟ ਕਰਨ ਦੀ ਖੁੱਲ੍ਹੀ ਛੋਟ ਦਿੰਦੇ ਹਨ. ਉਹਨਾਂ ਆਸ ਪ੍ਰਗਟਾਈ ਕਿ ਇਨ੍ਹਾਂ ਕਾਨੂੰਨਾਂ ਖਿਲਾਫ਼ ਏਕੇ ਤੇ ਹੱਕੀ ਸੰਘਰਸ਼ ਦਾ ਸ਼ਾਨਾਮੱਤਾ ਨਤੀਜਾ ਹੋਵੇਗਾ.

ਸਮਾਰੋਹ ਵਿੱਚ ਲੋਕ ਗਾਇਕ ਜਗਸੀਰ ਜੀਦਾ ਨੇ ਆਪਣੇ ਲੋਕ ਪੱਖੀ ਗੀਤਾਂ ਨਾਲ ਹਾਜ਼ਰੀ ਲਗਵਾਈ. ਸਮਾਗਮ ਵਿੱਚ ਕਾਲੇ ਖੇਤੀ ਕਾਨੂੰਨ ਰੱਦ ਕਰਨ,ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀ/ਪੱਤਰਕਾਰ ਰਿਹਾ ਕਰਨ, ਕਿਸਾਨਾਂ ਤੇ ਜ਼ਬਰ ਬੰਦ ਕਰਨ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਬਹਾਲ ਕਰਨ ਤੇ ਕਿਸਾਨ ਘੋਲ ਵਿੱਚੋਂ ਬਿਨਾ ਕਸੂਰ ਜੇਲ੍ਹ ਡੱਕੀ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਤੁਰੰਤ ਰਿਹਾ ਕਰਨ ਦੇ ਮਤੇ ਪਾਸ ਕੀਤੇ ਗਏ. ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਹੇਮ ਰਾਜ ਸਟੈਨੋ, ਹਰਚੰਦ ਭਿੰਡਰ, ਸੁਖਵਿੰਦਰ ਬਾਗਪੁਰ, ਹਰਿੰਦਰ ਲਾਲੀ, ਅਜੀਤ ਪ੍ਰਦੇਸੀ, ਅਜਾਇਬ ਜਲਾਲਆਣਾ, ਰਾਜਿੰਦਰ ਕੌਰ ਬਰਗਾੜੀ, ਦਲਜਿੰਦਰ ਕੌਰ, ਮਾਸਟਰ ਰਾਮ ਕੁਮਾਰ ਭਦੌੜ, ਜੁਝਾਰ ਲੌਂਗੋਵਾਲ, ਜਰਨੈਲ ਕ੍ਰਾਂਤੀ ਮੁਹਾਲੀ, ਸੁਖਦੇਵ ਫਗਵਾੜਾ, ਸੱਤਪਾਲ ਸਲੋਹ, ਜੋਗਿੰਦਰ ਕੁੱਲੇਵਾਲ, ਅੰਮ੍ਰਿਤ ਰਿਸ਼ੀ, ਅਵਤਾਰ ਦੀਪ, ਰਾਮ ਕੁਮਾਰ ਪਟਿਆਲਾ, ਕੁਲਜੀਤ ਅਬੋਹਰ, ਜਸਵੰਤ ਮੁਹਾਲੀ, ਪਾਲ ਬਾਗਪੁਰ ਤੇ ਜਸਵੰਤ ਜੀਰਖ ਆਦਿ ਆਗੂ ਵੀ ਸ਼ਾਮਲ ਸਨ.