Hits: 2599

ਸ਼ਹੀਦੀ ਦਿਵਸ ਨੂੰ ਸਮਰਪਿਤ  ਖਰੜ ਵਿਖੇ ਤਰਕਸ਼ੀਲ ਪੁਸਤਕ ਪ੍ਰਦਰਸਨੀ ਲਗਾਈ

 ਖਰੜ, 23 ਮਾਰਚ 2019(ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਿਵਲ ਹਸਪਤਾਲ਼ ਖਰੜ ਵਿਖੇ 'ਤਰਕਸ਼ੀਲ ਪੁਸਤਕ ਪ੍ਰਦਰਸਨੀ' ਲਗਾਈ ਗਈ. ਤਰਕਸ਼ੀਲ ਜ਼ੋਨ ਚੰਡੀਗੜ੍ਹ ਦੇ ਮੁਖੀ ਪ੍ਰਿੰਸੀਪਲ ਗੁਰਮੀਤ

ਖਰੜ ਨੇ ਦੱਸਿਆ ਕਿ ਇਸ ਪ੍ਰਦਰਸਨੀ ਦਾ ਮਕਸਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ. ਅੱਜ ਦੇ ਦਿਨ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਲਾਏ ਜਾਣ ਕਾਰਨ ਭਾਰਤੀ ਲੋਕਾਂ ਦੇ ਮਨਾਂ ਵਿੱਚ 23 ਮਾਰਚ 'ਕਾਲ਼ਾ-ਦਿਨ' ਵਜੋਂ ਦਰਜ ਹੈ. ਜ਼ੋਨ ਆਗੂ ਨੇ ਸ਼ਹੀਦੇ-ਆਜ਼ਮ ਦੀ ਵਿਚਾਰਧਾਰਾ ਬਾਰੇ ਲੋਕਾਂ ਨੂੰ ਜਾਣੂ ਕਰਾਉਂਦਿਆਂ ਦੱਸਿਆ ਭਗਤ ਸਿੰਘ ਦੇ ਸਬਦਾਂ ਵਿੱਚ ''ਇਨਕਲਾਬ ਬਿਨਾਂ ਸੋਚੇ-ਸਮਝੇ ਕਤਲਾਂ ਅਤੇ ਸਾੜ-ਫੂਕ ਦੀ ਦਰਿੰਦਾ ਮੁਹਿੰਮ ਨਹੀਂ ਅਤੇ ਨਾ ਹੀ ਏਧਰ-ਓਧਰ ਕੁਝ ਬੰਬ ਸੁੱਟਣ ਅਤੇ ਗੋਲ਼ੀਆਂ ਚਲਾਉਣਾ ਹੈ. ਇਹ ਕੋਈ ਮਾਯੂਸੀ ਤੋਂ ਪੈਦਾ ਹੋਇਆ ਫਲਸ਼ਫਾ ਨਹੀਂ ਤੇ ਨਾ ਹੀ ਇਹ ਸਿਰਲੱਥਾਂ ਦਾ ਕੋਈ ਸਿਧਾਂਤ ਹੈ. ਇਹ ਤਾਂ ਨਵੇਂ ਅਤੇ ਪੁਰਾਣੇ ਦੀ, ਜੀਵਨ ਅਤੇ ਮੌਤ ਦੀ, ਰੌਸ਼ਨੀ ਅਤੇ ਹਨੇਰੇ ਦੀ ਟੱਕਰ ਹੈ" ਭਗਤ ਸਿੰਘ ਦਾ ਇਨਕਲਾਬ ਜਵਾਨੀ ਦੇ ਜੋਸ਼ ਦੀ ਪੈਦਾਇਸ਼ ਨਹੀਂ ਸੀ ਬਲਕਿ ਇਹ ਉਨਾਂ ਵੱਲੋਂ ਕੀਤੇ ਬਹੁਪੱਖੀ ਅਧਿਐਨ ਦੀ ਉਪਜ ਸੀ.

ਜਰਨੈਲ ਸਹੌੜਾਂ ਨੇ ਕਿਹਾ ਇੱਕ ਇਨਕਲਾਬੀ ਦੀ ਔਕੜਾਂ ਭਰੀ ਜਿੰਦਗੀ ਦੇ ਬਾਵਜੂਦ ਭਗਤ ਸਿੰਘ ਨਿੱਠ ਕੇ ਅਧਿਐਨ ਕਰਦੇ ਸਨ. ਉਨਾਂ ਦੇ ਪੁਸਤਕ-ਪ੍ਰੇਮ ਬਾਰੇ ਸ਼ਿਵ ਵਰਮਾ ਲਿਖਦੇ ਹਨ; ''ਉਸਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ. ਉਹ ਜਦ ਵੀ ਕਾਨ੍ਹਪੁਰ ਆਉਂਦਾ ਆਪਣੇ ਨਾਲ਼ ਦੋ ਚਾਰ ਕਿਤਾਬਾਂ ਜਰੂਰ ਲੈਕੇ ਆਉਂਦਾ. ਬਾਅਦ ਵਿੱਚ ਫਰਾਰ ਜਿੰਦਗੀ ਵਿੱਚ ਵੀ ਉਸ ਨਾਲ ਰਹਿਣ ਦਾ ਮੌਕਾ ਮਿਲਿਆ ਤਾਂ ਦੇਖਿਆ ਕਿ ਪਸਤੌਲ ਅਤੇ ਕਿਤਾਬ ਚੌਵੀ ਘੰਟੇ ਉਸਦੇ ਨਾਲ ਹੁੰਦੇ ਸਨ. ਮੈਨੂੰ ਇੱਕ ਵੀ ਮੌਕਾ ਅਜਿਹਾ ਯਾਦ ਨਹੀਂ ਆਉਂਦਾ ਜਦੋਂ ਉਸ ਕੋਲ਼ ਕੋਈ ਕਿਤਾਬ ਨਾ ਹੋਵੇ" ਇਸ ਮੌਕੇ ਹਾਜ਼ਰ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਭਗਤ ਸਿੰਘ ਕਿਸਮਤਵਾਦੀ ਫਲਸਫੇ ਦੇ ਧੁਰ-ਵਿਰੋਧੀ ਸਨ ਉਨਾਂ ਨੇ ਸਮਝ ਲਿਆ ਸੀ ਕਿ ਗੁਲਾਮੀ ਕਿਸੇ ਦੇਸ ਜਾਂ ਕੌਮ ਦੀ 'ਤਕਦੀਰ' ਵਿੱਚ ਨਹੀਂ ਲਿਖੀ ਹੁੰਦੀ. ਬਲਕਿ ਇਹ ਇੱਕ ਜਮਾਤ ਵੱਲੋਂ ਆਪਣੇ ਨਿੱਜੀ ਹਿੱਤਾਂ ਖਾਤਰ ਦੁਜੀ ਜਮਾਤ ਉੱਤੇ ਜਬਰਦਸ਼ਤੀ ਥੋਪੀ ਜਾਂਦੀ ਹੈ.

ਇਸ ਪੁਸਤਕ ਪ੍ਰਦਰਸਨੀ ਵਿੱਚ ਹਾਜਰ ਤਰਕਸ਼ੀਲ ਆਗੂਆਂ ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ, ਸੁਰਿੰਦਰ ਸਿੰਬਲ਼ਮਾਜਰਾ, ਨੇ ਸਾਂਝੇ ਤੌਰ ਉੱਤੇ ਨੌਜਵਾਨਾਂ ਨੂੰ ਭਗਤ ਸਿੰਘ ਦੀਆਂ ਲਿਖਤਾਂ ਦਾ ਅਧਿਐਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਭਾਂਤ-ਭਾਂਤ ਦੇ ਨਸ਼ਿਆਂ, ਮਾਰੂ ਹਥਿਆਰਾਂ, ਲੱਚਰ ਗੀਤਾਂ, ਅਸ਼ਲੀਲ ਫਿਲਮਾਂ ਆਦਿ ਵਿੱਚ ਗਰਕਦੀ ਜਾ ਰਹੀ ਨੌਜਵਾਨੀ ਨੂੰ ਸ਼ਹੀਦ ਭਗਤ ਸਿੰਘ ਦੇ ਕਿਰਦਾਰ ਤੋਂ ਸੇਧ ਲੈਣੀ ਚਾਹੀਦੀ ਹੈ. ਇਸ ਮੌਕੇ ਭਗਤ ਸਿੰਘ ਨਾਲ਼ ਸਬੰਧਤ ਪੁਸਤਕਾਂ 'ਕੀ ਕਹਿੰਦਾ ਹੈ ਭਗਤ ਸਿੰਘ', 'ਮੈਂ ਨਾਸਤਿਕ ਕਿਉਂ ਹਾਂ' ਅਤੇ ਭਗਤ ਸਿੰਘ ਦੁਆਰਾ ਲਿਖੀ 'ਜੇਲ੍ਹ ਡਾਇਰੀ' ਪਾਠਕਾਂ ਦਾ ਵਿਸ਼ੇਸ ਧਿਆਨ ਖਿੱਚਦੀਆਂ ਰਹੀਆਂ.