Hits: 2516

ਵਿਗਿਆਨਕ ਚੇਤਨਾ ਦਿਵਸ ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਦਿਨ

ਮਾਲੇਰਕੋਟਲਾ, 8 ਜਨਵਰੀ 19 (ਮਜੀਦ ਆਜਾਦ) : 8 ਜਨਵਰੀ 1942 ਨੁੰ ਜਨਮੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦੇ ਜਨਮ-ਦਿਨ ਨੂੰ ਸਮਰਪਿਤ ਮਿਤੀ 8 ਜਨਵਰੀ ਤੋਂ 15 ਜਨਵਰੀ ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਲੁਧਿਆਣਾ ਵਲੋਂ ਮਨਾਏ ਜਾ ਰਹੇ `ਵਿਗਿਆਨਕ ਚੇਤਨਾ ਹਫਤਾ` ਦੀ ਸ਼ੁਰੂਆਤ

ਮੌਕੇ ਇੱਕ ਸੈਮੀਨਾਰ ਸ਼ਾਂਤੀ ਤਾਰਾ ਕਾਲਜ ਅਹਿਮਗੜ ਵਿਖੇ ਕੀਤਾ ਗਿਆ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰਕੋਟਲਾ ਦੁਆਰਾ ਆਯੋਜਿਤ ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਸਟਰ ਮੇਜਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਟੀਫਨ ਹਾਕਿੰਗ ਦੇ ਜੀਵਨ ਅਤੇ ਖੋਜਾਂ ਪ੍ਰਤੀ ਜਾਣਕਾਰੀ ਅਤੇ ਪ੍ਰੇਰਣਾ ਲੈਣੀ ਚਾਹੀਦੀ ਹੈ. ਉਹਨਾਂ ਕਿਹਾ ਕਿ ਮਹਾਨ ਵਿਗਿਆਨੀ ਅਲਬਰਟ ਆਇਨਸਟਨ ਤੋਂ ਬਾਅਦ ਸੱਭ ਤੋਂ ਵੱਡੀਆਂ ਖੋਜਾਂ ਸਟੀਫਨ ਹਾਕਿੰਗ ਵਲੋਂ ਕੀਤੀਆ ਗਈਆਂ ਅਤੇ ਬ੍ਰਹਿਮੰਡ ਦੇ ਵੱਖ-ਵੱਖ ਰਹੱਸਾਂ ਤੋਂ ਪਰਦਾ ਉਠਾਇਆ ਗਿਆ ਹੈ.

ਇਸ ਮੌਕੇ ਤਰਕਸ਼ੀਲ ਆਗੂ ਡਾ.ਮਜੀਦ ਆਜਾਦ ਵਲੋਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਪ੍ਰਤੀ ਪ੍ਰੇਰਿਤ ਕੀਤਾ, ਉਹਨਾਂ ਕਿਹਾ ਕਿ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ, ਇਸ ਲਈ ਜੇਕਰ ਕਿਸੇ ਵੀ ਦੇਸ਼, ਕੌਮ ਜਾਂ ਵਿਆਕਤੀ ਨੇ ਤਰੱਕੀ ਕਰਨੀ ਹੈ ਤਾਂ ਉਸ ਨੂੰ ਵਿਗਿਆਨ ਚੇਤਨਾ ਜਰੂਰ ਪ੍ਰਾਪਤ ਕਰਨੀ ਪਵੇਗੀ. ਇਸ ਲਈ ਅੱਜ ਲੋੜ ਹੈ ਕਿ ਧਰਮਾਂ, ਜਾਤਾਂ, ਰੰਗਾ-ਨਸਲਾਂ ਆਦਿ ਤੋਂ ਉੱਪਰ ਉੱਠਕੇ ਮਨੁੱਖ ਜਗਤ ਦੀ ਗੱਲ ਕੀਤੀ ਜਾਵੇ. ੳਹਨਾਂ ਅੱਗੇ ਕਿਹਾ ਕਿ ਕਦੇ ਵੀ ਕਿਤੇ ਵੀ ਕਰਾਮਾਤਾਂ ਨਹੀਂ ਵਾਪਰਦੀਆਂ, ਇਹ ਸਿਰਫ ਪਰਚਾਰੀਆਂ ਜਾਂਦੀਆ ਹਨ, ਭੂੱਤ-ਪ੍ਰੇਤ, ਜਿੰਨ, ਚੁੜੇਲ ਅਤੇ ਆਤਮਾ ਆਦਿ ਦੀ ਕੋਈ ਹੋਂਦ ਨਹੀਂ ਹੈ, ਇਹ ਸਿਰਫ ਮਨ ਦੇ ਡਰ ਹਨ ਜਿਹੜੇ ਬਚਪਨ ਤੋਂ ਸੁਣੇ ਸੁਨਾਏ ਗਏ ਹਨ, ਇਹਨਾਂ ਤੋਂ ਮੁਕਤ ਹੋਣ ਦੀ ਜਰੂਰਤ ਹੈ.

ਇਸ ਸਬੰਧੀ ਤਰਕਸ਼ੀਲ ਟੀਮ ਵਲੋਂ ਜਾਦੂ ਦੇ ਟਰਿੱਕ ਦਿਖਾਉਂਦਿਆ ਜਾਦੂ ਦਾ ਪਰਦਾਫਾਸ਼ ਕੀਤਾ ਗਿਆ. ਸਮਾਗਮ ਦੇ ਅੰਤ ਵਿੱਚ ਸ਼ਾਂਤੀ ਤਾਰਾ ਕਾਲਜ ਦੇ ਪ੍ਰਿੰਸੀਪਲ ਸਰਦਾਰ ਚਰਨਪ੍ਰੀਤ ਸਿੰਘ ਵਲੋਂ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਗਿਆ.