Hits: 1994

ਸਿੰਬਲ਼ਮਾਜਰਾ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ

ਖਰੜ, 10 ਜੁਲਾਈ 2017 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਜਥੇਬੰਦਕ ਮੁਖੀ ਮਾਸਟਰ ਜਰਨੈਲ ਸਹੌੜਾਂ ਅਤੇ ਜਗਵਿੰਦਰ ਜੱਗੀ ਦੀ ਅਗਵਾਈ ਹੇਠ ਪਿੰਡ ਸਿੰਬਲ਼ਮਾਜਰਾ ਵਿਖੇ ਤਰਕਸ਼ੀਲ ਪ੍ਰੋਗਰਾਮਪੇਸ਼ ਕੀਤਾ ਗਿਆ. ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜੋਗਾ ਸਿੰਘ ਨੇ

ਕਿਹਾ ਕਿ ਸਦੀਆਂ ਪੁਰਾਣੇ ਰੂੜੀਆਂ ‘’ਚ ਜਕੜੇ ਸਮਾਜਿਕ ਢਾਂਚੇ ਨੂੰ ਬਦਲਣ ਲਈ ਇੱਕ ਵਿਆਪਕ ਲੋਕ-ਲਹਿਰ ਖੜੀ ਕਰਨ ਦੀ ਲੋੜ ਹੈ. ਲੋਕਾਂ ਦੀ ਭਰਵੀਂ ਸਮੂਲੀਅਤ ਬਿਨਾਂ ਸਮਾਜ ਦੀ ਕਾਇਆ ਕਲਪ ਸੰਭਵ ਨਹੀਂ. ਇਸ ਮੌਕੇ ਆਪਣੇ ਪਿੰਡ ਵਾਸੀਆਂ ਨਾਲ਼ ਵਿਚਾਰ ਸਾਂਝੇ ਕਰਦਿਆਂ ਸੁਰਿੰਦਰ ਸਿੰਬਲ਼ਮਾਜਰਾ ਨੇ ਕਿਹਾ ਕਿ ਅੱਜ ਅਸੀਂ ਆਪਣੇ ਬੱਚਿਆਂ ਨੂੰ ਵੱਡਾ ਡਾਕਟਰ, ਵੱਡਾ ਵਕੀਲ ਜਾਂ ਕੋਈ ਵੱਡਾ ਅਫਸਰ ਬਣਨ ਦੀ ਦੌੜ ਵਿੱਚ ਸਾਮਿਲ ਕਰ ਰਹੇ ਹਾਂ ਪਰ ਤਰਕਸ਼ੀਲ ਸੁਸਾਇਟੀ ਦਾ ਟੀਚਾ ਹਰੇਕ ਵਿਅਕਤੀ ਨੂੰ ਕੀ, ਕਦੋਂ, ਕਿੱਥੇ, ਕਿਵੇਂ ਤੇ ਕਿਉਂ ਆਦਿ ਟੂਲਜ਼ ਨਾਲ਼ ਲੈਸ ਕਰਕੇ ਇੱਕ ਵਧੀਆ ਮਨੁੱਖ ਬਣਨ ਦੇ ਰਾਹ ਤੋਰਨਾ ਹੈ.

ਸਿਰਫ ਆਪਣੇ ਪਰਿਵਾਰ ਦੀਆਂ ਲੋੜਾਂ ਤੱਕ ਹੀ ਸਿਮਟਦੇ ਜਾ ਰਹੇ ਮਨੁੱਖੀ ਸੁਭਾਅ ਦੀ ਬਾਤ ਪਾਉਂਦਿਆਂ ਕਰਮਜੀਤ ਸਕਰੁੱਲਾਂਪੁਰੀ ਨੇ ਕਿਹਾ ਕਿ ਸਾਡਾ ਪਰਿਵਾਰ ਵੀ ਸਮਾਜ ਦਾ ਹੀ ਅੰਗ ਹੁੰਦਾ ਹੈ ਇਸ ਲਈ ਪੂਰੇ ਦੀ ਸਮਾਜ ਦੀ ਬੇਹਤਰੀ ਤੋਂ ਬਿਨਾਂ ਆਪਣੇ ਪਰਿਵਾਰਿਕ ਖੁਸਹਾਲੀ ਸੰਭਵ ਨਹੀਂ. ਇਸ ਪ੍ਰੋਗਰਾਮ ਦੋਰਾਨ ਜ਼ੋਨਲ ਆਗੂ ਬਲਦੇਵ ਜਲਾਲ ਨੇ ਵਹਿਮਾਂ-ਭਰਮਾਂ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਿਛਲੇ ਤੀਹ ਸਾਲਾਂ ਦਾ ਸਾਡਾ ਤਜਰਬਾ ਦੱਸਦਾ ਹੈ ਕਿ ਘਰ ਵਿੱਚ ਖੂਨ ਦੇ ਛਿੱਟੇ ਡਿੱਗਣੇ, ਆਟੇ ਵਿੱਚ ਰੰਗ ਮਿਲ ਜਾਣਾ, ਜਿੰਦਰਾ ਲੱਗੀ ਪੇਟੀ ਵਿੱਚ ਪਏ ਕੱਪੜਿਆਂਨੂੰ ਅੱਗ ਲੱਗ ਜਾਣੀ ਕਿਸੇ ਅਖੌਤੀ ਪ੍ਰੇਤ-ਆਤਮਾ ਦਾ ਕਾਰਾ ਨਹੀਂ ਬਲਕਿ ਮਨੁੱਖੀ ਹੱਥਾਂ ਅਤੇ ਦਿਮਾਗ ਦੀ ਕਾਰ-ਸ਼ੈਤਾਨੀ ਹੁੰਦੀ ਹੈ. ਇਹੋ ਜਿਹੀਆਂ ਘਟਨਾਵਾਂ ਦਾ ਹੱਲ ਦੱਸਦਿਆਂ ਸਾਥੀ ਜਲਾਲ ਨੇ ਕਿਹਾ ਕਿ ਜਿਸ ਘਰ ਦਾ ਮੁਖੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਣਦਾ ਮਾਣ ਸਤਿਕਾਰ ਦੇਵੇ, ਕਿਸੇ ਵੀ ਨਾਲ ਦੂਜਿਆਂ ਵੱਲੋਂ ਵਿਤਕਰਾ ਨਾ ਹੋਣ ਦੇਵੇ, ਸਭ ਦੀਆਂ ਲੋੜਾਂ ਬਰਾਬਰੀ ਦੇ ਆਧਾਰ ਉੱਤੇ ਪੂਰੀਆਂ ਕੀਤੀਆਂ ਜਾਣਾ ਯਕੀਨੀ ਬਣਾਵੇ ਉਸ ਘਰ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਨਹੀਂ.

ਇਸ ਪ੍ਰੋਗਰਾਮ ਦੇ ਅਖੀਰ ਵਿੱਚ ਸੁਜਾਨ ਬਡਾਲ਼ਾ ਨੇ ਤਰਕਸ਼ੀਲ ਸੁਸਾਇਟੀ ਦੀਆਂ 23 ਸ਼ਰਤਾਂ ਬਾਰੇ ਜਾਣਕਾਰੀ ਦਿੰਦਿਆਂ ਜੋਤਸ਼ੀਆਂ, ਤਾਂਤਰਿਕਾਂ, ਬਾਬਿਆਂ ਆਦਿ ਨੂੰ ਚੈਲਿੰਜ ਕੀਤਾ ਕਿ ਜੇਕਰ ਉਨ੍ਹਾਂ ਦੇ ਕੋਲ਼ ਕੋਈ ਕਰਾਮਾਤ ਹੈ ਤਾਂ ਇਹਨਾਂ ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ ਤਰਕਸ਼ੀਲ਼ਾਂ ਵੱਲੋਂ ਰੱਖਿਆ ਪੰਜ ਲੱਖ ਦਾ ਇਨਾਮ ਜਿੱਤ ਸਕਦਾ ਹੈ. ਪਰ ਪਿਛਲੇ ਤੀਹ ਸਾਲਾਂ ਤੋਂ ਅੱਜ ਤੱਕ ਤਰਕਸ਼ੀਲਾਂ ਦਾ ਇਹ ਚੈਲਿੰਜ ਸਵੀਕਾਰ ਕਰਨ ਵਾਲ਼ਾ ਮੈਦਾਨ ਵਿੱਚ ਨਹੀਂ ਨਿੱਤਰਿਆ. ਜਾਦੂ ਦੀ ਆਇਟਮਾਂ ਰਾਹੀਂ ਆਪਣੀ ਗੱਲ ਨੂੰ ਤਰਕਸ਼ੀਲਾਂ ਨੇ ਪ੍ਰੈਕਟੀਕਲ ਦੁਆਰਾ ਵੀ ਸਮਝਾਇਆ ਕਿ ਜਿਸ ਨੂੰ ਅਸੀਂ ਅਕਸਰ ਕਰਾਮਾਤ ਸਮਝ ਲੈਂਦੇ ਹਾਂ ਉਹ ਸਿਰਫ ਜਾਦੂ ਦੇ ਕੁਝ ਟਰਿੱਕਾਂ ਤੋਂ ਵੱਧ ਕੁਝ ਨਹੀਂ ਹੁੰਦਾ. ਪ੍ਰੋਗਰਾਮ ਦੇ ਸਮਾਪਤੀ ਮੌਕੇ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਵੱਲੋਂ ਤਰਕਸ਼ੀਲਾਂ ਦੇ ਕੰਮ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਤਰਕਸ਼ੀਲਾਂ ਦਾ ਪ੍ਰੋਗਰਾਮ ਨੇੜ ਭਵਿੱਖ ਵਿੱਚ ਦੁਬਾਰਾ ਵੀ ਕਰਵਾਇਆ ਜਾਵੇਗਾ.    

ਇਸ ਮੌਕੇ ਬਿਕਰਮਜੀਤ ਸੋਨੀ ਅਤੇ ਉਨਾਂ ਦੇ ਬੇਟੇ ਹਰਸ਼ਪ੍ਰੀਤ ਨੇ ਪੁਸਤਕ-ਪ੍ਰਦਰਸ਼ਨੀ ਲਾ ਕੇ ਲੋਕਾਂ ਨੂੰ ਪ੍ਰਗਤੀਵਾਦੀ ਸੋਚ ਅਪਨਾਉਣ ਲਈ ਪ੍ਰੇਰਿਆ. ਇਸ ਪ੍ਰੋਗਰਾਮ ਮੌਕੇ ਪਿੰਡ ਸਿੰਬਲ਼ਮਾਜਰਾ ਦੀ ਸਮੂਹ ਪੰਚਾਇਤ ਅਤੇ ਵੇਰਕਾ ਮਿਲਕ ਸੈਂਟਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਭਰਵਾਂ ਸਹਿਯੋਗ ਦਿੱਤਾ.