ਵਿਗਿਆਨਕ ਨਜ਼ਰੀਆ ਹੀ ਬਣੇਗਾ ਸੁਖਾਵੇਂ ਸਮਾਜ ਦਾ ਜ਼ਰੀਆ: ਮਾਸਟਰ ਕੁਲਜੀਤ

ਮੁਕਤਸਰ, 6 ਜੁਲਾਈ (ਪ੍ਰਵੀਨ ਜੰਡਵਾਲਾ): ‘ਵਿਗਿਆਨ ਦੀਆਂ ਅਥਾਹ ਪ੍ਰਾਪਤੀਆਂ ਦੇ ਇਸ ਦੌਰ ਵਿਚ ਲੋਕਾਂ ਦੀ ਸੋਚ ਨੂੰ ਵਿਗਿਆਨਕ ਨਜ਼ਰੀਏ ਨਾਲ ਇੱਕਮਿੱਕ ਕਰਕੇ ਹੀ ਜਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਿਆ ਜਾ ਸਕਦਾ ਹੈ.’ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਸਟਰ ਕੁਲਜੀਤ ਨੇ ਵਿਗਿਆਨਕ ਚੇਤਨਾ ਲਈ ਪ੍ਰਤੀਬੱਧ ਸਮਾਜਿਕ ਸੰਸਥਾ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੇ ਜ਼ੋਨ ਫਾਜ਼ਿਲਕਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ. ਉਹਨਾਂ ਆਖਿਆ ਕਿ ਅੰਧ-ਵਿਸ਼ਵਾਸ਼ਾਂ ਅਤੇ ਅਗਿਆਨਤਾ ਦੇ ਖਾਤਮੇ ਲਈ ਤਰਕਸ਼ੀਲਤਾ ਜਿੰਦਗੀ ਦਾ ਮੁੱਢਲਾ ਸਬਕ ਹੈ. ਜੋਨ ਦੀ ਇਸ ਮੀਟਿੰਗ ਵਿਚ ਅਬੋਹਰ, ਫਾਜ਼ਿਲਕਾ, ਗੁਰੂਹਰਸਹਾਏ, ਮੰਡੀ ਲਾਧੂਕਾ ਤੇ ਮੁਕਤਸਰ ਲੱਖੇਵਾਲੀ ਇਕਾਈਆਂ ਦੇ ਤਰਕਸ਼ੀਲ ਆਗੂਆਂ ਨੇ ਸ਼ਮੂਲੀਅਤ ਕੀਤੀ. ਮੀਟਿੰਗ 'ਚ ਸੂਬਾ ਕਮੇਟੀ ਦੀ ਕਾਰਵਾਈ ਰਿਪੋਰਟ, ਬਰੇਨ ਪੀਡੀਆ ਨੂੰ ਮਿਲੀ ਮਾਤ, ਤਰਕਸ਼ੀਲ ਸਰਗਰਮੀਆਂ ਦਾ ਘੇਰਾ ਵਧਾਉਣ ਲਈ ਅਤੇ ਪੁਸਤਕ ਸੰਵਾਦ ਦਾ ਘੇਰਾ ਵਿਸ਼ਾਲ ਕਰਨ ਆਦਿ ਮੁੱਦਿਆਂ ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ. ਚਰਚਾ 'ਚ ਭਾਗ ਲੈਂਦਿਆਂ ਪ੍ਰਵੀਨ ਜੰਡਵਾਲਾ, ਡਾ. ਰਮੇਸ਼ ਮੰਡੀ ਲਾਧੂਕਾ ਤੇ ਭਗਤ ਸਿੰਘ ਚਿਮਨੇਵਾਲਾ ਨੇ ਆਖਿਆ ਕਿ ਅੰਧ-ਵਿਸ਼ਵਾਸ਼ਾਂ ਦਾ ਮੀਡੀਆ ਰਾਹੀਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਚਿੰਤਜਨਕ ਵਰਤਾਰਾ ਹੈ. ਆਗੂਆਂ ਨੇ ਸਮਾਜਿਕ ਚੇਤਨਾ ਦੀ ਰੁਸ਼ਨਾਈ ਲਈ ਤਰਕਸ਼ੀਲ ਸਰਗਰਮੀਆਂ ਵਧਾਉਣ ਦੀ ਲੋੜ ਤੇ ਜੋਰ ਦਿੱਤਾ. ਮੀਟਿੰਗ ਵਿੱਚ ਜਗਦੀਸ਼ ਕਿੱਕਰ ਖੇੜਾ, ਪ੍ਰਵੀਨ ਜੰਡਵਾਲਾ ਤੇ ਰਾਮ ਸਵਰਨ ਲੱਖੇਵਾਲੀ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ. ਤਰਕਸ਼ੀਲਾਂ ਨੇ ਸੂਬਾ ਕਮੇਟੀ ਦੀ ਅਗਵਾਈ 'ਚ ਅੰਧਵਿਸ਼ਵਾਸ਼ਾ ਦੇ ਵਪਾਰੀਆਂ ਨੂੰ ਮਾਤ ਦੇਣ ਲਈ ਤਰਕਸ਼ੀਲਤਾ ਦੇ ਪਸਾਰ ਲਈ ਲੋਕਾਂ ਨਾਲ ਜਨ ਸੰਪਰਕ ਮੁਹਿੰਮ ਵਧਾਉਣ ਦਾ ਅਹਿਦ ਲਿਆ. ਇਸ ਮੌਕੇ ਸੁੰਘਣ ਸ਼ਕਤੀ ਨਾਲ ਪੜ੍ਹ ਸਕਣ ਦੇ ਝੂਠੇ ਦਾਅਵੇ ਕਰਨ ਵਾਲੀ ਬਰੇਨ ਪੀਡੀਆ ਨਾਂ ਦੀ ਸੰਸਥਾ ਨੂੰ ਮਾਤ ਦਿੰਦਾ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਵੀ ਰਿਲੀਜ਼ ਕੀਤਾ ਗਿਆ.