ਤਬਦੀਲੀ ਸਦਕਾ ਹੀ ਵਿਕਾਸ ਸੰਭਵ: ਗੁਰਮੀਤ ਖਰੜ

ਮਾਘੀ ਮੇਲੇ ‘ਤੇ ਲਾਈ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ

 ਖਰੜ, 14 ਜਨਵਰੀ (ਕੁਲਵਿੰਦਰ ਨਗਾਰੀ) : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਮਾਘੀ ਮੇਲੇ ਮੌਕੇ ਹਰ ਸਾਲ ਦੀ ਤਰ੍ਹਾਂ ਪਿੰਡ ਦਾਊਂ ਵਿਖੇ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ. ਇਸ ਮੌਕੇ ਤਰਕਸ਼ੀਲਾਂ ਨੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਪਰਿਵਰਤਨ ਕੁਦਰਤ ਦਾ ਅਟੱਲ ਨਿਯਮ ਹੈ ਇਸ ਲਈ ਦੁਨੀਆਂ ਦੀ ਕੋਈ ਵੀ

ਚੀਜ ਬਦਲਾਅ ਤੋਂ ਅਛੂਤੀ ਨਹੀ ਰਹਿ ਸਕਦੀ. ਇਸ ਕੁਦਰਤੀ ਨਿਯਮ ਵਿੱਚ ਬੱਝਾ ਮਨੁੱਖੀ ਸਮਾਜ ਵੀ ਵੱਖ-ਵੱਖ ਪੜਾਅ ਪਾਰ ਕਰਦਾ ਹੋਇਆ ਅਜੋਕੇ ਯੁੱਗ ਤੱਕ ਪਹੁੰਚਿਆ ਹੈ. ਜੋਨਲ ਆਗੂ ਲੈਕ. ਗੁਰਮੀਤ ਖਰੜ ਨੇ ਉਦਾਹਰਣ ਸਹਿਤ ਦੱਸਿਆ ਕਿ ਸਿਰਫ ਸਰੀਰਕ-ਬਲ ਨਾਲ਼ ਮਨੁੱਖ ਸ਼ਿਕਾਰ-ਯੁੱਗਤੋਂ ਅੱਗੇ ਨਹੀਂ ਸੀ ਵਧ ਸਕਦਾ. ਇਸ ਤੋਂ ਅੱਗੇ ਸਰੀਰਕ ਬਲ ਦੇ ਨਾਲ਼ ਪਸੂ-ਬਲ ਸ਼ਾਮਲ ਹੋਣ ਕਾਰਨ ਹੀ ਖੇਤੀ-ਯੁੱਗ ਦੀ ਸੁਰੂਆਤ ਹੋ ਸਕੀ. ਪਸੂ-ਬਲ ਨਾਲ਼ ਸਿਰਫ ਖੇਤੀ-ਬਾੜੀ ਹੀ ਸੰਭਵ ਸੀ. ਊਰਜਾ ਦੇ ਨਵੇਂ ਸਰੋਤਾਂ ਭਾਫ, ਤੇਲ, ਬਿਜਲੀ ਆਦਿ ਦੀ ਖੋਜ ਕਾਰਨ ਹੀ ‘ਉਦਯੋਗਿਕ-ਕਰਾਂਤੀ ਵਾਪਰ ਸਕੀ. ਇਸ ਤਰਾਂ ਮਨੁੱਖੀ ਸੱਭਿਅਤਾ ਦੇ ਵਿਕਾਸ ਦੀ ਕਹਾਣੀ ਊਰਜਾ ਦੇ ਵਿਕਾਸ ਦੀ ਕਹਾਣੀ ਵੀ ਹੈ. ਇਸ ਤੋਂ ਸਾਬਤ ਹੁੰਦਾ ਹੈ ਕਿ ਤਬਦੀਲੀ ਸਦਕਾ ਹੀ ਵਿਕਾਸ ਸੰਭਵ ਹੈ. ਵਿਗਿਆਨ ਦੀ ਤਰੱਕੀ ਸਦਕਾ ਹੀ ਕੁਝ ਦੇਸ ਖੁਸ਼ਹਾਲ ਅਤੇ ਬਾਕੀ ਪਛੜੇ ਹੋਏ ਹਨ.

ਇਸ ਮੌਕੇ ਤਰਕਸ਼ੀਲ ਆਗੂ ਬਿਕਰਮਜੀਤ ਸੋਨੀ ਨੇ ਕਿਹਾ ਕਿ ਮੇਲਿਆਂ ਨਾਲ਼ ਜੁੜੀ ਮੇਲਾ ਮੇਲੀਆਂ ਦਾ, ਪੈਸੇ ਧੇਲ੍ਹੀਆਂ ਦਾ ਵਾਲ਼ੀ ਵਪਾਰਕ ਮਿੱਥ ਨੂੰ ਤੋੜ ਕੇ ਮੇਲਿਆਂ ਮੌਕੇ ਸੱਭਿਆਚਾਰਿਕ ਤਬਦੀਲੀ ਦੇ ਪ੍ਰਚਰ-ਪਸਾਰ ਵਾਲ਼ੇ ਮੌਕੇ ਤਲਾਸਣ ਦੀ ਲੋੜ ਹੈ. ਲੋਕ-ਜਾਗ੍ਰਿਤੀ ਦਾ ਸੁਨੇਹਾ ਦੇਂਦੇ ਨਾਟਕਾਂ ਦਾ ਮੰਚਨ, ਲੋਕ-ਪੱਖੀ ਸਾਹਿਤ ਦੀਆਂ ਪ੍ਰਦਰਸ਼ਨੀਆਂ, ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਆਦਿ ਦਾ ਪ੍ਰਬੰਧ ਛੋਟੇ-ਮੋਟੇ ਮੇਲਿਆਂ ਮੌਕੇ ਵੀ ਹੋਣਾ ਚਾਹੀਦਾ ਹੈ. ਤਾਂਕਿ ਲੋਕ-ਮਨਾਂ ਵਿੱਚ ਨਰੋਏ ਸਮਾਜ ਦੀ ਸਿਰਣਾ ਦਾ ਸੁਫਨਾ ਪੈਦਾ ਕੀਤਾ ਜਾ ਸਕੇ.

ਇਸ ਮੌਕੇ ਹਾਜ਼ਰ ਕੁਲਵਿੰਦਰ ਨਗਾਰੀ, ਸੁਜਾਨ ਬਡਾਲ਼ਾ, ਜਗਵਿੰਦਰ ਸਿੰਬਲ ਮਾਜਰਾ, ਹਰਜਿੰਦਰ ਪਮੌਰ ਨੇ ਦੱਸਿਆ ਕਿ ਪੁਸਤਕ ਸੱਭਿਆਚਾਰ ਪ੍ਰਫੁਲਤ ਕਰਨ ਦੇ ਮਿਸ਼ਨ ਤਹਿਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਧ ਤੋਂ ਵੱਧ ਹੱਥਾਂ ਤੱਕ ਪ੍ਰੇਰਨਾ-ਦਾਇਕ ਸਾਹਿਤ ਪਹੁੰਚਾਣ ਲਈ ਯਤਨਸ਼ੀਲ ਹੈ. ਇਸ ਮੌਕੇ ਤਰਕਸ਼ੀਲ ਆਗੂਆਂ ਨੇ ਲੋਕਾਂ ਦੇ ਜਿਗਿਅਸਾ ਭਰਪੂਰ ਸਵਾਲਾਂ ਦੇ ਤਰਕਪੂਰਨ ਜਵਾਬ ਵੀ ਦਿੱਤੇ ਗਏ. ਇਸ ਪ੍ਰਦਰਸ਼ਨੀ ਵਿੱਚ ਅੰਧ-ਵਿਸ਼ਵਾਸਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਦਾ ਹੋਕਾ ਦਿੰਦੀਆ ਪੁਸਤਕਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ.