ਸੁੰਘਣ ਸ਼ਕਤੀ ਰਾਹੀ ਪੜ੍ਹਨ ਦੇ ਦਾਅਵਿਆਂ ਦੀ ਤਰਕਸ਼ੀਲਾਂ ਵੱਲੋਂ ਪਰਖ਼ ਜਲੰਧਰ 'ਚ 17 ਜੂਨ ਨੂੰ

ਪਰਖ਼ 'ਚ ਸਫ਼ਲ ਹੋਏ ਤਾਂ ਮਿਲੇਗਾ 5 ਲੱਖ ਦਾ ਨਗਦ ਇਨਾਮ

ਬਰਨਾਲਾ, 9 ਜੂਨ (ਰਾਮ ਸਵਰਨ ਲੱਖੇਵਾਲੀ): ਪਿਛਲੇ ਤਿੰਨ ਦਹਾਕਿਆਂ ਤੋਂ ਵਿਗਿਆਨਕ ਚੇਤਨਾ ਦੇ ਪਾਸਾਰ ਵਿੱਚ ਜੁਟੀ ਸਮਾਜਿਕ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਨੇ ਬੱਚਿਆਂ ਦੀਆਂ ਦਿਮਾਗੀ ਸ਼ਕਤੀਆਂ ਦਾ ਵਿਕਾਸ ਕਰਕੇ ਸੁੰਘਣ ਸ਼ਕਤੀ ਰਾਹੀ ਪੜ੍ਹਨ ਦੀ ਸਮਰੱਥਾ ਦਾ ਦਾਅਵਾ ਕਰਨ ਵਾਲੀ ਬਰੇਨ ਪੀਡੀਆ ਨਾਂ ਦੀ

ਸੰਸਥਾ ਦੀ ਚੁਣੋਤੀ ਸਵੀਕਾਰ ਕਰਕੇ ਉਸਦੀ ਪਰਖ ਦਾ ਸਮਾਂ ਤੈਅ ਕਰ ਲਿਆ ਹੈ. ਤਰਕਸ਼ੀਲ ਭਵਨ ਵਿਖੇ ਸਥਿੱਤ ਮੁੱਖ ਦਫ਼ਤਰ ਤੋਂ ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੁਬਾਈ ਮੁਖੀ ਰਜਿੰਦਰ ਭਦੌੜ ਨੇ ਦੱਸਿਆ ਕਿ ਬਰੇਨ ਪੀਡੀਆ ਸੰਸਥਾ ਵੱਲੋਂ ਸਿਖਲਾਈ ਪ੍ਰਾਪਤ ਬੱਚੇ 17 ਜੂਨ ਨੂੰ ਬਾਅਦ ਦੁਪਿਹਰ 1 ਵਜੇ ਦੇਸ਼ ਭਗਤ ਹਾਲ ਜਲੰਧਰ ਵਿਖੇ ਤਰਕਸ਼ੀਲਾਂ ਦੀ ਪਰਖ ਦਾ ਸਾਹਮਣਾ ਕਰਨਗੇ. ਉਹਨਾਂ ਦੱਸਿਆ ਕਿ ਇਸ ਸੰਸਥਾ ਦਾ ਦਾਅਵਾ ਹੈ ਕਿ ਉਹ ਆਪਣੀ ਸਿਖਲਾਈ ਰਾਹੀ ਬੱਚਿਆਂ ਨੂੰ ਸੁੰਘਣ ਸ਼ਕਤੀ ਰਾਹੀ ਪੜ੍ਹਨਾ ਸਿਖਾਉਂਦੇ ਹਨ. ਸੰਸਥਾ ਦੇ ਅਜਿਹੇ ਸਿਖਲਾਈ ਪ੍ਰੋਗਰਾਮ ਦੌਰਾਨ ਜ਼ੀਰਾ ਵਿਖੇ ਤਰਕਸ਼ੀਲਾਂ ਵੱਲੋਂ ਇਸ ਵਰਤਾਰੇ ਨੂੰ ਇਕਾਈ ਜ਼ੀਰਾ ਵੱਲੋਂ ਗੈਰ ਵਿਗਿਆਨਕ ਆਖ਼ਣ ਅਤੇ ਅਜਿਹਾ ਸੱਚ ਸਾਬਤ ਕਰਨ ਦੀ ਚੁਣੋਤੀ ਦੇਣ ਤੇ ਬਰੇਨ ਪੀਡੀਆ ਸੰਸਥਾ ਦੇ ਮੁਖੀ ਹੁਸ਼ਿਆਰਪੁਰ ਨਿਵਾਸੀ ਗੁਰਦੇਵ ਸਿੰਘ ਸੈਣੀ ਨੇ ਤਰਕਸ਼ੀਲ ਆਗੂਆਂ ਨਾਲ ਲਿਖ਼ਤੀ ਇਕਰਾਰਨਾਮਾ ਕੀਤਾ ਜਿਸ ਤਹਿਤ ਧੋਖਾ ਰਹਿਤ ਹਾਲਤਾਂ ਵਿੱਚ ਤਰਕਸ਼ੀਲਾ ਦੀ ਤਸੱਲੀ ਹੋਣ ਤੱਕ ਉਹਨਾਂ ਦੇ ਸਿਖਾਏ ਬੱਚੇ ਦੇਸ਼ ਭਗਤ ਹਾਲ ਜਲੰਧਰ ਵਿਖੇ ਤਰਕਸ਼ੀਲਾਂ ਵੱਲੋਂ ਅੱਖਾਂ ਰਾਹੀ ਵੇਖਣ ਦੀ ਸਮਰੱਥਾ ਨੂੰ ਬੰਦ ਕਰਨ ਉਪਰੰਤ ਆਪਣੀ ਸੁੰਘਣ ਸ਼ਕਤੀ ਰਾਹੀ ਉਹਨਾਂ ਨੂੰ ਅੰਗਰੇਜ਼ੀ ਵਿੱਚ ਦਿੱਤੀ ਲਿਖ਼ਤ ਪੜ੍ਹ ਕੇ ਸੁਨਾਉਣਗੇ. ਜ਼ਿਕਰਯੋਗ ਹੈ ਕਿ ਜ਼ੀਰਾ ਵਿਖੇ ਸੰਸਥਾ ਦੁਆਰਾ ਸਿਖਾਏ ਬੱਚੇ ਤਰਕਸ਼ੀਲਾਂ ਦੀ ਮੁੱਢਲੀ ਪਰਖ਼ ਵਿੱਚ ਹੀ ਫੇਲ੍ਹ ਹੋ ਗਏ ਸਨ. ਬਰੇਨ ਪੀਡੀਆ ਨੇ 10,000 ਰੁਪਏ ਜਮ੍ਹਾਂ ਕਰਵਾ ਕੇ ਸੁਸਾਇਟੀ ਵੱਲੋਂ 5 ਲੱਖ ਰੁਪਏ ਦੇ ਇਨਾਮ ਨੂੰ ਜਿੱਤਣ ਦਾ ਦਾਅਵਾ ਪੇਸ਼ ਕੀਤਾ ਹੈ ਜਿਹੜਾ ਕਿ ਸੁਸਾਇਟੀ ਨੇ ਸਵੀਕਾਰ ਕਰ ਲਿਆ ਹੈ. ਪਰਖ਼ ਵਿੱਚ ਸਫ਼ਲ ਹੋਣ ਤੇ ਬਰੇਨ ਪੀਡੀਆ ਸੰਸਥਾ ਨੂੰ ਜਮਾਂ ਕੀਤੀ ਜਮਾਨਤ ਸਮੇਤ 5 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਤੇ ਪਰਖ਼ ਵਿੱਚ ਫੇਲ ਹੋਣ ਤੇ ਜਮਾਨਤ ਜਬਤ ਕਰ ਲਈ ਜਾਵੇਗੀ. ਪਰਖ਼ ਸਮੇਂ ਜੱਜਾਂ ਦੀ ਭਮਿਕਾ ਦੇਸ਼ ਭਗਤ ਹਾਲ ਦੇ ਟਰੱਸਟੀ ਮੈਂਬਰਾਂ ਦੀ ਕਮੇਟੀ ਅਦਾ ਕਰੇਗੀ. ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਤੇ ਸੁਸਾਇਟੀ ਦੇ ਆਗੂਆਂ ਸੁਖਵਿੰਦਰ ਬਾਗਪੁਰ, ਹੇਮਰਾਜ ਸਟੈਨੋ ਤੇ ਭੂਰਾ ਸਿੰਘ ਮਹਿਮਾਂ ਨੇ ਆਖਿਆ ਕਿ ਬਰੇਨ ਪੀਡੀਆ ਨਾਮ ਦੀ ਇਹ ਸੰਸਥਾ ਰਾਜ ਭਰ ਵਿੱਚ ਆਪਣੇ ਸੈਂਟਰ ਖੋਲ ਕੇ ਮਾਪਿਆਂ ਦੀਆਂ ਆਪਣੇ ਬੱਚਿਆਂ ਦੇ ਅੱਗੇ ਵੱਧਣ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਕੇ ਬੱਚਿਆਂ ਦੇ ਦਿਮਾਗੀ ਵਿਕਾਸ ਦੇ ਨਾਮ ਤੇ ਦੋ ਦਿਨ੍ਹਾਂ ਦੇ ਕੋਰਸ 'ਚ ਪ੍ਰਤੀ ਬੱਚਾ 20 ਹਜ਼ਾਰ ਰੁਪਏ ਪ੍ਰਾਪਤ ਕਰਕੇ ਕਰੋੜਾ ਰੁਪਏ ਦਾ ਵਪਾਰ ਕਰ ਰਹੀ ਹੈ. ਆਗੂਆਂ ਨੇ ਦਾਅਵਾ ਕੀਤਾ ਕਿ ਸੁੰਘਣ ਸ਼ਕਤੀ ਰਾਹੀ ਪੜ੍ਹ ਸਕਣ ਦਾ ਦਾਅਵਾ ਬਿਲਕੁੱਲ ਝੂਠਾ ਅਤੇ ਗੈਰ ਵਿਗਿਆਨਕ ਹੈ ਜਿਹੜਾ ਕਿ 17 ਜੂਨ ਨੂੰ ਹੋਣ ਵਾਲੀ ਪਰਖ਼ ਉਪਰੰਤ ਲੋਕਾਂ ਸਾਹਵੇਂ ਸਾਬਤ ਹੋ ਜਾਵੇਗਾ. ਤਰਕਸ਼ੀਲ ਆਗੂਆਂ ਨੇ ਪਰਖ਼ ਵਾਲੇ ਦਿਨ ਸਾਰੇ ਮਾਪਿਆਂ ਨੂੰ ਬਰੇਨ ਪੀਡੀਆ ਦੁਆਰਾ ਸਿਖਲਾਈ ਦੇ ਨਾਂ ਤੇ ਗੁਮਰਾਹ ਕੀਤੇ ਗਏ ਬੱਚਿਆਂ ਨੂੰ ਉੱਥੇ ਲਿਆਉਣ ਦੀ ਅਪੀਲ ਕਰਦਿਆਂ ਸੁੰਘਣ ਸ਼ਕਤੀ ਰਾਹੀ ਪੜ੍ਹਨ ਦੇ ਭੇਦ ਨੂੰ ਜਾਨਣ ਲਈ ਦੇਸ਼ ਭਗਤ ਹਾਲ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ. ਜਿਕਰਯੋਗ ਹੈ ਕਿ ਮਾਲਵੇ 'ਚ ਜ਼ੀਰੇ ਤੋਂ ਤਰਕਸ਼ੀਲਾਂ ਵੱਲੋਂ ਦਿੱਤੀ ਚੁਣੋਤੀ ਦੀ ਪਰਖ ਲਈ ਰਾਜ ਭਰ ਦੇ ਤਰਕਸ਼ੀਲਾਂ, ਚੇਤਨ ਲੋਕਾਂ ਤੇ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਦੀ ਮਾਤ ਵੇਖ਼ਣ ਵਾਲਿਆਂ 'ਚ 17 ਜੂਨ ਦੀ ਬੇਸਬਰੀ ਨਾਲ ਇੰਤਜਾਰ ਕੀਤੀ ਜਾ ਰਹੀ ਹੈ.