Hits: 1786

   ਤਰਕਸ਼ੀਲ ਸਾਹਿਤ ਵੈਨ ਨੇ ਪਿੰਡ-ਪਿੰਡ ਪਾਈ ਲੋਕਾਂ ਦੀ ਸਾਹਿਤ ਨਾਲ ਸਾਂਝ

* ਪੁਸਤਕਾਂ ਨਾਲ ਦੋਸਤੀ 'ਚ ਵੀ ਕੁੜੀਆਂ ਮੋਹਰੀ*

 ਮੁਕਤਸਰ, 2 ਫਰਵਰੀ (ਬੂਟਾ ਸਿੰਘ ਵਾਕਫ਼): ਪੁਸਤਕਾਂ ਨੂੰ ਲੋਕਾਂ ਦੇ ਦਰਾਂ ਤੱਕ ਪਹੁੰਚਾਉਣ ਲਈ ਤੁਰੀ ਤਰਕਸ਼ੀਲ ਸਾਹਿਤ ਵੈਨ ਨੇ ਆਪਣੇ ਪਹਿਲੇ ਸਾਲ ਦੇ ਸਫ਼ਰ 'ਚ ਬਾਲ ਮਨਾਂ ਨੂੰ ਤਾਂ ਟੁੰਬਿਆ ਹੀ ਹੈ, ਨਾਲ ਹੀ ਲੋਕਾਂ ਦੀ ਸਾਹਿਤ ਨਾਲ ਸਾਂਝ ਪਵਾ ਕੇ ਚੰਗੀਆਂ ਕਦਰਾਂ ਕੀਮਤਾਂ ਦੇ ਪਾਸਾਰ ਵਿੱਚ ਵੀ ਹਾਂ ਪੱਖੀ ਰੋਲ ਅਦਾ ਕੀਤਾ ਹੈ. ਵੈਨ

ਨੇ ਪੰਜਾਬੀ 'ਚ ਪਾਠਕਾਂ ਦੀ ਘਾਟ ਵਾਲੇ ਤੱਥ ਨੂੰ ਵੀ ਝੁਠਲਾਉਂਦਿਆਂ ਇਹ ਸਬਕ ਦਿੱਤਾ ਹੈ ਕਿ ਸੁਹਿਰਦ ਯਤਨਾਂ ਦੀ ਘਾਟ ਕਰਕੇ ਹੀ ਪਾਠਕ ਪੁਸਤਕਾਂ ਤੋਂ ਦੂਰ ਰਹਿੰਦੇ ਹਨ.' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਸੂਬਾਈ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਆਪਣੇ ਇੱਕ ਸਾਲ ਦੇ ਸਫ਼ਰ 'ਚ ਸਾਹਿਤ ਵੈਨ ਰਾਜ ਭਰ ਦੇ ਕੋਨੇ ਕੋਨੇ 'ਚ ਸਰਕਾਰੀ ਸਕੂਲਾਂ ਦੇ ਦੋ ਲੱਖ ਵਿਦਿਆਰਥੀਆਂ ਦੇ ਰੂਬਰੂ ਹੋਈ ਹੈ. ਸਕੂਲਾਂ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਹਿਯੋਗ ਗਿਣਨਯੋਗ ਰਿਹਾ ਹੈ. ਉਹਨਾਂ ਰਾਜ ਭਰ ਚੋਂ ਪੁਸਤਕਾਂ ਸਬੰਧੀ ਹੋਏ ਦਿਲਚਸਪ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪੁਸਤਕਾਂ ਦੀ ਖਰੀਦ ਕਰਨ ਵਿੱਚ ਵੀ ਲੜਕੀਆਂ ਮੋਹਰੀ ਹਨ ਕਿਉਂਕਿ ਸਾਹਿਤ ਵੈਨ 'ਚੋਂ ਖਰੀਦਿਆ ਗਿਆ ਸਾਹਿਤ 70 ਫੀਸਦੀ ਵਿਦਿਆਰਥਣਾਂ ਦੇ ਹੱਥਾਂ ਵਿੱਚ ਹੀ ਗਿਆ ਹੈ. ਵੈਨ ਨਾਲ ਤੁਰੇ ਕੁਲਵਕਤੀ ਕਾਮੇ ਜਸਵੀਰ ਸੋਨੀ ਦਾ ਕਹਿਣਾ ਸੀ ਕਿ ਪਿੰਡਾਂ ਦੇ ਮੇਲਿਆਂ, ਸੱਥਾਂ,  ਸਕੂਲਾਂ, ਸ਼ਹਿਰਾਂ ਦੀਆਂ ਪਾਰਕਾਂ ਤੇ ਪੰਜਾਬ ਦੇ ਇਤਿਹਾਸਕ ਮੇਲਿਆਂ ਦੇ ਵੱਡੇ ਇੱਕਠਾਂ ਵਿੱਚ  ਪੰਜਾਬੀਆਂ ਨੇ ਵੈਨ 'ਚੋਂ ਪੁਸਤਕਾਂ ਖਰੀਦਣ 'ਚ ਭਰਵੀਂ ਰੁਚੀ ਵਿਖਾਈ ਹੈ. ਸਕੂਲਾਂ 'ਚ ਹੁੰਦੇ ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਵੱਲੋ ਪੁੱਛੇ ਜਾਂਦੇ ਸਵਾਲ ਉਹਨਾਂ ਦੀ ਸਿਖਣ ਦੀ ਤਾਂਘ  ਤੇ ਪੁਸਤਕਾਂ ਨਾਲ ਦੋਸਤੀ ਪਾ ਕੇ ਜਿੰਦਗੀ ਦੇ ਰਾਹਾਂ ਤੇ ਸਾਬਤ ਕਦਮੀਂ ਤੁਰਨ ਦੀ ਇੱਛਾ ਨੂੰ ਦਰਸਾਉਂਦੇ ਹਨ. ਉਹਨਾਂ ਦੱਸਿਆ ਕਿ ਪਾਠਕ ਗਿਆਨ ਵਿਗਿਆਨ ਤੇ ਤਰਕਸ਼ੀਲ ਲਹਿਰ ਦੀਆਂ ‘‘..ਤੇ ਦੇਵ ਪੁਰਸ਼ ਹਾਰ ਗਏ, ਤੁਹਾਡੀ ਰਾਸ਼ੀ ਕੀ ਕਹਿੰਦੀਹੈ’ ਆਦਿ ਪੁਸਤਕਾਂ ਨੂੰ ਪਸੰਦ ਕਰਨ ਦੇ ਨਾਲ ਨਾਲ ਸੰਸਾਰ ਪੱਧਰ ਤੇ ਚਰਚਿਤ ਪੁਸਤਕਾਂ, ਨਾਵਲ ਤੇ ਵਾਰਤਕ ਦੀ ਵੀ ਮੰਗ ਕਰਦੇ ਹਨ. ਇਸੇ ਲਈ ਮੈਕਸਿਮ ਗੋਰਕੀ ਦਾ ਸੰਸਾਰ ਪ੍ਰਸਿੱਧ ਨਾਵਲ ‘‘ਮਾਂ’, ‘ਅਸਲੀ ਇਨਸਾਨ ਦੀ ਕਹਾਣੀ’, ਤਸਲੀਮਾ ਨਸਰੀਨ ਦਾ ਨਾਵਲ ‘ਲੱਜਾ’, ਗੁਆਂਢੀ ਮੁਲਕ ਦੀ ਜੁਝਾਰੂ ਔਰਤ ਮੁਖਤਾਰ ਮਾਈ ਦੀ ਜੀਵਨੀ ਪਾਠਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ. ਤਰਕਸ਼ੀਲ ਆਗੂਆਂ ਨੇ ਸਾਹਿਤ ਰਾਹੀਂ ਜਿੰਦਗੀ ਅਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਦੇ ਇਸ ਯਤਨ ਨੂੰ ਲਗਾਤਾਰ ਜਾਰੀ ਰੱਖਣ ਦਾ ਅਹਿਦ ਲਿਆ ਹੈ.