Hits: 1779

ਨਵੇਂ ਵਰ੍ਹੇ ਵਿੱਚ ਦੇਸ-ਵਾਸੀਆਂ ਦੀ ਸੋਚ ਨੂੰ ਵਿਗਿਆਨਿਕ ਬਣਾਉਣ ਦੀ ਜਰੂਰਤ: ਤਰਕਸ਼ੀਲ

ਖਰੜ, 29 ਦਸੰਬਰ (ਕੁਲਵਿੰਦਰ ਨਗਾਰੀ): ਹਰ ਨਵੇਂ ਸਾਲ ਮੌਕੇ ਵਿਕਸਿਤ ਮੁਲਕਾਂ ਦੇ ਲੋਕ ਨਵੀਆਂ ਮੰਜਿਲਾਂ ਤੈਅ ਕਰਨ ਦੇ ਸੰਕਲਪ ਲੈਂਦੇ ਹਨ ਅਤੇ ਉਹਨਾਂ ਦੇ ਵਿਗਿਆਨੀ  ਸਾਇੰਸ ਦੀ ਸਹਾਇਤਾ ਨਾਲ਼ ਦੂਜੇ ਗ੍ਰਹਿਆਂ ਉੱਤੇ ਬਸਤੀਆਂ ਵਸਾਉਣ ਦੀਆਂ ਵਿਊਤਾਂ ਬੁਣਨ ਵਿੱਚ ਲੱਗੇ ਹੋਏ ਹਨ. ਪਰ ਸਾਡੇ ਦੇਸ ਦੀ ਬਹੁ ਗਿਣਤੀ ਸੋਲ਼ਵੀਂ

ਸਦੀ ਵਾਲ਼ੇ ਮੱਧ-ਯੁੱਗੀ ਵਰਤਾਰਿਆਂ ਨੂੰ ਵੀ ਛੱਡਣ ਲਈ ਤਿਆਰ ਨਹੀਂ ਹੈ. ਅਸੀਂ ਹਰ ਸਾਲ ਵਧਾਈਆਂ ਤਾਂ ਆਉਣ ਵਾਲ਼ੇ ਨਵੇਂ ਸਾਲ ਦੀਆਂ ਦੇਈ ਜਾਂਦੇ ਹਾਂ ਪਰ ਸਦੀਆਂ ਪੁਰਾਣੀਆਂ ਰੂੜੀਵਾਦੀ ਧਾਰਨਾਵਾਂ ਨੂੰ ਵੀ ਆਪਣੀ ਰੋਜਾਨਾ ਜਿੰਦਗੀ ਦਾ ਹਿੱਸਾ ਬਣਾਈ ਰੱਖਦੇ ਹਾਂ. ਦੇਸਵਾਸੀਆਂ ਦਾ ਇਹ ਰੂਝਾਨ ਸਾਡੇ ਮੁਲਕ ਦੀ ਤਰੱਕੀ ਦੇ ਰਾਹ ਵਿੱਚ ਬਹੁਤ ਵੱਡਾ ਰੋੜਾ ਬਣਦਾ ਜਾ ਰਿਹਾ ਹੈ. ਇਹ ਵਿਚਾਰ ਲੋਕਾਂ ਨੂੰ ਨਵੇਂ ਸਾਲ ਦੀ ਆਮਦ ਮੌਕੇ ਪੁਰਾਣੀਆਂ ਪਿਰਤਾਂ ਨੂੰ ਤਿਆਗ ਕੇ ਨਵੀਂ ਸੋਚ ਅਪਣਾਉਣ ਦਾ ਸੱਦਾ ਦਿੰਦਿਆਂ, ਤਰਕਸ਼ੀਲ ਸੁਸਾਇਟੀ ਦੇ ਆਗੂਆਂ ਲੈਕਚਰਾਰ ਗੁਰਮੀਤ ਖਰੜ, ਕਰਮਜੀਤ ਸਕਰੁੱਲਾਂਪੁਰੀ, ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਸੁਜਾਨ ਬਡਾਲ਼ਾ ਨੇ ਇਕਾਈ ਖਰੜ੍ਹ ਦੀ ਮੀਟਿੰਗ ਦੌਰਾਨ ਪੇਸ਼ ਕੀਤੇ.

ਉਨ੍ਹਾਂ ਕਿਹਾ ਕਿ ਸਾਡੇ ਦੇਸ ਦੇ ਲੋਕਾਂ ਦੇ ਮਨਾਂ ਉਤੇ ਕਰਮ-ਕਾਂਡਾਂ ਦੀ ਪਕੜ ਇੰਨੀ ਗਹਿਰੀ ਹੈ ਕਿ ਚਾਹੇ ਸਾਡੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿੱਚ ਚੰਨ ਅਤੇ ਸੂਰਜ  ਗ੍ਰਹਿਣ ਲੱਗਣ ਦੇ ਕਾਰਨ ਵਿਸਥਾਰ-ਪੂਰਵਕ ਦਰਜ ਹਨ ਫਿਰ ਵੀ ਅਸੀਂ ਗ੍ਰਹਿਣ ਮੌਕੇ ਚੰਨ ਅਤੇ ਸੂਰਜ ਨੂੰ ਰਾਹੂ-ਕੇਤੂ ਦੇ ਚੰਗੁਲ ਵਿੱਚ ਫਸਿਆ ਸਮਝਕੇ ਦਾਨ-ਪੁੰਨ ਦੀ ਰਿਸ਼ਵਤ ਦੇ ਕੇ ਛੁਡਾਣ ਦੀ ਕੋਸ਼ਿਸ ਕਰਦੇ ਹਾਂ. ਅੱਜ ਜਦੋਂ ਵਿਗਿਆਨੀ ਮੌਤ ਨੂੰ ਜਿੱਤਣ ਦੀਆਂ ਤਰਕੀਬਾਂ ਲੱਭ ਰਹੇ ਹਨ ਜਿਸ ਦੇ ਸਿੱਟੇ ਵਜੋਂ ਮਨੁੱਖ ਦੀ ਔਸਤ ਉਮਰ ਵਿੱਚ ਵਾਧਾ ਵੀ ਹੋਇਆ ਹੈ ਪਰ ਅਸੀਂ ਮੁਰਦਿਆਂ ਦੀ ਮੜ੍ਹੀਆਂ ਨੂੰ ਪੂਜਣ ਵਿੱਚ ਹੀ ਆਪਣਾ ਸਮਾਂ ਬਰਬਾਦ ਕਰੀ ਜਾ ਰਹੇ ਹਾਂ.

ਤਰਕਸ਼ੀਲਾਂ ਨੇ ਕਿਹਾ ਕਿ ਸਾਡੇ ਦੇਸ ਦੇ ਅਖੌਤੀ ਸੰਤ-ਮਹਾਤਮਾਂ ਦਿਨੋ-ਦਿਨ ਅਮੀਰ ਹੋਈ ਜਾ ਰਹੇ ਹਨ ਅਤੇ ਜੋ ਗਰੀਬ ਲੋਕ ਸੰਤਾਂ ਦਾ ਆਸਰਾ ਭਾਲ਼ਦੇ ਹਨ ਉਹ ਦਿਨੋ-ਦਿਨ ਗਰੀਬ ਹੋਈ ਜਾ ਰਹੇ ਹਨ. ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ?  ਕਿਵੇਂ ਹੋ ਰਿਹਾ ਹੈ? ਕੌਣ ਇਸ ਲਈ ਜਿੰਮੇਵਾਰ ਹੈ? ਕਿਵੇਂ ਇਸ ਸਭ ਕਾਸੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਆਓ ਨਵੇਂ ਸਾਲ ਮੌਕੇ ਇਹਨਾਂ ਸਵਾਲਾਂ ਉੱਤੇ ਚਰਚਾ ਛੇੜੀਏ ਅਤੇ 2015 ਵਿੱਚ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦਾ ਸੰਕਲਪ ਲਈਏ.