ਨੱਕ ਨਾਲ਼ ਸੁੰਘਕੇ ਪੜ੍ਹਨ ਦੇ ਦਾਅਵੇਦਾਰਾਂ ਨੂੰ ਤਰਕਸ਼ੀਲਾਂ ਨੇ ਦਿੱਤੀ ਦੁਣੌਤੀ

ਖਰੜ, 22 ਜੂਨ 2019 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਆਗੂਆਂ ਦੀ ਹੋਈ ਵਿਸ਼ੇਸ ਮੀਟਿੰਗ ਵਿੱਚ ਫਾਜ਼ਿਲਕਾ ਦੇ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ 'ਆਰਟ-ਆਫ-ਲੀਵਿੰਗ' ਨਾਮੀ ਸੰਸਥਾ ਵੱਲੋਂ ਯੋਗਾ ਕੈਂਪ ਦੌਰਾਨ ਅੱਖਾਂ 'ਤੇ ਪੱਟੀ ਬੰਨ੍ਹਕੇ ਸੁੰਘਣ-ਸ਼ਕਤੀ ਰਾਹੀਂ ਪੜ੍ਹਨ

ਦਾ ਵਿਖਾਵਾ ਕਰਨ ਦਾ ਨੋਟਿਸ ਲਿਆ. ਇਸ ਮੌਕੇ ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲਾਂ ਵਿੱਚ ਲੱਗਣ ਵਾਲੇ ਸਮਰ ਕੈਂਪਾਂ ਦੌਰਾਨ ਬ੍ਰੇਨਪੀਡੀਆ ਅਤੇ ਇਸ ਵਰਗੇ ਹੋਰ ਗਰੁੱਪ ਬੱਚਿਆਂ ਦਾ ਦਿਮਾਗ ਤੇਜ਼ ਕਰਨ ਦੇ ਦਾਅਵੇ ਕਰ ਰਹੇ ਹਨ. ਜੋਕਿ ਗੈਰ-ਵਿਗਿਆਨਿਕ ਅਤੇ ਝੂਠ-ਫਰੇਬ ਤੋਂ ਸਿਵਾ ਕੁਝ ਵੀ ਨਹੀਂ ਹੈ. ਪਿਛਲੇ ਸਮੇਂ ਉਕਲਾਣਾ, ਮੰਡੀ ਡੱਬਵਾਲ਼ੀ, ਅਤੇ ਪਿਛਲੇ ਸਾਲ ਜੁਲਾਈ ਵਿੱਚ ਪਟਿਆਲਾ ਅਤੇ ਹੋਰ ਥਾਵਾਂ 'ਤੇ ਬ੍ਰੇਨਪੀਡੀਆ ਦੇ ਦਾਵਿਆਂ ਦਾ ਤਰਕਸ਼ੀਲਾਂ ਵੱਲੋਂ ਪਰਦਾਫਾਸ਼ ਕੀਤਾ ਸੀ.

ਮੀਟਿੰਗ ਦੌਰਾਨ ਹਾਜਰ ਪ੍ਰਿੰਸੀਪਲ ਗੁਰਮੀਤ ਖਰੜ ਨੇ ਦੱਸਿਆ ਕਿ ਬ੍ਰੇਨਪੀਡੀਆ ਅਤੇ ਇਸ ਵਰਗੀਆਂ ਹੋਰ ਸੰਸਥਾਵਾਂ ਵੱਲੋਂ ਅੱਖਾਂ 'ਤੇ ਪੱਟੀ ਬੰਨ੍ਹਕੇ ਨੱਕ ਰਾਹੀਂ ਸੁੰਘਕੇ ਪੜ੍ਹਨ ਦਾ ਦਾਅਵਾ ਮਹਿਜ ਪ੍ਰਚਾਰ ਦਾ ਸਟੰਟ ਹੈ ਜੋਕਿ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਨਾਂ 'ਤੇ ਮਾਪਿਆਂ ਨੂੰ ਗੁੰਮਰਾਹ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ. ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਨੱਕ ਨਾਲ਼ ਸੁੰਘਕੇ ਪੜ੍ਹਨਾ ਸੰਭਵ ਹੀ ਨਹੀਂ ਹੈ ਇਸ ਕਰਕੇ ਇਹੋ ਜਿਹੇ ਲੋਕਾਂ ਦੇ ਧੋਖੇ ਵਿੱਚ ਨਾ ਆਉਣ. ਇਸ ਮੌਕੇ ਇਕਾਈ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਨੱਕ ਨਾਲ਼ ਸੁੰਘਕੇ ਪੜ੍ਹਨ ਦੇ ਦਾਅਵੇਦਾਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਿਹੜੀ ਵੀ ਸੰਸਥਾ ਜਾਂ ਵਿਆਕਤੀ ਗੈਰ-ਵਿਗਿਆਨਿਕ ਤਰੀਕਿਆਂ ਰਾਹੀਂ ਬੱਚਿਆਂ ਦਾ ਮਾਨਸਿਕ ਵਿਕਾਸ ਕਰਨ ਦਾ ਗੁੰਮਰਾਹ ਕੁੰਨ ਪ੍ਰਚਾਰ ਕਰਦੀ ਹੈ. ਤਰਕਸ਼ੀਲ ਸੁਸਾਇਟੀ ਪੰਜਾਬ ਉਨਾਂ ਨੂੰ ਲੋਕਾਂ ਦੇ ਇਕੱਠ ਵਿੱਚ ਆਪਣੀ ਗੱਲ ਸਾਬਤ ਕਰਕੇ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਦਿੰਦੀ ਹੈ. ਉਨਾਂ ਦੱਸਿਆ ਕਿ ਜੂਨ 2015 ਵਿੱਚ ਬ੍ਰੇਨਪੀਡੀਆ ਅਤੇ ਤਰਕਸ਼ੀਲਾਂ ਦਰਮਿਆਨ ਲੱਗੀ ਸ਼ਰਤ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲੋਕਾਂ ਦੇ ਸਾਮ੍ਹਣੇ ਬ੍ਰੇਨਪੀਡੀਆ ਹਾਰ ਮੰਨ ਚੁੱਕੀ ਹੈ.

ਮੀਟਿੰਗ ਵਿੱਚ ਸ਼ਾਮਿਲ ਤਰਕਸ਼ੀਲ ਆਗੂਆਂ ਜਰਨੈਲ ਸਹੌੜਾਂ ਅਤੇ ਸੁਜਾਨ ਬਡਾਲ਼ਾ ਨੇ ਕਿਹਾ ਕਿ ਫਾਜ਼ਿਲਕਾ ਦੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਨੱਕ ਰਾਹੀਂ ਸੁੰਘਕੇ ਪੜ੍ਹਨ ਦਾ ਗੈਰ-ਵਿਗਿਆਨਿਕ ਪ੍ਰਚਾਰ ਭਾਰਤੀ ਸੰਵਿਧਾਨ ਦੇ 'ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਪ੍ਰਫੁੱਲਿਤ ਕਰਨ' ਦੇ ਨਿਰਦੇਸ਼ ਨੂੰ ਨਜ਼ਰਅੰਦਾਜ਼ ਕਰਕੇ ਕੀਤਾ ਗਿਆ ਹੈ. ਮੀਟਿੰਗ ਦੌਰਾਨ ਤਰਕਸ਼ੀਲਾਂ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅੰਧਵਿਸ਼ਵਾਸੀ ਪਹੁੰਚ ਨੂੰ ਉਤਸ਼ਾਹਿਤ ਕਰਨ ਦੀ ਬਜਾਇ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਉਭਾਰਨ ਦੀ ਅਪੀਲ ਵੀ ਕੀਤੀ.