Hits: 2576

ਤਰਕਸ਼ੀਲਤਾ ਸੁਖਾਵੀਂ ਜ਼ਿੰਦਗੀ ਤੇ ਸਮਾਜ ਲਈ ਲਾਜ਼ਮ ਸ਼ਰਤ: ਡਾ. ਦੀਪਤੀ

ਸੂਬਾ ਡੈਲੀਗੇਟ ਇਜਲਾਸ ਨੇ ਚੁਣੇ 10 ਵਿਭਾਗਾਂ ਦੇ ਮੁਖੀ

ਬਰਨਾਲਾ, 27 ਮਈ (ਅਜਾਇਬ ਜਲਾਲੇਆਣਾ): ਅਗਿਆਨਤਾ ਤੇ ਅੰਧਵਿਸ਼ਵਾਸਾਂ ਨੂੰ ਮਾਤ ਦੇਣ ਲਈ ਤਰਕਸ਼ੀਲ ਚੇਤਨਾ ਦਾ ਪਸਾਰ ਸਮੇਂ ਦੀ ਲੋੜ ਹੈ ਕਿਉਂਕਿ ਤਰਕਸ਼ੀਲਤਾ ਸੁਖਾਵੀਂ ਜ਼ਿੰਦਗੀ ਤੇ ਸਮਾਜ ਲਈ ਲਾਜ਼ਮ ਸ਼ਰਤ ਹੈ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਲੇਖਕ ਡਾ. ਸ਼ਿਆਮ ਸੁੰਦਰ ਦੀਪਤੀ ਨੇ ਸਥਾਨਕ

ਤਰਕਸ਼ੀਲ ਭਵਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਡੈਲੀਗੇਟ ਇਜਲਾਸ ਵਿੱਚ ਰਾਜ ਭਰ ਤੋਂ ਆਏ ਤਰਕਸ਼ੀਲਾਂ ਨੂੰ ਸੰਬੋਧਨ ਕਰਦਿਆਂ ਕੀਤਾ. ਉਹਨਾਂ ਆਖਿਆ ਕਿ ਤਰਕਸ਼ੀਲਤਾ ਇੱਕ ਵਿਚਾਰਧਾਰਾ ਦੇ ਨਾਲ ਨਾਲ ਜ਼ਿੰਦਗੀ ਵਿੱਚ ਜੀਵਨ ਜਾਂਚ ਦੇ ਤੌਰ ਤੇ ਲਾਗੂ ਹੋਣੀ ਚਾਹੀਦੀ ਹੈ, ਤਾਂ ਜੋ ਮੁਸ਼ਕਲਾਂ ਨੂੰ ਮਾਤ ਦਿੱਤੀ ਜਾ ਸਕੇ. ਇਸ ਡੈਲੀਗੇਟ ਇਜਲਾਸ ਵਿੱਚ ਰਾਜ ਭਰ ਤੋਂ 75 ਤਰਕਸ਼ੀਲ ਇਕਾਈਆਂ ਦੇ 149 ਡੈਲੀਗੇਟ ਤੇ 67 ਦਰਸ਼ਕ ਸ਼ਾਮਲ ਹੋਏ. ਇਜਲਾਸ ਦੇ ਪਹਿਲੇ ਸ਼ੈਸ਼ਨ ਵਿੱਚ 10 ਜ਼ੋਨਾਂ ਦੇ ਆਗੂਆਂ ਨੇ ਪਿਛਲੇ ਸ਼ੈਸ਼ਨ ਵਿੱਚ ਵੱਖ ਵੱਖ ਵਿਭਾਗਾਂ ਦੀ ਕਾਰੁਜ਼ਗਾਰੀ ਤੇ ਚਰਚਾ ਕਰਦਿਆਂ ਆਉਣ ਵਾਲੇ ਸਮੇਂ ਦੀ ਉਲੀਕੀ ਕਾਰਜ ਵਿਉਂਤ ਬਾਰੇ ਵਿਚਾਰ ਪ੍ਰਗਟਾਏ. ਤਰਕਸ਼ੀਲ ਆਗੂਆਂ ਨੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ਲਈ ਤਰਕਸ਼ੀਲ ਸਾਹਿਤ, ਮੈਗਜ਼ੀਨ, ਸਾਹਿਤ ਵੈਨ ਤੇ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦੇ ਕਾਰਜਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਇਹਨਾਂ ਯਤਨਾਂ ਨੂੰ ਲਗਾਤਾਰ ਜਾਰੀ ਰੱਖਣ ਦੀ ਹਾਮੀ ਭਰੀ. ਆਗੂਆਂ ਨੇ ਅੰਧਵਿਸ਼ਵਾਸਾਂ, ਕਰਮ ਕਾਂਡਾਂ ਤੇ ਜਾਦੂ-ਜੋਤਿਸ਼ ਦੇ ਸਫ਼ਾਏ ਦੇ ਨਾਲ ਨਾਲ ਫਿਰਕਾਪ੍ਰਸਤੀ, ਫਾਸ਼ੀਵਾਦ, ਜਾਤੀਵਾਦ ਜਿਹੇ ਭਖਵੇਂ ਮੁੱਦਿਆਂ ਤੇ ਸਰਗਰਮੀ ਕਰਦੇ ਰਹਿਣ ਦਾ ਮੁੱਦਾ ਚਰਚਾ ਵਿੱਚ ਲਿਆਂਦਾ. ਤਰਕਸ਼ੀਲਾਂ ਨੇ ਮੀਡੀਆ ਰਾਹੀਂ ਅੰਧਵਿਸ਼ਵਾਸਾਂ ਦੇ ਕੂੜ ਪ੍ਰਚਾਰ ਦਾ ਨੋਟਿਸ ਲੈਂਦਿਆਂ ਪੰਜਾਬ ਵਿੱਚ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਪਾਸ ਕਰਵਾਉਣ ਲਈ ਸੁਹਿਰਦ ਯਤਨ ਜੁਟਾਉਣ ਦਾ ਅਹਿਦ ਲਿਆ. ਪਹਿਲੇ ਸ਼ੈਸ਼ਨ ਦੀ ਸਮਾਪਤੀ ਤੇ ਸਾਰੇ ਵਿਭਾਗਾਂ ਦੇ ਮੁਖੀਆਂ ਨੇ ਡੈਲੀਗੇਟਾਂ ਵੱਲੋਂ ਉਠਾਏ ਸੁਆਲਾਂ, ਮੁੱਦਿਆਂ ਤੇ ਆਪਣੇ ਵਿਚਾਰ ਰੱਖੇ. ਅਗਲੇ ਸ਼ੈਸ਼ਨ ਵਿੱਚ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਇਜਲਾਸ ਨੇ ਰਾਜਿੰਦਰ ਭਦੌੜ ਨੂੰ ਸੂਬਾ ਜਥੇਬੰਦਕ ਮੁਖੀ, ਹੇਮ ਰਾਜ ਸਟੈਨੋ ਨੂੰ ਵਿੱਤ ਵਿਭਾਗ ਮੁਖੀ, ਬਲਬੀਰ ਚੰਦ ਲੌਂਗੋਵਾਲ ਨੂੰ ਮੁੱਖ ਸੰਪਾਦਕ ਤਰਕਸ਼ੀਲ ਮੈਗਜ਼ੀਨ, ਅਜੀਤ ਪ੍ਰਦੇਸੀ ਨੂੰ ਮਾਨਸਿਕ ਸਿਹਤ ਵਿਭਾਗ ਮੁਖੀ, ਐਡਵੋਕੇਟ ਹਰਿੰਦਰ ਲਾਲੀ ਨੂੰ ਕਾਨੂੰਨ ਵਿਭਾਗ ਮੁਖੀ, ਸੁਖਵਿੰਦਰ ਬਾਗਪੁਰ ਨੂੰ ਪ੍ਰਿੰਟਿੰਗ ਵਿਭਾਗ ਮੁਖੀ, ਅਜਾਇਬ ਜਲਾਲੇਆਣਾ ਨੂੰ ਮੀਡੀਆ ਵਿਭਾਗ ਮੁਖੀ, ਹਰਚੰਦ ਭਿੰਡਰ ਨੂੰ ਕੌਮੀ ਕੌਮਾਂਤਰੀ ਤਾਲਮੇਲ ਵਿਭਾਗ ਮੁਖੀ ਤੇ ਰਾਮ ਸਵਰਨ ਲੱਖੇਵਾਲੀ ਨੂੰ ਸਾਹਿਤ ਵਿਭਾਗ ਮੁਖੀ ਚੁਣਿਆ ਗਿਆ. ਇਜਲਾਸ ਵਿਚ ਬੋਲਦਿਆਂ ਤਰਕਸ਼ੀਲ ਆਗੂਆਂ ਨੇ ਸਿੱਖਿਆ ਵਿੱਚ ਅੰਧ-ਸ਼ਰਧਾ ਨੂੰ ਸਥਾਨ ਦੇਣ ਤੇ ਸੰਵਿਧਾਨਿਕ ਅਹੁਦਿਆਂ ਤੇ ਬੈਠੇ ਰਾਜਨੀਤੀਵਾਨਾਂ ਵੱਲੋਂ ਗੈਰ ਵਿਗਿਆਨਕ ਧਾਰਨਾਵਾਂ ਫੈਲਾਉਣ ਦਾ ਤਿੱਖਾ ਨੋਟਿਸ ਲੈਂਦਿਆਂ ਹਰ ਪੱਧਰ ਤੇ ਤਰਕਸ਼ੀਲ ਵਿਚਾਰਾਂ ਦੇ ਪਸਾਰ ਲਈ ਸਰਗਰਮ ਹੋਣ ਦੀ ਲੋੜ ਤੇ ਜ਼ੋਰ ਦਿੱਤਾ. ਇਜਲਾਸ ਵਿੱਚ ਹੋਈ ਚਰਚਾ ਤੇ ਸੁਖਾਵੀਂ ਬਹਿਸ ਵਿੱਚ ਹੋਰਨਾਂ ਤੋਂ ਇਲਾਵਾ ਰਾਜਪਾਲ ਸਿੰਘ, ਜਿੰਦ ਬਾਗਪੁਰ, ਜਸਵੰਤ ਮੁਹਾਲੀ, ਜਰਨੈਲ ਕ੍ਰਾਂਤੀ, ਸੁਖਦੇਵ ਫਗਵਾੜਾ, ਗੁਰਪ੍ਰੀਤ ਸ਼ਹਿਣਾ, ਰਾਮ ਸਿੰਘ ਨਿਰਮਾਣ, ਸੁਰਿੰਦਰ ਰਾਮਪੁਰਾ, ਓਮ ਪ੍ਰਕਾਸ਼ ਲਾਧੂਕਾ, ਰਤਨ ਮੂਣਕ, ਸੁਖਦੇਵ ਧੂਰੀ ਆਦਿ ਆਗੂਆਂ ਨੇ ਭਾਗ ਲਿਆ.